CM ਕੇਜਰੀਵਾਲ ਦਾ ਵੱਡਾ ਐਲਾਨ, ਜਲੰਧਰ ’ਚ PGI ਪੱਧਰ ਦਾ ਖੋਲ੍ਹਿਆ ਜਾਵੇਗਾ ਹਸਪਤਾਲ
Thursday, Apr 20, 2023 - 07:15 PM (IST)
ਜਲੰਧਰ (ਵੈੱਬ ਡੈਸਕ)-ਜਲੰਧਰ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਜ਼ਿਮਨੀ ਚੋਣ ਲਈ ਆਪਣੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੂੰ 60 ਸਾਲ ਆਪਣਾ ਪਿਆਰ ਦੇਣ ’ਚ ਕੋਈ ਕਸਰ ਨਹੀਂ ਛੱਡੀ ਪਰ ਤੁਹਾਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਲੰਧਰ ਵਾਲੇ ਇਕ ਵਾਰ ਆਮ ਆਦਮੀ ਪਾਰਟੀ ਨੂੰ ਵੀ ਆਪਣਾ ਵੋਟ ਪਾ ਕੇ ਦੇਖ ਲੈਣ ਕਿਉਂਕਿ ਪੰਜਾਬ ’ਚ ਸਾਡੀ ਸਰਕਾਰ ਹੈ ਤੇ ਵਿਕਾਸ ਕਾਰਜ ਅਸੀਂ ਹੀ ਕਰਵਾਉਣੇ ਹਨ। ਜੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਜਿਤਾਓਗੇ ਤਾਂ ਉਹ ਲੜਾਈ ਕਰੇਗਾ ਤੇ ਤੂੰ-ਤੂੰ, ਮੈਂ-ਮੈਂ ਕਰੇਗਾ, ਜੇ ਲੜਾਈ ਕਰਨੀ ਹੈ ਤਾਂ ਉਨ੍ਹਾਂ ਨੂੰ ਵੋਟ ਦੇ ਦਿਓ, ਜੇ ਜਲੰਧਰ ’ਚ ਵਿਕਾਸ ਕਰਵਾਉਣੇ ਹਨ ਤਾਂ ‘ਆਪ’ ਨੂੰ ਵੀ ਇਕ ਵਾਰ ਮੌਕਾ ਦਿਓ। ਉਨ੍ਹਾਂ ਕਿਹਾ ਕਿ ਕੰਮ ਤਾਂ ਅਸੀਂ ਹੀ ਕਰਵਾਉਣੇ ਹਨ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਦੀ ਰੈਲੀ ਦੌਰਾਨ CM ਮਾਨ ਬੋਲੇ, ਜਲੰਧਰ ਦੀਆਂ ਸਮੱਸਿਆਵਾਂ ਮੇਰੀਆਂ ਉਂਗਲੀਆਂ 'ਤੇ ਹਨ
ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਪੈਸਾ ਖਾਣ ਵਾਲੇ ਮੰਤਰੀ ਨੂੰ ਵੀ ਅੰਦਰ ਕੀਤਾ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਾਸੀਆਂ ਲਈ ਵੱਡਾ ਐਲਾਨ ਕਰਦਿਆਂ ਕਿਹਾ ਕਿ ਇਥੇ ਪੀ.ਜੀ.ਆਈ. ਪੱਧਰ ਦਾ ਹਸਪਤਾਲ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਦਾ ਵਜ਼ੀਫ਼ਾ ਤੁਰੰਤ ਜਾਰੀ ਕੀਤਾ ਜਾਵੇਗਾ ਅਤੇ ਨੀਲੇ ਕਾਰਡਧਾਰਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲੰਧਰ ਦੇ ਕੂੜੇ ਦੇ ਪਹਾੜਾਂ ਨੂੰ ਦਿੱਲੀ ਦੇ ਕੂੜੇ ਦੇ ਪਹਾੜਾਂ ਵਾਂਗ ਖ਼ਤਮ ਕੀਤਾ ਜਾਵੇਗਾ।
ਇਥੇ ਇਹ ਵੀ ਦੱਸਣਯੋਗ ਹੈ ਕਿ ਲੋਕ ਸਭਾ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੀ ਸੁਸ਼ੀਲ ਰਿੰਕੂ ਦੇ ਹੱਕ ਵਿਚ ਇਹ ਦੂਜੀ ਰੈਲੀ ਸੀ। ਇਸ ਤੋਂ ਪਹਿਲਾਂ 10 ਅਪ੍ਰੈਲ ਨੂੰ ਕਰਤਾਰਪੁਰ ਵਿਚ ਪਹਿਲੀ ਰੈਲੀ ਕੀਤੀ ਗਈ ਸੀ, ਜਿਸ ਵਿਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਰੈਲੀ 'ਚ ਸ਼ਾਮਲ ਨਹੀਂ ਹੋਏ ਸਨ। ਉਥੇ ਸਿਰਫ਼ ਭਗਵੰਤ ਮਾਨ ਨੇ ਲੋਕਾਂ ਨੂੰ ਆਪਣੀ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਦੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਇਆ ਸੀ। ਕਰਤਾਰਪੁਰ ਰੈਲੀ ਤੋਂ ਪਹਿਲਾਂ ਉੱਥੇ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ।