ਰੇਤ ਦੀ ਕਾਲਾਬਾਜ਼ਾਰੀ ਕਾਰਨ ਮੁਸ਼ਕਲਾਂ ''ਚ ਘਿਰੇ ਲੋਕ, ਹੁਣ 40 ਰੁਪਏ ਪ੍ਰਤੀ ਫੁੱਟ ਵਿਕ ਰਹੀ ਰੇਤ
Saturday, Oct 04, 2025 - 05:28 AM (IST)

ਲੁਧਿਆਣਾ/ਲਾਡੋਵਾਲ (ਅਨਿਲ) : ਪੰਜਾਬ ਸਰਕਾਰ ਨੇ ਜਨਤਾ ਨੂੰ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ 5.50 ਰੁਪਏ ਪ੍ਰਤੀ ਫੁੱਟ ਦੀ ਬਜਾਏ ਲੋਕ 40 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤ ਖਰੀਦਣ ਲਈ ਮਜਬੂਰ ਹਨ। ਇਸ ਨਾਲ ਗਰੀਬ ਲੋਕਾਂ ਲਈ ਘਰ ਬਣਾਉਣਾ ਮੁਸ਼ਕਲ ਹੋ ਗਿਆ ਹੈ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਿਆਨ ਦੇਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਗਿੱਲ ਅਤੇ ਸਾਹਨੇਵਾਲ ਵਿਧਾਨ ਸਭਾ ਹਲਕਿਆਂ ’ਚ ਸਰਕਾਰੀ ਰੇਤ ਮਾਈਨਿੰਗ ਚਲਾਈ ਸੀ। ਇਹ 1 ਜੁਲਾਈ ਤੋਂ 30 ਸਤੰਬਰ ਤੱਕ ਮਾਨਸੂਨ ਸੀਜ਼ਨ ਕਾਰਨ ਬੰਦ ਸੀ। ਹੁਣ ਮਾਨਸੂਨ ਸੀਜ਼ਨ ਖਤਮ ਹੋਣ ਤੋਂ ਬਾਅਦ ਸਰਕਾਰੀ ਰੇਤ ਮਾਈਨਿੰਗ 1 ਅਕਤੂਬਰ ਨੂੰ ਦੁਬਾਰਾ ਸ਼ੁਰੂ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਵੱਡੇ ਆਗੂ ਨਾਲ ਕੀਤੀ ਬੰਦ ਕਮਰਾ ਮੀਟਿੰਗ
ਮਾਈਨਿੰਗ ਕਾਰਜਾਂ ਦੀ ਅਸਫਲਤਾ ਕਾਰਨ ਬਹੁਤ ਸਾਰੇ ਲੋਕ ਹੁਣ ਰੇਤ ਦੀ ਕਾਲਾਬਾਜ਼ਾਰੀ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਰੇਤ ਦੀ ਮੌਜੂਦਾ ਕੀਮਤ 40 ਰੁਪਏ ਪ੍ਰਤੀ ਫੁੱਟ ਹੋ ਗਈ ਹੈ ਅਤੇ ਕਈ ਲੋਕਾਂ ਵੱਲੋਂ ਰੇਤ ਦੀ ਖੁੱਲ੍ਹ ਕੇ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅੱਜ ਵੀ ਥਾਣਾ ਮੇਹਰਬਾਨ ਅਤੇ ਥਾਣਾ ਲਾਡੋਵਾਲ ਦੇ ਕਈ ਪਿੰਡਾਂ ਦੇ ਲੋਕ ਰਾਤ ਨੂੰ ਗੈਰ-ਕਾਨੂੰਨੀ ਮਾਈਨਿੰਗ ਕਰ ਕੇ ਸਤਲੁਜ ਦਰਿਆ ਤੋਂ ਰੇਤ ਕੱਢ ਰਹੇ ਹਨ ਅਤੇ ਸੋਨੇ ਦੇ ਭਾਅ ’ਤੇ ਵੇਚ ਰਹੇ ਹਨ, ਜਿਸ ਵੱਲ ਜ਼ਿਲਾ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਕੁੰਭਕਰਨ ਦੀ ਨੀਂਦ ਸੌਂ ਰਿਹਾ ਹੈ। ਉਧਰ ਲੋਕ ਮਹਿੰਗੀ ਰੇਤ ਖਰੀਦ ਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਲਾ ਪ੍ਰਸ਼ਾਸਨ, ਜਿਸ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ, ਉਹ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਲੋਕ ਮਹਿੰਗੀ ਰੇਤ ਖਰੀਦਣ ਲਈ ਮਜਬੂਰ ਹਨ। ਹੁਣ ਸਮਾਂ ਹੀ ਦੱਸੇਗਾ ਕਿ ਕੀ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਦੇਵੇਗੀ?
ਇਹ ਵੀ ਪੜ੍ਹੋ : ਸ਼ਰਧਾਲੂਆਂ ਲਈ ਵੱਡੀ ਖ਼ਬਰ, 3 ਦਿਨਾਂ ਲਈ ਵੈਸ਼ਣੋ ਦੇਵੀ ਯਾਤਰਾ ਮੁਅੱਤਲ
ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕ ਰਾਤ ਨੂੰ ਕਰ ਰਹੇ ਗੈਰ-ਕਾਨੂੰਨੀ ਮਾਈਨਿੰਗ
ਦੂਜੇ ਪਾਸੇ, ਥਾਣਾ ਲਾਡੋਵਾਲ ਅਤੇ ਥਾਣਾ ਮੇਹਰਬਾਨ ਦੇ ਇਲਾਕੇ ’ਚ ਰਹਿਣ ਵਾਲੇ ਸੱਤਾਧਾਰੀ ਧਿਰ ਨਾਲ ਜੁੜੇ ਕਈ ਲੋਕ ਰਾਤ ਨੂੰ ਸਤਲੁਜ ਦਰਿਆ ਤੋਂ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਹਨ, ਜਿਸ ਤੋਂ ਬਾਅਦ ਰੇਤ ਮਾਫੀਆ ਰਾਤ ਨੂੰ ਮਹਿੰਗੇ ਭਾਅ ’ਤੇ ਰੇਤ ਸਪਲਾਈ ਕਰ ਰਿਹਾ ਹੈ। ਕੁਝ ਦਿਨ ਪਹਿਲਾਂ ਸੱਤਾਧਾਰੀ ਪਾਰਟੀ ਨਾਲ ਜੁੜੇ ਇਕ ਨੇਤਾ ਦੀਆਂ ਗੈਰ-ਕਾਨੂੰਨੀ ਰੇਤ ਨਾਲ ਭਰੀਆਂ 2 ਟਰੈਕਟਰ-ਟਰਾਲੀਆਂ ਪੁਲਸ ਨੇ ਜ਼ਬਤ ਕਰ ਲਈਆਂ ਸਨ, ਜਿਸ ਤੋਂ ਬਾਅਦ ਗੈਰ-ਕਾਨੂੰਨੀ ਰੇਤ ਨਾਲ ਭਰੀਆਂ ਉਕਤ ਟਰੈਕਟਰ-ਟਰਾਲੀਆਂ ਲਗਭਗ 3 ਦਿਨਾਂ ਤੱਕ ਥਾਣੇ ਦੇ ਬਾਹਰ ਖੜ੍ਹੀਆਂ ਰਹੀਆਂ ਅਤੇ 3 ਦਿਨਾਂ ਬਾਅਦ, ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ, ਦੋਵੇਂ ਟਰੈਕਟਰ-ਟਰਾਲੀਆਂ ਪੁਲਸ ਨੇ ਛੱਡ ਦਿੱਤੀਆਂ, ਜੋ ਕਿ ਇਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8