ਪਾਰਕਿੰਗ ''ਚ ਊਣਤਾਈਆਂ ਕਾਰਨ ਕੰਪਨੀ ''ਤੇ ਲੱਗੇਗੀ ਪੈਨਲਟੀ

06/24/2018 5:00:43 AM

ਚੰਡੀਗੜ੍ਹ,   (ਰਜਿੰਦਰ ਸ਼ਰਮਾ)—  ਨਗਰ ਨਿਗਮ ਵਲੋਂ ਪੇਡ ਪਾਰਕਿੰਗ ਵਿਚ ਊਣਤਾਈਆਂ ਸਬੰਧੀ ਠੇਕੇਦਾਰ ਕੰਪਨੀ 'ਤੇ ਪੈਨਲਟੀ ਲਾਈ ਜਾਵੇਗੀ। ਇਸ ਸਬੰਧੀ ਨਿਗਮ ਵਲੋਂ ਵਿੱਤ ਅਤੇ ਕਰਾਰ ਕਮੇਟੀ ਦੀ ਮੀਟਿੰਗ ਵਿਚ ਮਤਾ ਲਿਆਂਦਾ ਜਾ ਰਿਹਾ ਹੈ, ਤਾਂ ਕਿ ਨਵੀਂ ਪੈਨਲਟੀ ਤੈਅ ਕੀਤੀ ਜਾ ਸਕੇ। ਮੀਟਿੰਗ ਵਿਚ ਹੀ ਤੈਅ ਹੋਵੇਗਾ ਕਿ ਊਣਤਾਈਆਂ ਸਬੰਧੀ ਨਵੀਂ ਪੈਨਲਟੀ ਕਿੰਨੀ ਹੋਵੇਗੀ।

ਜ਼ਿਕਰਯੋਗ ਹੈ ਕਿ ਨਿਗਮ ਨੇ ਪੇਡ ਪਾਰਕਿੰਗ ਰੇਟ ਵਧਾਉਣ ਤੋਂ ਬਾਅਦ ਸ਼ਹਿਰ ਦੀਆਂ ਸਾਰੀਆਂ ਪਾਰਕਿੰਗਜ਼ ਦੀ ਚੈਕਿੰਗ ਕੀਤੀ ਸੀ। ਇਸ ਦੌਰਾਨ ਜ਼ਿਆਦਾਤਰ ਪਾਰਕਿੰਗਜ਼ ਵਿਚ ਊਣਤਾਈਆਂ ਸਾਹਮਣੇ ਆਈਆਂ ਸਨ ਕਿਉਂਕਿ ਚੈਕਿੰਗ ਦੌਰਾਨ ਗੱਡੀਆਂ ਵਿੰਗੇ-ਟੇਢੇ ਢੰਗ ਦੌਰਾਨ ਪਾਰਕ ਕੀਤੀਆਂ ਗਈਆਂ ਸਨ, ਜਿਸ ਕਾਰਨ ਨਿਗਮ ਨੇ ਸਾਰੇ ਮਾਮਲਿਆਂ ਵਿਚ ਠੇਕੇਦਾਰ ਕੰਪਨੀ 'ਤੇ ਪੈਨਲਟੀ ਲਾਉਣ ਦਾ ਫੈਸਲਾ ਲਿਆ ਸੀ।

ਪਹਿਲਾਂ ਨਿਗਮ ਵਲੋਂ ਪਾਰਕਿੰਗ ਵਿਚ ਊਣਤਾਈਆਂ ਪਾਏ ਜਾਣ 'ਤੇ ਪ੍ਰਤੀ ਗੱਡੀ ਪਾਰਕਿੰਗ  ਫੀਸ ਦੀ 10 ਗੁਣਾ ਵੱਧ ਪੈਨਲਟੀ ਲਾਈ ਜਾਂਦੀ ਸੀ ਪਰ ਹੁਣ ਸਾਰੀਆਂ ਪਾਰਕਿੰਗਜ਼ ਵਿਚ ਘੰਟਿਆਂ ਦੇ ਹਿਸਾਬ ਨਾਲ ਫੀਸ ਲਾਗੂ ਹੋ ਗਈ ਹੈ, ਇਸ ਲਈ ਹੁਣ ਪੈਨਲਟੀ ਵੀ ਘੰਟਿਆਂ ਦੇ ਹਿਸਾਬ ਨਾਲ ਤੈਅ ਕੀਤੀ ਜਾ ਸਕਦੀ ਹੈ। ਇਸ ਲਈ ਨਿਗਮ ਇਸ ਏਜੰਡੇ ਨੂੰ ਮੀਟਿੰਗ ਵਿਚ ਲੈ ਕੇ ਆ ਰਿਹਾ ਹੈ। ਇਸ ਸਬੰਧੀ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਜਿੰਨੀਆਂ ਵੀ ਪਾਰਕਿੰਗਜ਼ ਦੀ ਚੈਕਿੰਗ ਕੀਤੀ ਸੀ, ਉਨ੍ਹਾਂ ਵਿਚੋਂ ਬਹੁਤੀਆਂ ਵਿਚ ਊਣਤਾਈਆਂ ਸਾਹਮਣੇ ਆਈਆਂ ਸਨ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਇਕ ਰਿਪੋਰਟ ਤਿਆਰ ਕੀਤੀ ਸੀ ਪਰ ਪੈਨਲਟੀ ਤੈਅ ਨਾ ਹੋਣ ਕਾਰਨ ਉਹ ਪੈਨਲਟੀ ਨਹੀਂ ਲਾ ਸਕੇ ਸਨ।

ਓਵਰਚਾਰਜਿੰਗ ਦੇ ਕੇਸ 'ਤੇ ਮੰਗੀ ਰਾਹਤ

ਜਾਣਕਾਰੀ ਅਨੁਸਾਰ ਕੰਪਨੀ ਨੇ ਓਵਰਚਾਰਜਿੰਗ ਦੇ ਕੁਝ ਕੇਸਾਂ 'ਤੇ ਰਾਹਤ ਦੇਣ ਦੀ ਮੰਗ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਕੁਝ ਕੇਸਾਂ ਕਾਰਨ ਲਾਇਸੈਂਸ ਆਦਿ ਕੈਂਸਲ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਪਹਿਲਾਂ ਲਾਈ ਪੈਨਲਟੀ ਅਤੇ ਹੁਣ ਤਕ ਪੈਨਲਟੀ ਰਾਸ਼ੀ ਨਾ ਤੈਅ ਕਾਰਨ ਵੀ ਉਨ੍ਹਾਂ ਨੇ ਪੈਨਲਟੀ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਟੈਕਨੀਕਲ ਕਮੇਟੀ ਨੇ ਹੀ ਸਾਰੀਆਂ ਪਾਰਕਿੰਗਜ਼ ਦੀ ਚੈਕਿੰਗ ਤੋਂ ਬਾਅਦ ਇਹ ਰਿਪੋਰਟ ਤਿਆਰ ਕੀਤੀ ਸੀ।

ਕੰਪਨੀ ਦੀ ਮੰਗ 'ਤੇ ਹਟਾਇਆ ਸੀ ਨਾਜਾਇਜ਼ ਕਬਜ਼ਾ

ਇਸ ਤੋਂ ਇਲਾਵਾ ਕੰਪਨੀ ਦੀ ਮੰਗ 'ਤੇ ਪੈਨਲਟੀ ਲਾਉਣ ਤੋਂ ਪਹਿਲਾਂ ਨਿਗਮ ਨੇ ਸੈਕਟਰ-22 ਸ਼ਾਸਤਰੀ ਮਾਰਕੀਟ ਅਤੇ ਕਿਰਨ ਸਿਨੇਮਾ ਦੀ ਪਾਰਕਿੰਗ ਵਿਚੋਂ ਨਾਜਾਇਜ਼ ਕਬਜ਼ਾ ਵੀ ਹਟਾਇਆ ਸੀ। ਕੰਪਨੀ ਨੇ ਇਤਰਾਜ਼ ਜਤਾਇਆ ਸੀ ਕਿ ਇਨ੍ਹਾਂ ਪਾਰਕਿੰਗਜ਼ ਵਿਚ ਰੇਹੜੀਆਂ-ਫੜ੍ਹੀਆਂ ਵਾਲੇ ਬੈਠੇ ਹਨ, ਜਿਸ ਕਾਰਨ ਇਨ੍ਹਾਂ ਪਾਰਕਿੰਗਜ਼ ਨੂੰ ਸਮਾਰਟ ਪਾਰਕਿੰਗ ਵਿਚ ਬਦਲਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

14.78 ਕਰੋੜ ਰੁਪਏ 'ਚ ਦਿੱਤਾ ਸੀ ਕੰਮ

ਨਗਰ ਨਿਗਮ ਨੇ ਮੁੰਬਈ ਦੀ ਕੰਪਨੀ ਆਰੀਆ ਟੋਲ ਇਨਫਰਾ ਲਿਮਟਿਡ ਨੂੰ 14.78 ਕਰੋੜ ਰੁਪਏ ਵਿਚ ਪਾਰਕਿੰਗ ਦਾ ਕੰਮ ਜਾਰੀ ਕੀਤਾ ਸੀ। ਇਹ ਪਹਿਲੀ ਵਾਰ ਹੋਇਆ ਕਿ ਨਿਗਮ ਨੂੰ ਪਾਰਕਿੰਗਜ਼ ਤੋਂ ਇੰਨਾ ਮਾਲੀਆ ਪ੍ਰਾਪਤ ਹੋਇਆ। ਇਸ ਤੋਂ ਪਹਿਲਾਂ ਨਿਗਮ ਨੂੰ 6 ਕਰੋੜ ਤੋਂ ਵੱਧ ਮਾਲੀਆ ਨਹੀਂ ਮਿਲਦਾ ਸੀ। ਨਿਗਮ ਪਾਰਕਿੰਗ ਫੀਸ ਵਿਚ ਵੀ ਇਕ ਸਾਲ ਦੇ ਅੰਦਰ ਹੀ 2 ਵਾਰ ਵਾਧਾ ਕਰ ਚੁੱਕਾ ਹੈ।


Related News