ਡੇਂਗੂ, ਮਲੇਰੀਆ ਤੇ ਵਾਇਰਲ ਬੁਖਾਰ ਦੀ ਲਪੇਟ ''ਚ ਪਟਿਆਲਾ
Wednesday, Oct 25, 2017 - 07:49 AM (IST)

ਪਟਿਆਲਾ (ਪਰਮੀਤ) - ਜ਼ਿਲੇ ਨੂੰ ਇਸ ਵੇਲੇ ਡੇਂਗੂ, ਮਲੇਰੀਆ ਤੇ ਵਾਇਰਲ ਬੁਖਾਰ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਅੱਜ ਇਕ ਹੀ ਦਿਨ ਵਿਚ ਡੇਂਗੂ ਪੀੜਤਾਂ ਦੇ 122 ਕੇਸ ਸਾਹਮਣੇ ਆਏ ਹਨ, ਜਿਸ ਨੂੰ ਦੇਖਦਿਆਂ ਸਿਹਤ ਵਿਭਾਗ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ ਹੈ। ਜ਼ਿਲੇ ਵਿਚ ਬੀਤੇ ਦਿਨ 725 ਕੇਸ ਸਨ ਜਿਨ੍ਹਾਂ ਦੀ ਗਿਣਤੀ ਮੰਗਲਵਾਰ ਸ਼ਾਮ ਤੱਕ 847 ਤੱਕ ਪੁੱਜ ਗਈ ਹੈ। ਇਸ ਦੇ ਨਾਲ ਹੀ ਚਿਕਨਗੁਨੀਆ ਦੇ 87 ਮਾਮਲੇ ਸਾਹਮਣੇ ਆਏ ਹਨ।
ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਹਰ ਪ੍ਰਾਈਵੇਟ ਡਾਕਟਰ ਦੇ ਕਲੀਨਿਕਾਂ, ਮੈਡੀਕਲ ਸਟੋਰਾਂ ਆਦਿ ਸਭ 'ਤੇ ਮਰੀਜ਼ਾਂ ਦੀਆਂ ਕਤਾਰਾਂ ਲੱਗੀਆਂ ਵੇਖੀਆਂ ਜਾ ਸਕਦੀਆਂ ਹਨ। ਲੈਬਾਰਟਰੀਆਂ ਵਿਚ ਤਾਂ ਸਵੇਰੇ ਹੀ ਲੋਕਾਂ ਦੀ ਭੀੜ ਇਕੱਤਰ ਹੋ ਜਾਂਦੀ ਹੈ। ਡਾਕਟਰਾਂ ਵੱਲੋਂ ਡੇਂਗੂ ਦੇ ਡਰ ਤੋਂ ਮਰੀਜ਼ਾਂ ਨੂੰ ਵਾਰ-ਵਾਰ ਸੰਪੂਰਨ ਖੂਨ ਟੈਸਟ ਰਿਪੋਰਟ ਵਾਸਤੇ ਆਖਿਆ ਜਾ ਰਿਹਾ ਹੈ। ਲੋਕਾਂ ਵਿਚ ਇਸ ਵੇਲੇ ਬੁਖਾਰ ਦਾ ਡਰ ਦਹਿਸ਼ਤ ਬਣ ਕੇ ਫੈਲ ਗਿਆ ਹੈ। ਆਮ ਸਾਧਾਰਨ ਵਾਇਰਲ ਬੁਖਾਰ ਵੀ ਇਸ ਵੇਲੇ ਮਹਾਮਾਰੀ ਘੱਟ ਨਹੀਂ ਹੈ।
ਮੱਛਰਾਂ ਦਾ ਲਾਰਵਾ ਮਿਲਣ 'ਤੇ 42 ਘਰਾਂ ਦੇ ਕੱਟੇ ਚਲਾਨ
ਸਿਹਤ ਵਿਭਾਗ ਡੇਂਗੂ ਦੀ ਬੀਮਾਰੀ ਦੀ ਰੋਕਥਾਮ ਤਹਿਤ ਡੇਂਗੂ ਮੱਛਰਾਂ ਦੇ ਲਾਰਵੇ ਦੀ ਪੈਦਾਇਸ਼ ਨੂੰ ਰੋਕਣ ਲਈ ਸਿਹਤ ਵਿਭਾਗ 'ਹਾਈਰਿਸਕ ਏਰੀਏ' ਵਿਚ ਕੂਲਰਾਂ/ਕੰਟੇਨਰਾਂ ਦੀ ਚੈਕਿੰਗ ਕਰ ਰਿਹਾ ਹੈ। ਜ਼ਿਲਾ ਐਪੀਡੋਮਾਲੋਜਿਸਟ ਡਾ. ਗੁਰਮਨਜੀਤ ਕੌਰ ਦੀ ਨਿਗਰਾਨੀ ਹੇਠ ਐਂਟੀ-ਲਾਰਵਾ ਸਟਾਫ ਜਿਸ ਵਿਚ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਧਰਮਿੰਦਰ ਸਿੰਘ, ਅਮਿਤ ਕੁਮਾਰ, ਗੁਰਜੰਟ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਤੇ ਇਨਸੈਕਟ ਕੁਲੈਕਟਰ ਉਪਿੰਦਰ ਸਿੰਘ ਸ਼ਾਮਲ ਹੋਏ, ਦੀ ਇਕ ਟੀਮ ਤਿਆਰ ਕੀਤੀ ਗਈ ਹੈ। ਟੀਮ ਵੱਲੋਂ ਵਿਰਕ ਕਾਲੋਨੀ, ਪਾਠਕ ਕਾਲੋਨੀ, ਗੁਰੂ ਨਾਨਕ ਨਗਰ, ਅਨਾਜ ਮੰਡੀ, ਡੀ. ਸੀ. ਡਬਲਯੂ, ਪ੍ਰੇਮ ਨਗਰ, ਗੁਰਦੀਪ ਕਾਲੋਨੀ, ਨਿਊ ਮਹਿੰਦਰਾ ਕਾਲੋਨੀ, ਢਿੱਲੋਂ ਕਾਲੋਨੀ, ਅਨਾਜ ਮੰਡੀ ਤੇ ਘਾਹ ਮੰਡੀ ਆਦਿ ਇਲਾਕਿਆਂ ਵਿਚ ਘਰਾਂ 'ਚ ਲੱਗੇ ਕੂਲਰਾਂ/ਕੰਟੇਨਰਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਦੇਖਿਆ ਗਿਆ ਕਿ ਕੂਲਰਾਂ ਦੀ ਸਫਾਈ ਨਾ ਹੋਣ ਕਾਰਨ ਇਨ੍ਹਾਂ ਵਿਚ ਡੇਂਗੂ ਮੱਛਰਾਂ ਦਾ ਲਾਰਵਾ ਮੌਜੂਦ ਸੀ। ਮੌਕੇ 'ਤੇ ਟੀਮ ਵੱਲੋਂ ਕੂਲਰਾਂ ਦਾ ਪੁਰਾਣਾ ਫੂਸ ਕਢਵਾ ਕੇ ਉਸ ਨੂੰ ਅੱਗ ਲਾਈ ਗਈ। ਫਰਿਜਾਂ ਦੀਆਂ ਟਰੇਆਂ ਵਿਚ ਖੜ੍ਹੇ ਪਾਣੀ ਨੂੰ ਕਢਵਾਇਆ ਗਿਆ।
ਟੁੱਟੇ-ਫੁੱਟੇ ਭਾਂਡੇ ਜਿਨ੍ਹਾਂ ਵਿਚ ਪਾਣੀ ਜਮ੍ਹਾ ਸੀ, ਮੂਧੇ ਮਰਵਾਏ ਗਏ। ਖੜ੍ਹੇ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਦਾ ਸਪਰੇਅ ਕੀਤਾ ਗਿਆ। ਮੱਛਰਾਂ ਦਾ ਲਾਰਵਾ ਮਿਲਣ 'ਤੇ ਮਿਉਂਸੀਪਲ ਕਾਰਪੋਰੇਸ਼ਨ ਦੀ ਟੀਮ ਵੱਲੋਂ ਰਿਹਾਇਸ਼ੀ ਘਰਾਂ ਦੇ ਮਾਲਕਾਂ ਦੇ ਚਲਾਨ ਵੀ ਕੱਟੇ ਗਏ। ਡਾ. ਗੁਰਮਨਜੀਤ ਕੌਰ ਨੇ ਦੱਸਿਆ ਕਿ ਹੁਣ ਤੱਕ 42 ਘਰਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।