ਜ਼ਿਲਾ ਪ੍ਰਬੰਧਕੀ ਕੰਪਲੈਕਸ ''ਚ ਨਾਜਾਇਜ਼ ਤਰੀਕੇ ਨਾਲ ਖੜ੍ਹੇ ਵਾਹਨਾਂ ਕਾਰਨ ਲੋਕ ਪ੍ਰੇਸ਼ਾਨ

08/30/2017 12:50:47 AM

ਗੁਰਦਾਸਪੁਰ,  (ਦੀਪਕ)–  ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਨਾਜਾਇਜ਼ ਤਰੀਕੇ ਨਾਲ ਲੋਕ ਆਪਣੇ ਵਾਹਨ ਖੜ੍ਹੇ ਕਰ ਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਪ੍ਰਸ਼ਾਸਨ ਸਭ ਕੁਝ ਦੇਖਦਾ ਹੋਇਆ ਵੀ ਅੱਖਾਂ ਬੰਦ ਕਰੀ ਬੈਠਾ ਹੈ।
ਜ਼ਿਕਰਯੋਗ ਹੈ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ 35 ਸਰਕਾਰੀ ਦਫਤਰ ਸ਼ਿਫਟ ਹੋ ਚੁੱਕੇ ਹਨ, ਜਿਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 15 ਅਗਸਤ ਨੂੰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕੰਪਲੈਕਸ ਦੇ ਪ੍ਰਬੰਧਾਂ ਲਈ ਕਈ ਦਾਅਵੇ ਪੇਸ਼ ਕੀਤੇ ਗਏ ਸਨ ਪਰ ਇਨ੍ਹਾਂ ਦਾਅਵਿਆਂ ਦੀ ਹਵਾ ਉਸ ਸਮੇਂ ਨਿਕਲ ਜਾਂਦੀ ਹੈ ਜਦੋਂ ਇਕ ਕੰਪਲੈਕਸ ਦੇ ਬਾਹਰ ਨੋ-ਪਾਰਕਿੰਗ ਲਿਖੇ ਜਾਣ ਅਤੇ ਗਾਰਡ ਮੇਨ ਗੇਟ ਵਿਚ ਤਾਇਨਾਤ ਕਰਨ ਦੇ ਬਾਵਜੂਦ ਲੋਕ ਆਪਣੇ ਦੋ ਪਹੀਆ ਵਾਹਨ ਮਨਮਰਜ਼ੀ ਨਾਲ ਲਾ ਰਹੇ ਹਨ ਜਦਕਿ ਇਸ ਕੰਪਲੈਕਸ ਦੇ ਸਾਹਮਣੇ ਹੀ ਪਾਰਕਿੰਗ ਸਥਾਨ ਬਣਿਆ ਹੋਇਆ ਹੈ। 
ਇਥੇ ਵਾਹਨਾਂ ਦੀ ਭੀੜ ਲੱਗ ਜਾਣ ਕਾਰਨ ਆਪਣਾ ਕੰਮ ਕਰਵਾਉਣ ਆਏ ਪ੍ਰਬੰਧਕੀ ਕੰਪਲੈਕਸ ਦੇ ਲੋਕਾਂ ਨੂੰ ਨਾਜਾਇਜ਼ ਤਰੀਕੇ ਨਾਲ ਲੱਗੇ ਵਾਹਨਾਂ 'ਚੋਂ ਲੰਘ ਕੇ ਜਾਣਾ ਪੈਂਦਾ ਹੈ, ਜਿਸ ਕਰ ਕੇ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਾਰਾ ਕੁਝ ਪ੍ਰਸ਼ਾਸਨ ਦੇ ਨੱਕ ਥੱਲੇ ਹੋ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ ਕਿਉਂਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਇਥੋਂ ਰੋਜ਼ ਕਈ ਵਾਰ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਜਾ ਰਿਹਾ। 
ਇਥੇ ਕੰਮ ਕਰਵਾਉਣ ਆਏ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਜਾਇਜ਼ ਤਰੀਕੇ ਨਾਲ ਖੜ੍ਹੇ ਵਾਹਨਾਂ ਦਾ ਇਥੇ ਲੱਗਣਾ ਬੰਦ ਕਰਵਾਇਆ ਜਾਵੇ ਅਤੇ ਪਾਰਕਿੰਗ ਸਥਾਨ ਵਿਚ ਹੀ ਵਾਹਨ ਲਾਉਣ ਦੇ ਨਿਰਦੇਸ਼ ਦਿੱਤੇ ਜਾਣ ਤਾਂ ਕਿ ਸਾਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 


Related News