ਰਸਤਾ ਬੰਦ ਕਰਨ 'ਤੇ ਲੋਕਾਂ ਵੱਲੋਂ ਰੇਲਵੇ ਵਿਰੁੱਧ ਨਾਅਰੇਬਾਜ਼ੀ
Monday, Feb 05, 2018 - 03:26 AM (IST)

ਗੜ੍ਹਸ਼ੰਕਰ, (ਬੈਜ ਨਾਥ)- ਨਵਾਂਸ਼ਹਿਰ ਤੋਂ ਜੇਜੋਂ ਦੋਆਬਾ ਨਿਕਲਣ ਵਾਲੇ ਰੇਲਵੇ ਟਰੈਕ ਉੱਤੇ ਪੈਂਦੇ ਪਿੰਡ ਸਤਨੌਰ ਵਿਖੇ ਰੇਲਵੇ ਵਿਭਾਗ ਵੱਲੋਂ ਮਾਨਵ ਰਹਿਤ ਰੇਲਵੇ ਫਾਟਕ ਨੂੰ ਮਾਨਵ ਯੁਕਤ ਕਰਨ ਦੀ ਥਾਂ ਇਸ ਲਿੰਕ ਰਸਤੇ ਨੂੰ ਬੰਦ ਕਰਨ ਦੀ ਕਾਰਵਾਈ ਆਰੰਭ ਦਿੱਤੀ ਹੈ। ਇਸ ਦੇ ਵਿਰੋਧ ਵਿਚ ਅੱਜ ਸਥਾਨਕ ਇਲਾਕੇ ਦੇ ਪਿੰਡਾਂ ਨੇ ਰੇਲਵੇ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੇਲਵੇ ਵਿਭਾਗ ਨੂੰ ਤੁਰੰਤ ਇਸ ਕਾਰਵਾਈ ਨੂੰ ਬੰਦ ਕਰਨ ਦੀ ਚਿਤਾਵਨੀ ਦਿੱਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਇਸ ਸਬੰਧ ਵਿਚ ਕੱਲ ਰੇਲਵੇ ਟਰੈਕ ਉੱਤੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਦੇਣ ਦਾ ਐਲਾਨ ਵੀ ਕੀਤਾ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਸੀ. ਪੀ. ਐੱਮ. ਦੇ ਜ਼ਿਲਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਸ ਰੇਲਵੇ ਰੂਟ ਉੱਤੇ ਪੈਂਦੇ ਮਾਨਵ ਰਹਿਤ ਰੇਲਵੇ ਫਾਟਕਾਂ ਨੂੰ ਮਾਨਵ ਯੁਕਤ ਬਣਾਉਣ ਦੀ ਲੋੜ ਹੈ ਪਰ ਰੇਲਵੇ ਵਿਭਾਗ ਨੇ ਇਨ੍ਹਾਂ ਰਸਤਿਆਂ ਨੂੰ ਬੰਦ ਕਰਕੇ ਇਲਾਕੇ ਦੇ ਕਰੀਬ ਵੀਹ ਪਿੰਡਾਂ ਦੀ ਆਵਾਜਾਈ ਪ੍ਰਭਾਵਿਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਪਿੰਡ ਸਤਨੌਰ, ਸਲੇਮਪੁਰ, ਰਾਮਪੁਰ, ਬਿਲੜੋਂ, ਹਾਜੀਪੁਰ, ਗੱਜਰ, ਮਹਿਦੂਦ, ਲਸਾੜਾ, ਜੇਜੋਂ ਆਦਿ ਪਿੰਡਾਂ ਨੂੰ ਨਿਕਲਣ ਵਾਲਾ ਇਹ ਰਸਤਾ ਬੰਦ ਕਰਨ ਦੀ ਯੋਜਨਾ ਬਣਾਈ ਗਈ ਹੈ। ਜਿਸ ਨਾਲ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ਵੱਲ ਆਉਣ ਲਈ ਅੱਧੇ ਘੰਟੇ ਵਾਲਾ ਸਫ਼ਰ ਡੇਢ ਘੰਟੇ ਵਿਚ ਤੈਅ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਤਨੌਰ ਪਿੰਡ ਦਾ ਸ਼ਮਸ਼ਾਨਘਾਟ, ਹੱਡੀ ਰੋੜੀ, ਦੁਕਾਨਾਂ, ਸਕੂਲ ਆਦਿ ਰੇਲਵੇ ਫਾਟਕ ਦੇ ਦੂਜੇ ਪਾਸੇ ਪੈਂਦੇ ਹਨ, ਜਦਕਿ ਰੇਲਵੇ ਵਿਭਾਗ ਇਸ ਰਸਤੇ ਨੂੰ ਬੰਦ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਰਿਹਾ ਹੈ।
ਇਸ ਮੌਕੇ ਪਿੰਡ ਸਤਨੌਰ ਦੇ ਸਰਪੰਚ ਤਲਵਿੰਦਰ ਸਿੰਘ ਨੇ ਕਿਹਾ ਕਿ ਇਹ ਰਸਤਾ ਅੱਠ ਦੇ ਕਰੀਬ ਪਿੰਡਾਂ ਵਿਚੋਂ ਲੰਘ ਕੇ ਹਿਮਾਚਲ ਪ੍ਰਦੇਸ਼ ਵੱਲ ਜਾਣ ਲਈ ਸਭ ਤੋਂ ਸੌਖਾ ਅਤੇ ਸਸਤਾ ਮਾਰਗ ਹੈ ਪਰ ਰੇਲਵੇ ਵਿਭਾਗ ਵੱਲੋਂ ਇਸਨੂੰ ਬੰਦ ਕਰਨ ਦੀ ਯੋਜਨਾ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਕਰਨ ਵਾਲੀ ਹੈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ 5 ਫਰਵਰੀ ਨੂੰ 9 ਵਜੇ ਦਿੱਤੇ ਜਾ ਰਹੇ ਧਰਨੇ ਵਿਚ ਹਮਖਿਆਲੀ ਜਥੇਬੰਦੀਆਂ ਅਤੇ ਇਲਾਕੇ ਦੇ ਵਨਸੀਕਾਂ ਨੂੰ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਬਡੇਸਰੋਂ, ਐਡਵੋਕੇਟ ਹਰਮੇਸ਼ ਆਜ਼ਾਦ, ਬਲਦੇਵ ਸਿੰਘ, ਪੰਚ ਰਜਿੰਦਰ ਕਮਲ, ਪੰਚ ਚਰਨ ਦਾਸ, ਸਾਬਕਾ ਸਰਪੰਚ ਊਸ਼ਾ ਰਾਣੀ, ਨਾਨਕ ਚੰਦ, ਰੌਸ਼ਨ ਲਾਲ, ਅਵਤਾਰ ਸਿੰਘ, ਸ਼ਿਵਰਾਜ ਆਦਿ ਵੀ ਹਾਜ਼ਰ ਸਨ।