ਯਾਰਾਂ ਨਾਲ ਪਾਰਟੀ ਕਰਨ ਗਏ 17 ਸਾਲਾ ਮੁੰਡੇ ਦੀ ਸ਼ੱਕੀ ਹਾਲਤ ''ਚ ਮੌਤ! ਪਰਿਵਾਰ ਨੇ ਲਾਏ ਕਤਲ ਦੇ ਦੋਸ਼
Wednesday, Dec 31, 2025 - 04:16 PM (IST)
ਬਰਨਾਲਾ: ਬਰਨਾਲਾ 'ਚ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਹੈ। ਪਰਿਵਾਰ ਨੇ ਉਸ ਦੇ ਦੋਸਤਾਂ 'ਤੇ ਹੀ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ਼ ਅੰਕੁਸ਼ ਵਜੋਂ ਹੋਈ ਹੈ, ਜਿਸ ਦੀ ਉਮਰ ਮਹਿਜ਼ 17 ਸਾਲ ਸੀ।
ਮ੍ਰਿਤਕ ਜਸਪਾਲ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਬੀਤੀ ਦੇਰ ਸ਼ਾਮ ਜਸਪਾਲ ਨੂੰ ਉਸ ਦੇ 8-9 ਦੋਸਤ ਪਾਰਟੀ ਲਈ ਲੈ ਗਏ ਸਨ। 9 ਵਜੇ ਉਸ ਦੀ ਮਾਂ ਕਰਮਜੀਤ ਕੌਰ ਨੂੰ ਫ਼ੋਨ ਕਿ ਉਹ ITI ਚੌਕ ਨੇੜੇ ਇਕ ਰੈਸਟੋਰੈਂਟ ਵਿਚ ਹੈ ਤੇ ਉਸ ਨਾਲ ਕੁੱਟਮਾਰ ਹੋ ਰਹੀ ਹੈ। ਜਦੋਂ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਆਪਸ ਵਿਚ ਕਾਫ਼ੀ ਲੜਾਈ ਹੋਈ ਸੀ। ਲੜਦੇ ਲੜਦੇ ਉਹ ਸੜਕ 'ਤੇ ਆ ਗਏ ਦੋਸਤਾਂ ਨੇ ਉਸ ਦਾ ਸਿਰ ਸੜਕ 'ਤੇ ਮਾਰਿਆ। ਇਸ ਦੌਰਾਨ ਉਹ ਜ਼ਖ਼ਮੀ ਹਾਲਤ ਵਿਚ ਸੜਕ 'ਤੇ ਡਿੱਗਿਆ ਸੀ ਤੇ ਉਸ ਉੱਪਰੋਂ ਗੱਡੀ ਗੁਜ਼ਰ ਗਈ ਤੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ, ਪਰ ਪੁਲਸ ਉਨ੍ਹਾਂ 'ਤੇ ਸੜਕ ਹਾਦਸੇ ਦਾ ਬਿਆਨ ਲਿਖਵਾਉਣ ਦਾ ਦਬਾਅ ਬਣਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤਕ ਪੁਲਸ ਸਹੀ ਕੇਸ ਦਰਜ ਕਰ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤਕ ਆਪਣੇ ਪੁੱਤ ਦਾ ਸਸਕਾਰ ਨਹੀਂ ਕਰਨਗੇ।
ਘਟਨਾ ਸਬੰਧੀ ਗੱਲਬਾਤ ਕਰਦਿਆਂ ਡੀ. ਐੱਸ. ਪੀ. ਬਰਨਾਲਾ ਨੇ ਕਿਹਾ ਕਿ ਇਸ ਮਾਮਲੇ ਵਿਚ 6 ਲੋਕਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 103 ਤੇ 191 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਤਿੰਨ ਮੁਲਜ਼ਮਾਂ ਲਵਪ੍ਰੀਤ ਸ਼ਰਮਾ, ਗੁਰਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਬਾਕੀ ਫ਼ਰਾਰ 3 ਮੁਲਜ਼ਮਾਂ ਅਮਰੀਕ ਸਿੰਘ, ਗੌਰਵ ਕੁਮਾਰ ਤੇ ਬਰਿੰਦਰ ਸਿੰਘ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਦੇ ਬਿਆਨਾਂ ਦੇ ਅਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਜਾਰੀ ਹੈ।
