ਇਰਾਦਾ ਕਤਲ ਦੇ ਮਾਮਲੇ ’ਚ ਪਤੀ ਨੂੰ 7 ਸਾਲ ਦੀ ਕੈਦ
Thursday, Nov 13, 2025 - 04:57 PM (IST)
ਲੁਧਿਆਣਾ (ਮਹਿਰਾ)– ਵਧੀਕ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਨੇ ਲੁਧਿਆਣਾ ਦੇ ਪ੍ਰਤਾਪ ਸਿੰਘ ਵਾਲਾ ਨਿਵਾਸੀ ਤਰੁਣ ਕੁਮਾਰ ਨੂੰ ਇਰਾਦਾ ਕਤਲ ਦੇ ਇਕ ਮਾਮਲੇ ’ਚ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਜ਼ਰਿਮ ’ਤੇ 11,000 ਦਾ ਜੁਰਮਾਨਾ ਵੀ ਲਗਾਇਆ ਹੈ। ਤਰੁਣ ਕੁਮਾਰ ਖਿਲਾਫ ਮਾਮਲਾ 18 ਮਈ, 2017 ਨੂੰ ਹੈਬੋਵਾਲ ਪੁਲਸ ਸਟੇਸ਼ਨ ’ਚ ਉਸ ਦੀ ਪਤਨੀ ਸ਼ਿਵਾਨੀ ਦੇ ਬਿਆਨ ’ਤੇ ਦਰਜ ਕੀਤਾ ਗਿਆ ਸੀ, ਜਿਸ ਨੂੰ ਹਮਲੇ ਵਿਚ ਕਈ ਸੱਟਾਂ ਲੱਗੀਆਂ ਸਨ।
ਇਸਤਗਾਸਾ ਧਿਰ ਅਨੁਸਾਰ, ਏ. ਐੱਸ. ਆਈ. ਰਾਮ ਕਿਸ਼ਨ, ਹੈੱਡ ਕਾਂਸਟੇਬਲ ਅਮਰੀਕ ਸਿੰਘ ਅਤੇ ਕਾਂਸਟੇਬਲ ਜੀਤੂ ਰਾਮ ਦੇ ਨਾਲ, 18 ਮਈ 2017 ਨੂੰ ਪੁਲਸ ਕੰਟਰੋਲ ਰੂਮ ਜ਼ਰੀਏ ਸ਼ਿਵਾਨੀ ਦੇ ਸਿਵਲ ਹਸਪਤਾਲ, ਲੁਧਿਆਣਾ ਵਿਚ ਭਰਤੀ ਹੋਣ ਦੀ ਸੂਚਨਾ ਪ੍ਰਾਪਤ ਹੋਈ। ਮੌਜੂਦ ਮੈਡੀਕਲ ਤੋਂ ਫਿਟਨੈੱਸ ਕਲੀਅਰੈਂਸ ਪ੍ਰਾਪਤ ਕਰਨ ਦੇ ਬਾਅਦ ਪੁਲਸ ਨੇ ਉਸ ਦਾ ਬਿਆਨ ਦਰਜ ਕੀਤਾ ਸੀ। ਸ਼ਿਵਾਨੀ ਨੇ ਦੱਸਿਆ ਕਿ ਉਸ ਦਾ 2 ਸਾਲ ਪਹਿਲਾਂ ਤਰੁਣ ਕੁਮਾਰ ਨਾਲ ਵਿਆਹ ਹੋਇਆ ਸੀ ਅਤੇ ਉਸ ਤੋਂ ਇਕ ਬੇਟਾ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਕੰਮ ਨਹੀਂ ਕਰਦਾ ਸੀ। ਅਕਸਰ ਉਸ ਨਾਲ ਝਗੜਾ ਕਰਦਾ ਸੀ ਅਤੇ ਕਈ ਕਈ ਦਿਨਾਂ ਲਈ ਘਰ ਤੋਂ ਬਾਹਰ ਚਲਾ ਜਾਂਦਾ ਸੀ। ਘਟਨਾ ਸਮੇਂ ਉਹ ਉਸ ਤੋਂ ਵੱਖਰੀ ਰਹਿ ਰਹੀ ਸੀ।
17 ਮਈ 2017 ਨੂੰ ਸ਼ਾਮ ਲਗਭਗ 6.30 ਵਜੇ ਤਰੁਣ ਕੁਮਾਰ ਨੇ ਕਥਿਤ ਤੌਰ ’ਤੇ ਉਸ ਨੂੰ ਉਸ ਦੇ ਘਰ ਦੇ ਸਾਹਮਣੇ ਸਥਿਤ ਵਿਨੋਦ ਪਰਾਸ਼ਰ ਨਾਂ ਦੇ ਵਿਅਕਤੀ ਦੇ ਘਰ ਬੁਲਾਇਆ ਅਤੇ 50,000 ਦੀ ਮੰਗ ਕੀਤੀ। ਜਦ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੇ ਕਥਿਤ ਤੌਰ ’ਤੇ ਚਾਕੂ ਕੱਢਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਗਰਦਨ ’ਤੇ ਗਹਿਰਾ ਜ਼ਖਮ ਹੋ ਗਿਆ। ਵਿਨੋਦ ਪਰਾਸ਼ਰ ਅਤੇ ਉਸ ਦੀ ਪਤਨੀ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਗਏ। ਮੈਡੀਕਲ ਜਾਂਚ ’ਚ ਉਸ ਦੇ ਸਰੀਰ ’ਤੇ 4 ਸੱਟਾਂ ਦੇ ਨਿਸ਼ਾਨ ਪਾਏ ਗਏ। ਸ਼ੁਰੂਆਤ ਵਿਚ ਮਾਮਲਾ ਆਈ. ਪੀ. ਸੀ. ਦੀ ਧਾਰਾ 324 ਤਹਿਤ ਦਰਜ ਕੀਤਾ ਗਿਆ ਸੀ ਅਤੇ ਹਥਿਆਰ ਬਰਾਮਦ ਕਰ ਲਿਆ ਗਿਆ ਸੀ। ਭਾਵੇਂ 25 ਮਈ 2017 ਨੂੰ ਸ਼ਿਵਾਨੀ ਨੇ ਇਕ ਪੂਰਕ ਬਿਆਨ ਦਰਜ ਕਰਵਾਇਆ, ਜਿਸ ਤੋਂ ਬਾਅਦ ਆਈ. ਪੀ. ਸੀ. ਦੀ ਧਾਰਾ 307 ਇਰਾਦਾ ਕਤਲ ਵੀ ਜੋੜ ਦਿੱਤੀ ਗਈ। ਤਰੁਣ ਕੁਮਾਰ ਨੂੰ ਇਸ ਅਪਰਾਧ ਲਈ 3 ਜੂਨ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
