ਠੱਗੀ ਦੀ ਹੱਦ, 50 ਹਜ਼ਾਰ ਦੇ ਘੋੜੇ ਨੂੰ 28 ਲੱਖ 70 ਹਜ਼ਾਰ ਰੁਪਏ ’ਚ ਵੇਚਿਆ
Tuesday, Nov 29, 2022 - 03:29 PM (IST)
ਭੀਖੀ (ਤਾਇਲ) : ਸਥਾਨਕ ਸ਼ਹਿਰ ਵਾਸੀ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਸਬੰਧੀ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਭੀਖੀ ਦੀ ਪੁਲਸ ਨੇ ਇਕ ਪਤੀ–ਪਤਨੀ ਸਮੇਤ 6 ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅਸ਼ੋਕ ਕੁਮਾਰ ਪੁੱਤਰ ਜਨਕ ਰਾਜ ਵਾਸੀ ਭੀਖੀ ਨੇ ਜ਼ਿਲ੍ਹਾ ਪੁਲਸ ਮੁਖੀ ਮਾਨਸਾ ਨੂੰ ਸ਼ਿਕਾਇਤ ਕਰਕੇ ਦੱਸਿਆ ਕਿ ਉਸ ਦੀ ਭੀਖੀ ਵਿਖੇ ਪਾਈਪਾਂ ਬਣਾਉਣ ਦੀ ਫੈਕਟਰੀ ਹੈ, ਉੱਥੇ ਮੇਰੇ ਕੋਲ ਕੁੱਝ ਵਿਅਕਤੀ ਆਏ ਅਤੇ ਉਨ੍ਹਾਂ ਨੇ ਪਾਈਪਾਂ ਖ਼ਰੀਦਣ ਸਬੰਧੀ ਗੱਲਬਾਤ ਕਰਦਿਆਂ ਮੈਨੂੰ ਕਿਹਾ ਕਿ ਉਹ ਲੁਧਿਆਣਾ ਵਾਸੀ ਇਕ ਸਰਦਾਰ ਦੇ ਸਟੱਡ ਫਾਰਮ ’ਚ ਮੁਲਾਜ਼ਮ ਹਨ। ਉਨ੍ਹਾਂ ਨੇ ਆਪਣੇ ਸਰਦਾਰ ਨੂੰ ਕੋਟਦੂਨਾ ਵਿਖੇ ਸਟੱਡ ਫਾਰਮ ਬਣਾਉਣ ਲਈ 35 ਕਿਲੇ ਜ਼ਮੀਨ ਦਿਵਾਈ ਹੈ ਅਤੇ ਉਸ ’ਚ ਸਭ ਤੋਂ ਪਹਿਲਾਂ ਕਾਲਾ ਘੋੜਾ ਪ੍ਰਵੇਸ਼ ਕਰਨਾ ਹੈ।
ਇਹ ਵੀ ਪੜ੍ਹੋ- ਹਾਲ-ਏ-ਪੰਜਾਬ! ਫਿਰੋਜ਼ਪੁਰ 'ਚ ਨਸ਼ੇੜੀ ਪਿਓ ਵੱਲੋਂ ਧੀ ਨੂੰ ਵੇਚਣ ਦੀ ਕੋਸ਼ਿਸ਼, ਭਰਾ 'ਤੇ ਬੇਸਬਾਲ ਨਾਲ ਹਮਲਾ
ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਅਜਿਹਾ ਘੋੜਾ ਹਰਦੀਪ ਸਿੰਘ ਵਾਸੀ ਮੱਤੀ ਕੋਲ ਵਿਕਾਊ ਹੈ, ਜਿਸ ਦੀਆਂ ਤਸਵੀਰਾਂ ਵੇਖਣ ਉਪਰੰਤ ਇਹ ਘੋੜਾ 58 ਲੱਖ 65 ਹਜ਼ਾਰ ਰੁਪਏ ‘ਚ ਖ਼ਰੀਦਣ ਲਈ ਸਰਦਾਰ ਨੇ ਹਾਂ ਕਰ ਦਿੱਤੀ ਅਤੇ ਉਨ੍ਹਾਂ ਕੋਲ 4 ਲੱਖ ਰੁਪਏ ਸਾਈ ਦੇ ਵੀ ਹਨ ਅਤੇ ਜੇਕਰ ਤੁਸੀਂ ਇਹ ਸੌਦਾ ਕਰਵਾ ਦਿਓ ਤਾਂ ਅਸੀਂ ਤੁਹਾਨੂੰ 50 ਫ਼ੀਸਦੀ ਮੁਨਾਫ਼ਾ ਵੀ ਦੇਵਾਂਗੇ, ਜਿਸ ’ਤੇ ਮੈਂ ਉਨ੍ਹਾਂ ਨਾਲ ਉਕਤ ਹਰਦੀਪ ਸਿੰਘ ਦੇ ਘਰ ਚਲਾ ਗਿਆ। ਹਰਦੀਪ ਨੇ ਕਿਹਾ ਕਿ ਉਹ ਇਹ ਘੋੜਾ ਬਹਾਦਰ ਸਿੰਘ ਵਾਸੀ ਬਹਿਮਣ ਕੋਰ ਸਿੰਘ ਵਾਲਾ (ਬਠਿੰਡਾ) ਨੂੰ 28 ਲੱਖ 70 ਹਜ਼ਾਰ ਰੁਪਏ ਦਾ ਵੇਚ ਦਿੱਤਾ ਹੈ ਅਤੇ ਗਿਣੀ ਮਿੱਥੀ ਸਾਜ਼ਿਸ਼ ਤਹਿਤ ਹਰਦੀਪ ਨੇ ਫਿਰ ਇਸ ਘੋੜੇ ਦਾ ਸੌਦਾ 32 ਲੱਖ 50 ਹਜ਼ਾਰ ਰੁਪਏ ’ਚ ਮੇਰੇ ਨਾਲ ਕਰਵਾ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਸ਼ਰੇਆਮ ਅਕਾਲੀ ਆਗੂ ਦਾ ਗੋਲ਼ੀਆਂ ਮਾਰ ਕੇ ਕਤਲ
ਉਸ ਤੋਂ ਬਾਅਦ ਫੈਕਟਰੀ ’ਚ ਪੁੱਜੇ ਵਿਅਕਤੀਆਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਦਾ ਸਰਦਾਰ ਕੁੱਝ ਹੀ ਸਮੇਂ ਬਾਅਦ ਪੈਸੇ ਲੈ ਕੇ ਪਹੁੰਚਣ ਵਾਲਾ ਹੈ ਅਤੇ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰ ਦਿਓ ਅਤੇ ਮੈਂ 28 ਲੱਖ 50 ਹਜ਼ਾਰ ਰੁਪਏ ਇਕੱਤਰ ਕਰਕੇ ਹਰਦੀਪ ਸਿੰਘ ਅਤੇ ਬਹਾਦਰ ਸਿੰਘ ਨੂੰ ਦੇ ਦਿੱਤੇ ਅਤੇ ਫੈਕਟਰੀ ’ਚ ਪੁੱਜੇ ਵਿਅਕਤੀਆਂ ਨੇ ਇਹ ਘੋੜਾ ਮੇਰੀ ਫੈਕਟਰੀ ’ਚ ਲਿਆ ਕੇ ਬੰਨ੍ਹ ਦਿੱਤਾ ਅਤੇ ਕਿਹਾ ਕਿ ਅਸੀਂ ਇਸ ਦੇ ਲਈ ਇੱਕ ਰੱਸਾ ਲੈ ਆਈਏ। ਪੀੜਤ ਅਸ਼ੋਕ ਨੇ ਦੱਸਿਆ ਕਿ ਇਸ ਉਪਰੰਤ ਉਹ ਮੁੜ ਵਾਪਸ ਨਹੀਂ ਆਏ ਅਤੇ ਪਤਾ ਕਰਨ ’ਤੇ ਮਾਲੂਮ ਹੋਇਆ ਕਿ ਇਹ ਘੋੜਾ ਇੱਕ ਆਮ ਘੋੜਾ ਹੈ ਅਤੇ ਇਸ ਦੀ ਕੀਮਤ ਸਿਰਫ਼ 50 ਹਜ਼ਾਰ ਰੁਪਏ ਹੈ। ਇਸ ਮਾਮਲੇ ਦੀ ਜਾਂਚ ਕਰਵਾਉਣ ਉਪਰੰਤ ਜ਼ਿਲ੍ਹਾ ਪੁਲਸ ਮੁਖੀ ਵੱਲੋਂ ਜਾਰੀ ਹੁਕਮਾਂ ’ਤੇ ਏ. ਐੱਸ. ਆਈ. ਮੇਵਾ ਸਿੰਘ ਨੇ ਮੇਵਾ ਸਿੰਘ, ਕਾਲਾ ਸਿੰਘ ਵਾਸੀ ਪਿੰਡ ਢਿੱਲਵਾਂ, ਜ਼ਿਲਾ ਬਰਨਾਲਾ, ਮਨਜੀਤ ਸਿੰਘ ਵਾਸੀ ਸਰਦੂਲਗੜ੍ਹ, ਬਹਾਦਰ ਸਿੰਘ ਵਾਸੀ ਬਹਿਮਣ ਕੋਰ ਸਿੰਘ ਵਾਲਾ, ਜ਼ਿਲਾ ਬਠਿੰਡਾ, ਹਰਦੀਪ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਵਾਸੀਆਨ ਪਿੰਡ ਮੱਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।