ਪੀ. ਜੀ. : ਬਹੁਤਿਆਂ ਦਾ ਰਿਕਾਰਡ ਨਾ ''ਗਮਾਡਾ'' ਤੇ ਨਾ ਹੀ ਪੁਲਸ ਕੋਲ

03/28/2018 12:36:02 PM

ਮੋਹਾਲੀ (ਰਾਣਾ) : ਜੇਕਰ ਸ਼ਹਿਰ ਵਿਚ ਨਜ਼ਰ ਮਾਰੀ ਜਾਵੇਂ ਤਾਂ ਜ਼ਿਆਦਾਤਰ ਘਰਾਂ ਵਿਚ ਪੀ. ਜੀ. ਹੀ ਦਿਖਾਈ ਦੇਣਗੇ। ਉਨ੍ਹਾਂ 'ਚੋਂ ਜ਼ਿਆਦਾਤਰ ਅੰਕੜਾ ਉਨ੍ਹਾਂ ਪੀ. ਜੀ. ਦਾ ਹੋਵੇਗਾ, ਜਿਨ੍ਹਾਂ ਦਾ ਰਿਕਾਰਡ ਨਾ ਤਾਂ ਗਮਾਡਾ ਕੋਲ ਹੈ ਤੇ ਨਾ ਹੀ ਪੁਲਸ ਕੋਲ, ਜਦੋਂ ਕਿ ਪੀ. ਜੀ. ਵੱਲੋਂ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਤੱਕ ਦਿੱਤਾ ਜਾ ਚੁੱਕਾ ਹੈ, ਫਿਰ ਵੀ ਪੁਲਸ ਹੱਥ 'ਤੇ ਹੱਥ ਧਰ ਕੇ ਬੈਠੀ ਹੈ। ਲੋਕਾਂ ਨੇ ਘਰਾਂ ਵਿਚ ਪੀ. ਜੀ. ਰੱਖ ਕੇ ਇਕ ਬਿਜ਼ਨੈੱਸ ਬਣਾ ਲਿਆ ਹੈ, ਜਦੋਂ ਕਿ ਪੀ. ਜੀ. ਤੇ ਕਿਰਾਏਦਾਰ ਰੱਖਣ ਤੋਂ ਪਹਿਲਾਂ ਪੁਲਸ ਨੂੰ ਵੀ ਇਸ ਸਬੰਧੀ ਦਰਜ ਕਰਵਾਉਣਾ ਪੈਂਦਾ ਹੈ। ਨਾਲ ਹੀ ਪੀ. ਜੀ. ਰੱਖਣ ਦੇ ਕੁਝ ਨਿਯਮ ਹਨ ਜੋ ਘੱਟ ਹੀ ਲੋਕ ਪੂਰੇ ਕਰਦੇ ਹੈ ਪਰ ਇਨ੍ਹਾਂ ਲੋਕਾਂ 'ਤੇ ਪੁਲਸ ਦਿਆਲੂ ਰਹਿੰਦੀ ਹੈ, ਜਿਸ ਕਾਰਨ ਗਮਾਡਾ ਵੱਲੋਂ ਸ਼ਹਿਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਪੀ. ਜੀ. 'ਤੇ ਸ਼ਿਕੰਜਾ ਕੱਸਣ ਲਈ ਇਕ ਸਰਵੇ ਵੀ ਕਰਵਾਇਆ ਜਾ ਚੁੱਕਾ ਹੈ ਪਰ ਫਿਰ ਵੀ ਅਜੇ ਤੱਕ ਸ਼ਹਿਰ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪੀ. ਜੀ. ਤੇ ਮਕਾਨ ਮਾਲਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਨਿਯਮ ਵੀ ਦਰਕਿਨਾਰ
ਗਮਾਡਾ ਵੱਲੋਂ ਮਾਲਕ ਤੇ ਪੀ. ਜੀ. ਸਬੰਧੀ ਕਾਫ਼ੀ ਨਿਯਮ ਬਣਾਏ ਗਏ ਹਨ, ਜਿਨ੍ਹਾਂ ਵਿਚ ਪੀ. ਜੀ. ਮਾਲਕ ਨੂੰ ਆਪਣੇ ਇੱਥੇ ਰਹਿਣ ਵਾਲੇ ਪੀ. ਜੀ. ਦਾ ਹਾਲ ਤੇ ਉਨ੍ਹਾਂ ਤੋਂ ਲਏ ਜਾਣ ਵਾਲੇ ਚਾਰਜਿਸ ਪੀ. ਜੀ. ਹਾਉੂਸ ਵਿਚ ਡਿਸਪਲੇਅ ਕਰਨੇ ਹੋਣਗੇ। ਨਾਲ ਹੀ ਪੀ. ਜੀ. ਸਬੰਧੀ ਜਾਣਕਾਰੀ ਇਲਾਕੇ ਦੇ ਥਾਣੇ ਵਿਚ 3 ਦਿਨਾਂ ਵਿਚ ਦੇਣੀ ਹੋਵੇਗੀ।
ਪੀ. ਜੀ. ਰੱਖਣ ਵਾਲਿਆਂ ਲਈ ਹਨ ਇਹ ਸ਼ਰਤਾਂ
ਪੀ. ਜੀ. ਖੋਲ੍ਹਣ ਲਈ ਮਕਾਨ ਮਾਲਕ ਨੂੰ ਗਮਾਡਾ ਕੋਲ ਰਜਿਸਟਰਡ ਹੋਣਾ ਪਵੇਗਾ। ਇਸ ਦੇ ਲਈ ਉਸ ਨੂੰ 10 ਹਜ਼ਾਰ ਦਾ ਡਿਮਾਂਡ ਡਰਾਫਟ ਬਣਾ ਕੇ ਗਮਾਡਾ ਨੂੰ ਭੇਜਣਾ ਹੋਵੇਗਾ। ਇਸ ਤੋਂ ਬਾਅਦ ਗਮਾਡਾ ਵੱਲੋਂ 3 ਸਾਲ ਲਈ ਉਸ ਨੂੰ ਇਜਾਜ਼ਤ ਦਿੱਤੀ ਜਾਵੇਗੀ। 3 ਸਾਲਾਂ ਬਾਅਦ ਇਹ ਪ੍ਰਮਿਸ਼ਨ ਰੀਨਿਊ ਹੋਵੇਗੀ, ਇਸ ਤੋਂ ਇਲਾਵਾ ਪੀ. ਜੀ. ਮਾਲਕ ਨੂੰ ਉਸ ਇਲਾਕੇ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਤੋਂ 'ਨੋ ਆਬਜੈਕਸ਼ਨ ਸਰਟੀਫਿਕੇਟ' ਲੈਣਾ ਹੋਵੇਗਾ। ਜੇਕਰ ਕਿਤੇ ਰੈਜ਼ੀਡੈਂਟ ਵੈੱਲਫੇਅਰ ਸੰਸਥਾ ਨਹੀਂ ਹੈ ਤਾਂ ਗੁਆਂਢੀਆਂ ਤੋਂ ਇਜਾਜ਼ਤ ਲੈਣੀ ਹੋਵੇਗੀ। ਇਸ ਤੋਂ ਇਲਾਵਾ ਪੀ. ਜੀ. ਹਾਉੂਸ ਵਿਚ ਕਿਸੇ ਤਰ੍ਹਾਂ ਦਾ ਕੋਈ ਫਰੰਟ ਦਫਤਰ ਨਹੀਂ ਬਣੇਗਾ। ਨਿਯਮ ਟੁੱਟਣ 'ਤੇ ਗਮਾਡਾ ਵੱਲੋਂ ਕਾਰਵਾਈ ਕਰਨ ਦਾ ਵੀ ਨਿਯਮ ਹੈ। ਇਸ ਦੇ ਨਾਲ ਹੀ ਜੇਕਰ ਪੀ. ਜੀ. ਖਿਲਾਫ ਇਕ ਵੀ ਅਪਰਾਧਿਕ ਕੇਸ ਦਰਜ ਹੈ ਤਾਂ ਉਸ ਨੂੰ ਪੀ. ਜੀ. ਵਿਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ।
25 ਪੀ. ਜੀ. ਹੀ ਰਜਿਸਟਰਡ
ਸ਼ਹਿਰ ਵਿਚ ਜ਼ਿਆਦਾਤਰ ਪੀ. ਜੀ. ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੇ ਹਨ ਕਿਉਂਕਿ ਸੂਤਰ ਦੱਸਦੇ ਹਨ ਕਿ ਸ਼ਹਿਰ ਵਿਚ 25 ਪੀ. ਜੀ. ਹੀ ਰਜਿਸਟਰਡ ਹਨ। ਉਥੇ ਹੀ, ਇਸ ਕਾਰਨ ਆਏ ਦਿਨ ਰਿਹਾਇਸ਼ੀ ਇਲਾਕੀਆਂ ਵਿਚ ਹੰਗਾਮਾ ਹੁੰਦਾ ਹੈ। ਨਾਲ ਹੀ ਪਾਰਕਿੰਗ ਸਬੰਧੀ ਵਿਵਾਦ ਹੁੰਦੇ ਹਨ। ਇੰਨਾ ਹੀ ਨਹੀਂ ਇਸ ਕਾਰਨ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਵੀ ਵਧ ਰਹੀਆਂ ਹਨ। ਗਮਾਡਾ ਨੇ ਆਪਣੀ ਪੀ. ਜੀ. ਪਾਲਸੀ ਵਿਚ ਕੁਝ ਸਮਾਂ ਬਦਲਾਅ ਕੀਤਾ ਸੀ। ਇਸ ਦੇ ਮੁਤਾਬਕ ਸ਼ਹਿਰ ਵਿਚ ਸਾਢੇ 7 ਮਰਲੇ ਤੋਂ ਛੋਟੇ ਘਰਾਂ ਵਿਚ ਪੀ. ਜੀ. ਨਹੀਂ ਖੁੱਲ ਸਕਣਗੇ। ਪੀ. ਜੀ. ਮਾਲਕ ਨੂੰ ਹੀ ਪੀ. ਜੀ. ਦੇ ਵਾਹਨਾਂ ਦੀ ਪਾਰਕਿੰਗ ਦਾ ਇੰਤਜ਼ਾਮ ਕਰਨਾ ਹੋਵੇਗਾ। ਇਹ ਸੋਧਾਂ ਗਮਾਡਾ ਨੇ ਚੰਡੀਗੜ੍ਹ ਦੀ ਤਰਜ਼ 'ਤੇ ਕੀਤੀਆਂ ਹਨ । ਪੀ. ਜੀ. ਹਾਉੂਸ ਨੂੰ ਵਧੀਆ ਤਰੀਕੇ ਨਾਲ ਸਾਫ ਰੱਖਣ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੋਵੇਗੀ ।  ਗਮਾਡਾ ਨੇ ਸਪਸ਼ਟ ਕੀਤਾ ਹੈ ਕਿ ਪੀ. ਜੀ. ਹਾਉੂਸ ਵਿਚ 150 ਵਰਗ ਗਜ਼ ਘੱਟ ਤੋਂ ਘੱਟ ਜਗ੍ਹਾ ਹੋਣੀ ਚਾਹੀਦੀ ਹੈ। ਨਾਲ ਹੀ ਪਬਲਿਕ ਹੈਲਥ ਡਿਪਾਰਟਮੈਂਟ ਦੀਆਂ ਗਾਈਡ ਲਾਈਨਜ਼ ਮੁਤਾਬਕ ਬਾਥਰੂਮ ਦਾ ਇੰਤਜ਼ਾਮ ਕਰਨਾ ਹੋਵੇਗਾ ਤੇ ਪੰਜ ਵਿਅਕਤੀਆਂ ਪਿੱਛੇ ਇਕ ਬਾਥਰੂਮ ਰਹੇਗਾ।

 


Related News