Covishield ਦੇ Side Effects ਦਾ ਮਾਮਲਾ ਪੁੱਜਾ ਸੁਪਰੀਮ ਕੋਰਟ, ਕੀਤੀ ਗਈ ਇਹ ਮੰਗ
Thursday, May 02, 2024 - 08:00 AM (IST)
ਨਵੀਂ ਦਿੱਲੀ (ਯੂ. ਐੱਨ. ਆਈ.)- ਕੋਵਿਸ਼ੀਲਡ ਵੈਕਸੀਨ ਦੇ ਕਥਿਤ Side Effects ਦੀ ਜਾਂਚ ਲਈ ਸੁਪਰੀਮ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਡਾਕਟਰੀ ਮਾਹਿਰਾਂ ਦੀ ਕਮੇਟੀ ਗਠਿਤ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ’ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ।
ਐਡਵੋਕੇਟ ਵਿਸ਼ਾਲ ਤਿਵਾੜੀ ਨੇ ਕੋਵਿਸ਼ੀਲਡ ਨਿਰਮਾਤਾ ਵੱਲੋਂ ਯੂਨਾਈਟਿਡ ਕਿੰਗਡਮ ’ਚ ਟੀਕੇ ਦੇ ਉਲਟ ਅਸਰ ਨੂੰ ਮੰਨਣ ਦੀਆਂ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਇਹ ਪਟੀਸ਼ਨ ਦਾਇਰ ਕੀਤੀ। ਪਟੀਸ਼ਨ 2021 ’ਚ ਪੈਂਡਿੰਗ ਇਕ ਜਨਹਿਤ ਪਟੀਸ਼ਨ ਨੂੰ ਧਿਆਨ ’ਚ ਰਖਦਿਆਂ ਦਾਇਰ ਕੀਤੀ ਗਈ ਹੈ। ਉਨ੍ਹਾਂ ਆਪਣੀ ਪਟੀਸ਼ਨ ’ਚ ਦਲੀਲ ਦਿੰਦਿਆਂ ਕੇਂਦਰ ਸਰਕਾਰ ਨੂੰ ਇਕ ਟੀਕਾ ਮੁਆਵਜ਼ਾ ਪ੍ਰਣਾਲੀ ਸਥਾਪਤ ਕਰਨ ਤੇ ਉਨ੍ਹਾਂ ਨਾਗਰਿਕਾਂ ਲਈ ਵੈਕਸੀਨ ਮੁਆਵਜ਼ੇ ਦਾ ਭੁਗਤਾਨ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਜੋ ਕੋਵਿਡ -19 ਮਹਾਂਮਾਰੀ ਦੌਰਾਨ ਟੀਕਾਕਰਨ ਦੀ ਮੁਹਿੰਮ ਕਾਰਨ ਜਾਂ ਤਾਂ ਗੰਭੀਰ ਰੂਪ ’ਚ ਅਪਾਹਜ ਹੋ ਗਏ ਸਨ ਜਾਂ ਉਨ੍ਹਾਂ ਦੀ ਮੌਤ ਹੋ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਲੋੜਵੰਦਾਂ ਦੀ ਮਦਦ ਕਰਨ ਵਾਲੀ ਔਰਤ ਦੇ ਕਤਲਕਾਂਡ 'ਚ ਵੱਡਾ ਖ਼ੁਲਾਸਾ, ਸੱਚ ਜਾਣ ਉੱਡਣਗੇ ਹੋਸ਼
ਪਟੀਸ਼ਨ ’ਚ ਰੱਖੀ ਗਈ ਇਹ ਮੰਗ
ਪਟੀਸ਼ਨ ’ਚ ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵ ਅਤੇ ਇਸ ਦੇ ਖਤਰੇ ਦੇ ਕਾਰਨਾਂ ਦੀ ਜਾਂਚ ਕਰਨ ਤੇ ਟੀਕੇ ਨਾਲ ਹੋਣ ਵਾਲੇ ਨੁਕਸਾਨ ਦਾ ਪਤਾ ਲਾਉਣ ਲਈ ਕੇਂਦਰ ਨੂੰ ਨਿਰਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇੰਨਾ ਹੀ ਨਹੀਂ, ਇਸ ਪਟੀਸ਼ਨ ’ਚ ਇਹ ਵੀ ਸਪੱਸ਼ਟ ਕਿਹਾ ਗਿਆ ਹੈ ਕਿ ਜਿਹੜੇ ਲੋਕ ਇਸ ਟੀਕੇ ਦੇ ਅਸਰ ਕਾਰਨ ਅਪਾਹਜ ਹੋ ਗਏ ਹਨ ਜਾਂ ਜਿਨ੍ਹਾਂ ਦੀ ਮੌਤ ਹੋ ਚੁਕੀ ਹੈ, ਨੂੰ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਜਾਣ।
ਐਸਟ੍ਰਾਜ਼ੈਨਿਕਾ ਨੇ ਕੁਝ ਦਿਨ ਪਹਿਲਾਂ ਮੰਨੀ ਗਲਤੀ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕੋਵਿਡ-19 ਰੋਕੂ ਵੈਕਸੀਨ ‘ਕੋਵਿਸ਼ੀਲਡ’ ਬਣਾਉਣ ਵਾਲੀ ਕੰਪਨੀ ਐਸਟ੍ਰਾਜ਼ੈਨਿਕਾ ਨੇ ਮੰਨਿਆ ਸੀ ਕਿ ਕੋਰੋਨਾ ਦੌਰਾਨ ਕੋਵਿਸ਼ੀਲਡ ਵੈਕਸੀਨ ਲੈਣ ਵਾਲੇ ਲੋਕਾਂ ’ਚ ਦੁਰਲੱਭ ਕਿਸਮ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ। ‘ਦਿ ਟੈਲੀਗ੍ਰਾਫ’ ਦੀ ਰਿਪੋਰਟ ਅਨੁਸਾਰ ਬਰਤਾਨੀਅਆ ਦੀ ਚੋਟੀ ਦੀ ਫਰਮ ਐਸਟ੍ਰਾਜ਼ੈਨਿਕਾ ਨੇ ਮੰਨਿਆ ਸੀ ਕਿ ਉਸ ਦੀ ਕੋਵਿਡ ਵੈਕਸੀਨ ਦੇ ਉਲਟ ਅਸਰ ਹੋ ਸਕਦੇ ਹਨ। ਵੈਕਸੀਨ ਨਿਰਮਾਤਾ ਨੇ ਅਦਾਲਤੀ ਦਸਤਾਵੇਜ਼ਾਂ ’ਚ ਕਿਹਾ ਸੀ ਕਿ ਬਹੁਤ ਘੱਟ ਮਾਮਲਿਆਂ ’ਚ ਕੋਵਿਸ਼ੀਲਡ ਅਜਿਹੀ ਸਥਿਤੀ ਦਾ ਕਾਰਨ ਬਣ ਸਕਦਾ ਹੈ ਜਿਸ ਨਾਲ ਖੂਨ ਦੇ ਥੱਕੇ ਜੰਮਣ ਤੇ ਪਲੇਟਲੈਟਸ ਦੀ ਗਿਣਤੀ ਘੱਟ ਹੋਵੇ। ਭਾਰਤ ’ਚ ਸੀਰਮ ਇੰਸਟੀਚਿਊਟ ਵਲੋਂ ਕੋਵਿਸ਼ੀਲਡ ਨਾਂ ਦੀ ਵੈਕਸੀਨ ਬਣਾਈ ਗਈ ਸੀ ਜੋ ਐਸਟ੍ਰਾਜ਼ੈਨਿਕਾ ਦਾ ਹੀ ਫਾਰਮੂਲਾ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਵਿਚਾਲੇ ਸਸਤਾ ਹੋਇਆ LPG ਗੈਸ ਸਿਲੰਡਰ, ਪੜ੍ਹੋ ਕਿੰਨੀ ਘਟੀ ਕੀਮਤ
ਅਸੀਂ ਮਰੀਜ਼ਾਂ ਦੀ ਸੁਰੱਖਿਆ ਲਈ ਵਚਨਬੱਧ: ਐਸਟ੍ਰਾਜ਼ੈਨਿਕਾ
ਫਾਰਮਾ ਕੰਪਨੀ ਐਸਟ੍ਰਾਜ਼ੈਨਿਕਾ ਨੇ ਬੁੱਧਵਾਰ ਇਕ ਵਾਰ ਫਿਰ ਮਰੀਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਆਪਣੀ ਵਚਨਬੱਧਤਾ ਦੁਹਰਾਈ। ਐਸਟ੍ਰਾਜ਼ੈਨਿਕਾ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਬਿਆਨ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਮਚਿਆ ਹੋਇਆ ਹੈ। ਕੰਪਨੀ ਨੇ ਬੁੱਧਵਾਰ ਮਰੀਜ਼ਾਂ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਐਸਟ੍ਰਾਜ਼ੈਨਿਕਾ ਨੇ ਇਕ ਬਿਆਨ ’ਚ ਕਿਹਾ ਕਿ ਸਾਡੀ ਹਮਦਰਦੀ ਉਨ੍ਹਾਂ ਲੋਕਾਂ ਪ੍ਰਤੀ ਹੈ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ ਜਾਂ ਵੈਕਸੀਨ ਦੇ ਮਾੜੇ ਪ੍ਰਭਾਵ ਕਾਰਨ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਮਰੀਜ਼ਾਂ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ। ਸਾਡੇ ਕੋਲ ਵੈਕਸੀਨ ਸਮੇਤ ਸਾਰੀਆਂ ਦਵਾਈਆਂ ਦੀ ਸੁਰੱਖਿਅਤ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਤੇ ਸਖ਼ਤ ਪੈਮਾਨੇ ਹਨ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਚੋਣ ਲੜਣ ਦੀ ਤਿਆਰੀ, ਜਾਣੋ ਕੀ ਕਹਿੰਦਾ ਹੈ ਕਾਨੂੰਨ
ਕੰਪਨੀ ’ਤੇ ਬ੍ਰਿਟਿਸ਼ ਅਦਾਲਤ ’ਚ ਚੱਲ ਰਿਹਾ ਹੈ ਮੁਕੱਦਮਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਸਟ੍ਰਾਜ਼ੈਨਿਕਾ ਨੇ ਕੋਵਿਡ ਵੈਕਸੀਨ ਨਾਲ ਜੁੜੇ ਮਾੜੇ ਪ੍ਰਭਾਵਾਂ ਨੂੰ ਮੰਨਿਆ ਹੈ। ਬ੍ਰਿਟੇਨ ਦੀ ਅਦਾਲਤ ’ਚ ਕੰਪਨੀ ਵਿਰੁੱਧ 10 ਕਰੋੜ ਪੌਂਡ ਦਾ ਮੁਕੱਦਮਾ ਚੱਲ ਰਿਹਾ ਹੈ। ਕੰਪਨੀ ਨੇ ਮੰਨਿਆ ਹੈ ਕਿ ਬਹੁਤ ਹੀ ਦੁਰਲੱਭ ਮਾਮਲਿਆਂ ’ਚ ਇਹ ਟੀਕਾ ਥ੍ਰੋਮੋਬਸਿਸ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਦਾ ਕਾਰਨ ਬਣ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8