ਮੇਰੇ ਪਿੰਡ ਦੇ ਲੋਕ 7 : ਢੀਂਗੀ ਵਾਲੀ ਚਾਚੀ

Wednesday, Apr 22, 2020 - 12:55 PM (IST)

ਮੇਰੇ ਪਿੰਡ ਦੇ ਲੋਕ 7 : ਢੀਂਗੀ ਵਾਲੀ ਚਾਚੀ

ਰੁਪਿੰਦਰ ਸੰਧੂ

ਢੀਂਗੀ ਵਾਲੀ ਚਾਚੀ ਸਾਡੇ ਘਰ ਵਰ੍ਹਿਆਂ ਤੋਂ ਗੋਹਾ ਸੁੱਟਦੀ ਸੀ। ਉਹ ਤੇ ਉਸ ਦਾ ਘਰਵਾਲਾ ਚਾਚਾ ਨਛੱਤਰ ਦੋਵੇਂ ਆਉਂਦੇ ਹੁੰਦੇ ਸੀ, ਸਾਡੇ ਘਰ ਕਿਓਂਕਿ ਗਾਵਾਂ ਦਾ ਵੱਡਾ ਫਾਰਮ ਹੋਣ ਕਰਕੇ ਚਾਚੀ ਇਕੱਲੀ ਤੋਂ ਇਹ ਕੰਮ ਨੀਂ ਸੀ ਹੁੰਦਾ। ਉਹ ਉਮਰ ’ਚ ਮੇਰੀ ਮਾਂ ਹੁਣਾਂ ਤੋਂ ਵੱਡੀ ਸੀ। ਮੇਰੀ ਮਾਂ ਤੇ ਤਾਈ ਉਸ ਨੂੰ ਭੈਣਾਂ ਵਰਗਾ ਪਿਆਰ ਕਰਦੀਆਂ ਸੀ ਦੋਵੇਂ। ਚਾਚੀ ਦੇ ਚਾਰ ਦਿਉਰ ਜੇਠ ਹੋਰ ਹੋਣ ਕਰਕੇ ਉਸ ਦੀਆਂ ਦਰਾਣੀਆਂ-ਜਠਾਣੀਆਂ ਸਾਰੀਆਂ ਨੂੰ ਇੰਝ ਕਹਿ ਕੇ ਬੁਲਾਉਂਦੇ ਸੀ ਲੋਕ, ਉਨ੍ਹਾਂ ਦੇ ਪਿੰਡਾਂ ਦੇ ਨਾਂ ਤੋਂ, ਜਿਵੇਂ ਚੌਦੇਂ ਵਾਲੀ ਚਾਚੀ , ਬਨੂੜਾਂ ਵਾਲੀ ਚਾਚੀ ਤੇ ਢੀਂਗੀ ਵਾਲੀ ਚਾਚੀ ।  ਚਾਚੀ  ਦਾ ਕੱਦ ਵਾਹਵਾ ਹੀ ਛੋਟਾ ਸੀ ਪਰ ਕਣਕਵੰਨਾ ਰੰਗ ਲਿਸ਼ਕਾਂ ਮਾਰਦਾ ਹੁੰਦਾ ਸੀ । ਉਹਦਾ  ਇੱਕ ਪਾਸਿਓਂ ਜਿਹੇ ਮਾੜਾ ਜਿਹਾ ਬਾਹਰ ਨੂੰ ਦਿਸਦਾ ਇੱਕ ਦੰਦ ਜਦੋਂ ਉਹ ਹੱਸਦੀ ਹੁੰਦੀ ਤਾਂ ਬਹੁਤਾ ਸੋਹਣਾ ਲੱਗਦਾ ਸੀ ।  ਉਹਨੂੰ ਦੇਸੀ ਇਲਾਜ਼ ਬੜੇ ਆਉਂਦੇ ਸੀ , ਕਿਸੇ ਦੀ ਧਰਨ ਕੱਢਣੀ ਤਾਂ ਚਾਚੀ , ਕਿਸੇ ਦੇ ਕੁੱਝ ਗਰਮ ਚੀਜ ਪੈਕੇ ਸੜ ਜਾਣਾਂ ਤਾਂ ਚਾਚੀ ,  ਕਿਸੇ ਦੇ ਕੰਡਾ ਚੁਭ ਜਾਣਾ ਤਾਂ ਚਾਚੀ ।ਮੈਨੂੰ ਲੱਗਦਾ ਹੁੰਦਾ ਸੀ ਜਿਵੇਂ ਅੱਧੀ ਵੈਦ ਸੀ ਉਹ ।  ਹੱਥ-ਥੌਲੇ ਜਿਹੇ ਵੀ ਬਾਹਵਾ ਹੀ ਕਰ ਲੈਂਦੀ ਸੀ ਮਰਜਾਣੀ ।  ਉਹਨੇਂ ਸਵੇਰੇ ਹੀ ਆ ਜਾਣਾ ਸਾਡੇ ਘਰ । ਆਉਂਦਿਆਂ ਹੀ ਪਹਿਲਾਂ ਦੋਵਾਂ ਜੀਆਂ ਨੇਂ ਚਾਹ ਪੀਣੀ ਤੇ ਫਿਰ ਲਗਾਤਾਰ ਦੋ ਤਿੰਨ ਘੰਟੇ ਡੰਗਰਾਂ ਵਾਲੇ ਵਿਹੜੇ ਚੋਂ ਉਨ੍ਹਾਂ ਦੋਵਾਂ ਜੀਆਂ ਦੀ ਅਵਾਜ਼ ਆਉਂਦੀ ਰਹਿਣੀ । ਉਹਨੇਂ ਮੇਰੀ ਮਾਂ ਹੁਣਾਂ ਨੂੰ ਕਹਿਣਾ ," ਕੁੜੇ ਤੁਹਾਡੇ ਘਰੋਂ ਤਾਂ ਜਾਣ ਨੂੰ ਜੀਅ ਨਹੀਂ ਕਰਦਾ , ਸਾਰੇ ਦੁੱਖ -ਸੁੱਖ ਕਰ ਲੈਂਦੀ ਹਾਂ  , ਘਰੇ ਤਾਂ ਉਹੀ ਕੰਜਰਖਾਨਾ ਰਹਿੰਦਾ ਏ । ਅਸੀਂ ਬੜਾ ਹੱਸਣਾ ।  ਗੋਹਾ ਕੂੜਾ ਕਰਾਉਣ ਤੋਂ ਬਾਅਦ ਚਾਚੇ ਨੇਂ ਤਾਂ ਚਲੇ ਜਾਣਾ ਪਰ ਚਾਚੀ ਨੇਂ ਕਿੰਨਾਂ ਚਿਰ ਮੇਰੀ ਮਾਂ ਹੁਣਾਂ ਨਾਲ ਲੱਗੀ ਰਹਿਣਾ ।  

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 6 : ਬਾਮੀ

PunjabKesari

ਕਦੀ ਭਾਂਡੇ ਮਾਂਜਣ , ਕਦੀ ਕੱਪੜੇ , ਕਣਕ ਇਹੋ ਜਿਹਾ ਕੁੱਝ ਧੋਣ ।  ਸਾਨੂੰ ਸਾਰੀਆਂ ਭੈਣਾਂ ਨੂੰ ਵੇਖ ਉਹਨੇਂ ਕਹਿਣਾ ," ਕੁੜੇ ਮੇਰੇ ਵੀ ਇੱਕ ਕੁੜੀ ਹੋਣੀ ਚਾਹੀਦੀ ਸੀ , ਕਿੰਨਾਂ ਕੰਮ ਕਰਦੀਆਂ ਨੇਂ ਧੀਆਂ , ਮਾਵਾਂ ਤੇ ਜਾਨ ਦਿੰਦੀਆਂ ਨੇਂ ,  ਪਰ ਮੇਰੇ ਤਾਂ ਤਿੰਨੋਂ ਮੁੰਡੇ ਜਾਂਦੀ ਨੂੰ ਢੇਰ ਲਾ ਦਿੰਦੇਂ ਨੇਂ ਭਾਂਡਿਆਂ ਦਾ ।  ਖਸਮਾਂ ਨੂੰ ਖਾਣੀ ਚਾਹ ਵੀ ਆਪ ਹੀ ਬਣਾਕੇ ਝੁਲਸਣੀ  ਪੈਂਦੀ ਏ । ਰੱਬ ਨੇਂ ਧੜਾ -ਧੜ ਸੁੱਟ  ਦਿੱਤੇ , ਦੱਸ ਇੱਕ ਕੁੜੀ ਵੀ ਦੇ ਦਿੰਦਾ ।  

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 5 : ਭਜੋ

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 4 : ਬਾਬਾ ਮੇਲਾ​​​​​​​

ਫਿਰ ਕਹਿ ਦੇਣਾ ," ਚੱਲ ਕੁੜੇ ਕੋਈ ਗੱਲ  ਨੀਂ , ਨੂੰਹਾਂ ਵੀ ਧੀਆਂ ਹੀ ਹੁੰਦੀਆਂ , ਮੇਰੇ ਤਾਂ ਸੁੱਖ ਨਾਲ ਤਿੰਨ ਆਉਣਗੀਆਂ ।  ਸਾਡਾ ਵੀ ਜੀਅ ਲੱਗਿਆ ਰਹਿਣਾ , ਕਦੇ -ਕਦੇ ਉਹਨੇਂ ਸੀਰੀਆਂ  ਨਾਲ ਲੜ ਪੈਣਾਂ । ਤਾਇਆ ਜੀ ਹੁਣਾਂ ਨੇਂ ਚਾਚੇ ਨਛੱਤਰ ਨਾਲ  ਟਿੱਚਰਾਂ ਕਰਨੀਆਂ , " ਚਾਚਾ ਤੂੰ   ਘਰੇ ਕਿਵੇਂ ਕੱਟਦਾ  ਚਾਚੀ ਤੇ ਨਾਲ , ਇਹ ਵੇਖ ਲੈ ਜਿਹੜੇ ਸਾਡੀ ਨੀਂ ਸੁਣਦੇ , ਚਾਚੀ ਸਾਹਮਣੇ ਸਾਹ ਨੀਂ ਕੱਢਦੇ । ਚਾਚਾ ਨੇਂ ਕਹਿਣਾ ," ਕੋਈ ਨੀਂ ਪੁੱਤਰੋ ,ਗਰਮੀ -ਨਰਮੀ ਚ ਲੰਘੀ ਜਾਂਦੀ ਏ । ਹਾੜੀ ਤੇ ਕਣਕ ਦੇ ਕਈ ਬੋਰੇ ਚਾਚੀ ਦੇ ਘਰ ਕਣਕ ਦੇ ਜਾਂਦੇ ਸੀ ਤੇ ਸ਼ਾਮਾਂ ਨੂੰ ਲਿਟਰ ਦੁੱਧ । ਕਈ ਵਾਰ ਦੁੱਖ -ਸੁੱਖ ਚ ਤਾਇਆ ਜੀ ਹੁਣਾਂ ਨੇਂ ਆਪ ਚਾਚੇ ਤੇ ਚਾਚੀ ਨੂੰ ਜਾਂ ਉਨ੍ਹਾਂ ਦੇ ਜੁਆਕਾਂ ਨੂੰ ਦਵਾਈ ਦਾਰੂ ਦਿਵਾ ਕੇ ਲਿਆਉਣੀ ਨਾਲ ਦੇ ਪਿੰਡੋਂ । ਉਨ੍ਹਾਂ ਵੇਲਿਆਂ ਚ  ਘਰ ਚ ਕੰਮ ਕਰਦੇ ਸੀਰੀ ਪਾਲੀ ਘਰ ਦੇ ਜੀਆਂ ਜਿੰਨੇਂ ਹੀ ਅਜੀਜ਼ ਹੋ ਜਾਂਦੇ ਸੀ ।   ਵੇਖਦਿਆਂ -ਵੇਖਦਿਆਂ ਚਾਚੀ ਬੁੱਢੀ ਹੋ ਗਈ । ਉਹਦੀਆਂ ਨੂੰਹਾਂ ਵੀ ਆ ਗਈਆਂ , ਪਰ ਧੀਆਂ ਵਰਗੀਆਂ ਦੀ ਰੀਝ ਰੱਖਦੀ ਸੀ । ਪਰ ਉਹਦਾ ਇਹ  ਰੀਝ  ਪੂਰੀ ਨੀਂ ਹੋਈ ਵੀ ਉਹਨੂੰ ਉਨ੍ਹਾਂ ਤੋਂ ਧੀਆਂ ਵਰਗੀ ਮੁਹੱਬਤ ਮਿਲੂ। ਹੁਣ ਵੀ ਪਿੰਡ ਜਾਂਦੀ ਹਾਂ ਤਾਂ ਉਹ ਮਿਲ ਜਾਂਦੀ ਏ , ਪਰ ਗੋਹਾ ਕੂੜਾ ਕਰਨੋਂ ਹਟ ਗਈ ਹੁਣ । ਹੁਣ ਵੀ ਘਰ ਚ ਕਿਸੇ ਚੰਗੇ ਵੇਲੇ ਤੇ ਤਿਓਹਾਰ ਤੇ ਉਹ ਸਭ ਤੋਂ ਪਹਿਲਾਂ ਆਉਂਦੀ ਏ ਘਰ ਚ ।  ਬਸ ਦੁਆਵਾਂ ਨੇਂ ਲੋਕਾਂ ਦੇ ਦੁੱਖ ਤਕਲੀਫਾਂ ਨੂੰ  ਹੱਥ ਥੌਲਿਆਂ ਨਾਲ ਠੀਕ ਕਰ ਦੇਣ ਵਾਲੀ ਉਹ ਰੂਹ  ਹਮੇਸ਼ਾ ਹੱਸਦੀ ਰਹੇ ਤਾਂ ਜੋ ਉਹਦੇ ਉਸ ਮਾੜੇ ਜਿਹੇ ਉੱਚੇ ਦੰਦ ਦਾ ਚੇਤਾ ਮੇਰੇ ਚੇਤਿਆਂ ਚ ਵੱਸਦਾ ਰਹੇ  ਸਦਾ ।

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ 3 : ਬਾਬਾ ਮੇਲਾ

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਚਾਚਾ ਨੰਬਰਦਾਰ​​​​​​​

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ​​​​​​​


author

rajwinder kaur

Content Editor

Related News