ਟੀ. ਬੀ. ਦੇ ਮਰੀਜ਼ ਕੰਗਾਲ ਹੋ ਗਏ!

Wednesday, Jan 03, 2018 - 07:27 AM (IST)

ਟੀ. ਬੀ. ਦੇ ਮਰੀਜ਼ ਕੰਗਾਲ ਹੋ ਗਏ!

ਬਠਿੰਡਾ(ਸੁਖਵਿੰਦਰ)-ਭਾਰਤ ਸਰਕਾਰ ਵੱਲੋਂ ਟੀ. ਬੀ. ਦੇ ਬ੍ਰਾਂਡ ਅੰਬੈਸਡਰ ਅਮਿਤਾਭ ਬਚਨ ਕਹਿੰਦੇ ਨੇ 'ਮੇਕ ਇੰਡੀਆ ਟੀ. ਬੀ. ਫ੍ਰੀ', ਜਿਸ ਦਾ ਇਲਾਜ ਹਰੇਕ ਸਰਕਾਰੀ ਹਸਪਤਾਲ ਵਿਚ ਬਿਲਕੁਲ ਮੁਫ਼ਤ ਹੈ ਪਰ ਬਠਿੰਡਾ ਟੀ. ਬੀ. ਹਸਪਤਾਲ 'ਚ ਇੰਨਾ ਖਰਚਾ ਹੋ ਰਿਹਾ ਹੈ ਕਿ ਮਰੀਜ਼ ਕੰਗਾਲ ਹੋਏ ਪਏ ਹਨ। ਹਾਲ ਕੁਝ ਇਸ ਤਰ੍ਹਾਂ ਹੈ ਕਿ ਜਿਥੇ ਭਾਰਤ ਨੂੰ 2025 ਤੱਕ ਟੀ. ਬੀ. ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਸਿਵਲ ਹਸਪਤਾਲ ਬਠਿੰਡਾ ਵਿਚ ਦਵਾਈਆਂ ਦੀ ਵੀ ਥੋੜ੍ਹ ਹੈ ਤੇ ਪ੍ਰਾਈਵੇਟ ਦਵਾਈ ਵਿਕਰੇਤਾਵਾਂ ਦੀ ਚਾਂਦੀ ਹੈ। ਹੋਰ ਤਾਂ ਹੋਰ ਮਰੀਜ਼ਾਂ ਤੋਂ ਸਰਿੰਜਾਂ ਤੱਕ ਬਾਹਰੋਂ ਮੰਗਵਾਈਆ ਜਾ ਰਹੀਆਂ ਹਨ। ਜਾਣਕਾਰੀ ਦਿੰਦਿਆਂ ਟੀ. ਬੀ. ਹਸਪਤਾਲ ਵਿਚ ਦਾਖਲ ਮਰੀਜ਼ ਮਾਤੂ ਰਾਮ ਅਤੇ ਨਸੀਬ ਕੌਰ ਵਾਸੀ ਬਠਿੰਡਾ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿਚ ਇਲਾਜ ਕਰਵਾ ਰਹੇ ਹਨ। ਹਸਪਤਾਲ ਵਿਚ ਦਵਾਈਆ ਦੀ ਕਮੀ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਆਪਣੀ ਜੇਬ 'ਚੋਂ ਪੈਸੇ ਖਰਚਣੇ ਪੈ ਰਹੇ ਹਨ। ਰਾਣੀ ਕੌਰ ਵਾਸੀ ਬਠਿੰਡਾ ਨੇ ਦੱਸਿਆ ਕਿ ਉਸ ਦਾ ਪਿਤਾ ਟੀ. ਬੀ. ਹਸਪਤਾਲ ਵਿਚ ਦਾਖਲ ਹੈ ਅਤੇ ਗਰੀਬ ਹੋਣ ਕਾਰਨ ਉਹ ਇਲਾਜ ਕਰਵਾਉਣ ਵਿਚ ਅਸਮਰਥ ਹੈ। ਪਿਛਲੇ ਕਈ ਦਿਨਾਂ ਤੋਂ ਉਹ ਆਪਣੇ ਪੈਸੇ ਖਰਚ ਕਰ ਕੇ ਆਪਣੇ ਪਿਤਾ ਦਾ ਇਲਾਜ ਕਰਵਾ ਰਹੀ ਹੈ ਪਰ ਹੁਣ ਉਸ ਦੇ ਪਿਤਾ ਨੂੰ ਧੱਕੇ ਨਾਲ ਹਸਪਤਾਲ 'ਚੋਂ ਛੁੱਟੀ ਦਿੱਤੀ ਜਾ ਰਹੀ ਹੈ। 
ਦਵਾਈਆਂ ਤੇ ਸਹੂਲਤਾਂ ਦੀ ਮੰਗ ਕਰਨ 'ਤੇ ਮਰੀਜ਼ਾਂ ਦੀ ਛੁੱਟੀ
ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਮਰੀਜ਼ਾਂ ਦੇ ਵਾਰਿਸਾਂ ਨੇ ਦੋਸ਼ ਲਾਇਆ ਕਿ ਇਕ ਡਾਕਟਰ ਵੱਲੋਂ ਧੱਕੇ ਨਾਲ ਉਨ੍ਹਾਂ ਦੇ ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਰਹੀ ਹੈ ਜਦਕਿ ਉਨ੍ਹਾਂ ਦਾ ਇਲਾਜ ਅਜੇ ਅਧੂਰਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦਵਾਈਆਂ ਅਤੇ ਸਹੂਲਤਾਂ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਨਾਰਾਜ਼ ਹੋ ਕੇ ਉਨ੍ਹਾਂ ਨੂੰ ਬਾਹਰੋਂ ਇਲਾਜ ਕਰਵਾਉਣ ਲਈ ਕਿਹਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦਾ ਸਿਵਲ ਹਸਪਤਾਲ ਵਿਚ ਹੀ ਇਲਾਜ ਕੀਤਾ ਜਾਵੇ।
ਕੀ ਸੀ ਮਾਮਲਾ
ਟੀ. ਬੀ. ਹਸਪਤਾਲ ਵਿਚ ਤਾਇਨਾਤ ਡਾਕਟਰ ਛੁੱਟੀ 'ਤੇ ਜਾਣ ਕਾਰਨ ਬੀਤੇ ਦਿਨੀਂ ਟੀ. ਬੀ. ਵਿਭਾਗ ਦੇ ਕਮਰਿਆਂ ਨੂੰ ਤਾਲੇ ਲਾਏ ਗਏ ਸਨ। ਫਿਰ ਜਦੋਂ 'ਜਗ ਬਾਣੀ' ਵਿਚ ਖਬਰ ਪ੍ਰਕਾਸ਼ਿਤ ਹੋਈ ਤਾਂ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਨੂੰ ਮੁੜ ਇਲਾਜ ਲਈ ਟੀ. ਬੀ. ਹਸਪਤਾਲ ਵਿਚ ਦਾਖਲ ਕਰ ਲਿਆ ਗਿਆ ਪਰ ਉਕਤ ਜਾਣਕਾਰੀ ਲੀਕ ਹੋਣ ਤੋਂ ਨਾਰਾਜ਼ ਕੁਝ ਡਾਕਟਰਾਂ ਵੱਲੋਂ ਇਲਾਜ ਲਈ ਦਾਖਲ ਇਕ ਮਰੀਜ਼ ਨੂੰ ਧੱਕੇ ਨਾਲ ਛੁੱਟੀ ਕਰ ਦਿੱਤੀ ਗਈ। ਇਸ ਤੋਂ ਬਾਅਦ ਭੜਕੇ ਮਰੀਜ਼ਾਂ ਦੇ ਵਾਰਸਾਂ ਨੇ ਡਾਕਟਰਾਂ ਖਿਲਾਫ਼ ਰੋਸ ਜਤਾਉਂਦਿਆ ਉਨ੍ਹਾਂ 'ਤੇ ਧੱਕੇ ਨਾਲ ਛੁੱਟੀ ਦੇਣ ਦੇ ਦੋਸ਼ ਲਾਏ। 


Related News