ਪੈਟਰੋਲ ਪੰਪ ''ਤੇ ਹੰਗਾਮਾ, ਮਾਮਲਾ ਪੁੱਜਾ ਥਾਣੇ

04/11/2018 7:20:09 AM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਸ਼ਹਿਰ ਵਿਚ ਸਥਿਤ ਇਕ ਪੈਟਰੋਲ ਪੰਪ 'ਤੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਇਕ ਨੌਜਵਾਨ ਨੇ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਉਸ ਨੇ ਉਕਤ ਪੈਟਰੋਲ ਪੰਪ ਤੋਂ ਆਪਣੀ ਕਾਰ 'ਚ ਡੀਜ਼ਲ ਪੁਆਇਆ ਸੀ ਪਰ ਪੰਪ ਦੇ ਕਰਿੰਦੇ ਵੱਲੋਂ ਕਾਰ 'ਚ ਡੀਜ਼ਲ ਪਾਇਆ ਹੀ ਨਹੀਂ ਗਿਆ। ਇਸ ਗੱਲ 'ਤੇ ਹੰਗਾਮਾ ਖੜ੍ਹਾ ਹੋ ਗਿਆ, ਜਿਸ ਦੀ ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ 'ਚ ਪੁਲਸ ਫੋਰਸ ਮੌਕੇ 'ਤੇ ਪੁੱਜੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਹਰਸ਼ ਨਾਲ ਪੈਟਰੋਲ ਪੰਪ 'ਤੇ 500 ਰੁਪਏ ਦਾ ਡੀਜ਼ਲ ਪੁਆਇਆ ਸੀ। ਡੀਜ਼ਲ ਪੁਆਉਣ ਤੋਂ ਬਾਅਦ ਜਦੋਂ ਉਹ ਪੈਟਰੋਲ ਪੰਪ ਤੋਂ ਰਵਾਨਾ ਹੋਇਆ ਤਾਂ ਕਾਰ ਦੀ ਤੇਲ ਵਾਲੀ ਸੂਈ ਉਥੇ ਹੀ ਖੜ੍ਹੀ ਰਹੀ। ਉਹ ਮੁੜ ਤੋਂ ਪੈਟਰੋਲ ਪੰਪ 'ਤੇ ਆ ਗਿਆ ਅਤੇ ਇਸ ਸਬੰਧੀ ਪੰਪ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਪੰਪ ਦਾ ਇਕ ਕਰਿੰਦਾ ਉਸ ਨਾਲ ਗੈਰੇਜ 'ਚ ਇਹ ਕਹਿ ਕੇ ਚਲਾ ਗਿਆ ਕਿ ਤੁਸੀਂ ਗੈਰੇਜ 'ਚ ਤੇਲ ਕਢਵਾ ਕੇ ਦੇਖ ਲਵੋ, ਤੁਹਾਡੀ ਕਾਰ 'ਚੋਂ ਤੇਲ ਪੂਰਾ ਨਿਕਲੇਗਾ। ਜਦੋਂ ਗੈਰੇਜ 'ਚ ਤੇਲ ਕਢਵਾ ਕੇ ਵੇਖਿਆ ਗਿਆ ਤਾਂ ਉਸ ਵਿਚੋਂ ਸਿਰਫ 4 ਲੀਟਰ ਹੀ ਤੇਲ ਨਿਕਲਿਆ। ਜਦੋਂਕਿ 500 ਰੁਪਏ ਦਾ ਲਗਭਗ 8 ਲੀਟਰ ਤੇਲ ਪੈ ਜਾਂਦਾ ਹੈ। ਇੰਨਾ ਤੇਲ ਤਾਂ ਕਾਰ 'ਚ ਪਹਿਲਾਂ ਹੀ ਮੌਜੂਦ ਸੀ। ਸਾਡੇ ਵੱਲੋਂ ਪਾਇਆ ਗਿਐ ਪੂਰਾ ਡੀਜ਼ਲ : ਮੈਨੇਜਰ : ਜਦੋਂ ਇਸ ਸਬੰਧੀ ਪੈਟਰੋਲ ਪੰਪ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਕਾਰ 'ਚ ਪੂਰਾ ਡੀਜ਼ਲ ਪਾਇਆ ਗਿਆ ਹੈ। ਹੁਣ ਸਾਰਾ ਸਿਸਟਮ ਆਨਲਾਈਨ ਹੈ। ਹੇਰਾ-ਫੇਰੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਜਦੋਂ ਇਸ ਸਬੰਧ 'ਚ ਪੁਲਸ ਦੇ ਜਾਂਚ ਅਧਿਕਾਰੀ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦੌਰਾਨ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। 


Related News