ਨੌਜਵਾਨ ਨੇ ਮੋਬਾਈਲ 'ਤੇ ਵੀਡੀਓ ਬਣਾਉਣ ਮਗਰੋਂ ਚੁੱਕ ਲਿਆ ਖ਼ੌਫ਼ਨਾਕ ਕਦਮ, ਮਾਪਿਆਂ ਨੇ ਲਾਸ਼ ਰੱਖ ਕੇ ਕੀਤਾ ਪ੍ਰਦਰਸ਼ਨ

Wednesday, Jul 17, 2024 - 01:14 PM (IST)

ਲੁਧਿਆਣਾ (ਤਰੁਣ)- ਟਿੱਬਾ ਰੋਡ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਦੁਕਾਨ ਮਾਲਕ ਅਤੇ ਉਸ ਦੇ ਸਾਥੀਆਂ ਤੋਂ ਦੁਖੀ ਹੋ ਕੇ ਘਰ ’ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੇ ਮੋਬਾਈਲ ’ਤੇ ਵੀਡੀਓ ਬਣਾਈ, ਜਿਸ ਵਿਚ ਉਸ ਨੇ ਦੁਕਾਨਦਾਰ ਅਤੇ ਉਸ ਦੇ ਨਾਲ 3 ਵਿਅਕਤੀਆਂ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ, ਜਦਕਿ ਉਸ ਦੀ ਸ਼ਿਕਾਇਤ ’ਤੇ ਢਿੱਲਾ ਰੁਖ ਅਪਣਾਉਣ ਵਾਲੇ ਥਾਣਾ ਕੋਤਵਾਲੀ ਦੇ ਏ. ਐੱਸ. ਆਈ. ’ਤੇ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਬਣੇ ਰਹਿਣਗੇ ਰਾਜਪਾਲ, ਰਾਸ਼ਟਰਪਤੀ ਨੇ ਵਾਪਸ ਮੋੜਿਆ ਬਿੱਲ

ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਉਸ ਦੀ ਲਾਸ਼ ਭਦੌੜ ਹਾਊਸ ਕੋਲ ਸਥਿਤ ਦੁਕਾਨ ’ਤੇ ਲੈ ਆਏ ਅਤੇ ਲਾਸ਼ ਅੰਦਰ ਰੱਖ ਕੇ ਧਰਨਾ ਲਗਾ ਦਿੱਤਾ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਸ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਐੱਫ. ਆਈ. ਆਰ. ਦੀ ਕਾਪੀ ਨਹੀਂ ਦਿੰਦੀ, ਉਦੋਂ ਤੱਕ ਉਹ ਲੋਕ ਉਥੋਂ ਨਹੀਂ ਹਟਣਗੇ। ਰਾਤ ਸਾਢੇ 8 ਵਜੇ ਜਾਂਚ ਕਰਨ ਤੱਕ ਲੋਕ ਉਥੇ ਹੀ ਦੁਕਾਨ ’ਚ ਮੌਜੂਦ ਸਨ ਅਤੇ ਪੁਲਸ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ।

ਟਿੱਬਾ ਰੋਡ ਦੇ ਰਹਿਣ ਵਾਲੇ ਮ੍ਰਿਤਕ ਦੀਪਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ 2 ਸਾਲ ਤੋਂ ਏ. ਸੀ. ਮਾਰਕੀਟ ਨੇੜੇ ਸਥਿਤ ਸੰਨੀ ਟੈਕਸ ਫੈੱਬ ’ਚ ਕੰਮ ਕਰਦਾ ਸੀ। 2 ਮਹੀਨੇ ਪਹਿਲਾਂ ਦੁਕਾਨ ਮਾਲਕ ਨੇ ਉਸ ਨੂੰ ਕੰਮ ਤੋਂ ਹਟਾ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ 3 ਜੁਲਾਈ ਨੂੰ ਦੁਕਾਨ ਮਾਲਕ ਨੇ ਉਸ ਨੂੰ ਫੋਨ ਕਰ ਕੇ ਬੁਲਾਇਆ ਅਤੇ ਉਸ ਤੋਂ ਅਕਾਊਂਟ ਲੇਜਰ ਮੰਗਿਆ ਅਤੇ ਕੁੱਟਮਾਰ ਕੀਤੀ।

ਦੀਪਕ ਦਾ ਕਹਿਣਾ ਸੀ ਕਿ ਉਸ ਕੋਲ ਨਾ ਤਾਂ ਕੋਈ ਅਕਾਊਂਟ ਲੇਜਰ ਹੈ ਅਤੇ ਨਾ ਹੀ ਕੋਈ ਹਿਸਾਬ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੀਪਕ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਹ 4 ਦਿਨਾਂ ਤੱਕ ਹਸਪਤਾਲ ’ਚ ਰਿਹਾ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਥਾਣਾ ਕੋਤਵਾਲੀ ’ਚ ਦਿੱਤੀ।

ਮਾਮਲੇ ਦੀ ਜਾਂਚ ਏ. ਐੱਸ. ਆਈ. ਸੁਲੱਖਣ ਸਿੰਘ ਨੂੰ ਸੌਂਪੀ ਗਈ ਸੀ ਪਰ ਸੁਲੱਖਣ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ। ਉਲਟਾ, ਦੀਪਕ ਨੂੰ ਹੀ ਸਮਝੌਤਾ ਕਰਨ ਦੀ ਗੱਲ ਕਹਿ ਕੇ ਦਬਾਅ ਪਾਉਂਦਾ ਰਿਹਾ। ਪਰਿਵਾਰ ਦਾ ਦੋਸ਼ ਹੈ ਕਿ ਸੋਮਵਾਰ ਨੂੰ ਮੁਲਜ਼ਮਾਂ ਨੇ ਫਿਰ ਦੀਪਕ ਨੂੰ ਰਸਤੇ ’ਚ ਘੇਰ ਲਿਆ ਅਤੇ ਧਮਕੀਆਂ ਦਿੱਤੀਆਂ, ਜਿਸ ਤੋਂ ਬਾਅਦ ਦੀਪਕ ਪ੍ਰੇਸ਼ਾਨ ਰਹਿਣ ਲੱਗਾ ਅਤੇ ਮੰਗਲਵਾਰ ਨੂੰ ਉਸ ਨੇ ਘਰ ’ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਪਰ ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਮੋਬਾਈਲ ’ਤੇ ਵੀਡੀਓ ਬਣਾਈ ਅਤੇ ਮੁਲਜ਼ਮਾਂ ’ਤੇ ਕਾਰਵਾਈ ਦੀ ਮੰਗ ਕੀਤੀ।

ਇਹ ਖ਼ਬਰ ਵੀ ਪੜ੍ਹੋ - ਰਾਤ ਹੁੰਦੇ ਹੀ ਬੱਸ ਸਟੈਂਡ ਨੇੜੇ ਸ਼ੁਰੂ ਹੋ ਜਾਂਦਾ ਹੈ ਜਿਸਮਫਰੋਸ਼ੀ ਦਾ ਧੰਦਾ, ਪੜਤਾਲ 'ਚ ਹੋਏ ਵੱਡੇ ਖ਼ੁਲਾਸੇ

ਦੀਪਕ ਦੀ ਖੁਦਕੁਸ਼ੀ ਤੋਂ ਬਾਅਦ ਪਰਿਵਾਰ ਵਾਲੇ ਸੰਨੀ ਟੈਕਸ ਫੈੱਬ ’ਚ ਉਸ ਦੀ ਲਾਸ਼ ਲੈ ਆਏ ਅਤੇ ਲਾਸ਼ ਅੰਦਰ ਰੱਖ ਕੇ ਧਰਨਾ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਜਦੋਂ ਤੱਕ ਪੁਲਸ ਮੁਲਜ਼ਮਾਂ ’ਤੇ ਕੇਸ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਇਥੋਂ ਨਹੀਂ ਹਟਣਗੇ।

ਇਸ ਸਬੰਧੀ ਥਾਣਾ ਕੋਤਵਾਲੀ ਮੁਖੀ ਇੰਸ. ਗਗਨਪ੍ਰੀਤ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਸੁਲੱਖਣ ਸਿੰਘ ਨੂੰ ਦੋਵੇਂ ਧਿਰਾਂ ਵੱਲੋਂ ਸ਼ਿਕਾਇਤ ਮਿਲੀ ਸੀ। ਦੋਵੇਂ ਧਿਰਾਂ ਨੇ ਰਾਜ਼ੀਨਾਮੇ ਦੀ ਗੱਲ ਨੂੰ ਮੰਨਿਆ ਸੀ। ਦੀਪਕ ਨੇ ਸੁਸਾਈਡ ਥਾਣਾ ਟਿੱਬਾ ਦੇ ਇਲਾਕੇ ’ਚ ਕੀਤਾ ਹੈ। ਹਾਲ ਦੀ ਘੜੀ ਥਾਣਾ ਟਿੱਬਾ ਦੀ ਪੁਲਸ ਨੇ ਮ੍ਰਿਤਕ ਦੀਪਕ ਦੇ ਪਰਿਵਾਰ ਵਾਲਿਆਂ ਦੇ ਬਿਆਨ ’ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News