ਲੁਧਿਆਣਾ ''ਚ ਚਿੱਟੇ ਦਿਨੀਂ ਹੋ ਗਈ ਲੁੱਟ! ਤੁਰੀ ਜਾਂਦੀ ਔਰਤ ਦੇ ਕੰਨ੍ਹਾਂ ’ਚੋਂ ਵਾਲੀਆਂ ਝਪਟ ਕੇ ਲੈ ਗਏ ਲੁਟੇਰੇ
Wednesday, Dec 24, 2025 - 05:02 PM (IST)
ਸਾਹਨੇਵਾਲ (ਜਗਰੂਪ)- ਝਪਟਮਾਰ ਅਤੇ ਲੁਟੇਰੇ ਬੇਖੌਫ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਸ ਲਈ ਚੁਣੌਤੀ ਬਣੇ ਹੋਏ ਹਨ। ਅਜਿਹੀ ਹੀ ਝਪਟਮਾਰੀ ਦਾ ਇਕ ਮਾਮਲਾ ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਰਾਈਆਂ ’ਚ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਝਪਟਮਾਰਾਂ ਨੇ ਚਿੱਟੇ ਦਿਨੀਂ ਇਕ ਔਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੀੜਤ ਔਰਤ ਵੱਲੋਂ ਕੰਨਾਂ ਦੀਆਂ ਵਾਲੀਆਂ ਖਿੱਚੇ ਜਾਣ ’ਤੇ ਦਰਦ ਨਾਲ ਕੁਰਲਾਉਣ ਦੇ ਬਾਅਦ ਆਸਪਾਸ ਦੇ ਲੋਕ ਇਕੱਠੇ ਹੋਏ, ਪਰ ਉਦੋਂ ਤਕ ਦੋਵੇਂ ਝਪਟਮਾਰ ਫਰਾਰ ਹੋ ਚੁੱਕੇ ਸਨ। ਜਾਣਕਾਰੀ ਅਨੁਸਾਰ ਪਿੰਡ ਰਾਈਆਂ ਦੇ ਲੋਕਾਂ ਨੇ ਦੱਸਿਆ ਕਿ ਇਹ ਦੋਵੇਂ ਮੋਨੇ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ’ਚ ਚੱਕਰ ਲਗਾ ਰਹੇ ਸਨ। ਜਿਨ੍ਹਾਂ ਨੇ ਅੱਜ ਮੌਕਾ ਪਾ ਕੇ ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟ ਲਈਆਂ। ਔਰਤ ਨਾਲ ਹੋਈ ਝਪਟਮਾਰੀ ਦੀ ਪੂਰੀ ਘਟਨਾ ਆਸਪਾਸ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ। ਜਿਸ ਤੋਂ ਬਾਅਦ ਥਾਣਾ ਪੁਲਸ ਨੇ ਫੁਟੇਜ ਕਬਜ਼ੇ ’ਚ ਲੈ ਕੇ ਝਪਟਮਾਰਾਂ ਦੀ ਭਾਲ ਸ਼ੁਰੂ ਕੀਤੀ ਹੈ।
