ਪੰਜਾਬ ''ਚ ਵੱਡਾ ਹਾਦਸਾ, ਘਰ ''ਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ

Friday, Nov 15, 2024 - 03:10 PM (IST)

ਪੰਜਾਬ ''ਚ ਵੱਡਾ ਹਾਦਸਾ, ਘਰ ''ਚ ਅੱਗ ਲੱਗਣ ਕਾਰਨ ਮੈਡੀਕਲ ਸਟੋਰ ਮਾਲਕ ਦੀ ਮੌਤ

ਜਲੰਧਰ (ਗੁਲਸ਼ਨ)- ਪੰਜਾਬ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਵੀਰਵਾਰ ਦੇਰ ਰਾਤ ਨੂੰ ਮੈਡੀਕਲ ਸਟੋਰ ਸੰਚਾਲਕ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਜਲੰਧਰ ਸ਼ਹਿਰ ਦੇ ਪਾਸ਼ ਏਰੀਆ ਨਿਊ ਜਵਾਹਰ ਨਗਰ ਵਿਚ ਵਾਪਰੀ। ਅੱਗ ਲੱਗਣ ਬਾਰੇ ਰਾਤ ਕਰੀਬ ਡੇਢ ਵਜੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਪਤਾ ਲੱਗਾ, ਜਿਸ ਤੋਂ ਬਾਅਦ ਮੌਕੇ ਉਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਗਿਆ।  ਇਸ ਹਾਦਸੇ ਵਿਚ ਘਰ ਦੇ ਮਾਲਕ ਅਤੇ ਕੰਪਨੀ ਬਾਗ ਚੌਂਕ ਸਥਿਤ ਸਿਟੀ ਮੈਡੀਕਲ ਸਟੋਰ ਦੇ ਸੰਚਾਲਕ ਅਤੁਲ ਸੂਦ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਘਟਨਾ 'ਚ ਦੋ ਹੋਰ ਲੋਕ ਵੀ ਝੁਲਸ ਗਏ ਹਨ। ਸੂਦ ਆਪਣੀ ਪਤਨੀ ਨਾਲ ਤੀਜੀ ਮੰਜ਼ਿਲ 'ਤੇ ਸੌਂ ਰਹੇ ਸਨ। ਉਨ੍ਹਾਂ ਦੀ ਪਤਨੀ ਨੂੰ ਸਮਾਂ ਰਹਿੰਦੇ ਬਚਾ ਲਿਆ ਗਿਆ ਸੀ। 

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ

ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅੱਗ ਮੰਦਿਰ 'ਚ ਲੱਗੀ ਜੋਤ ਕਾਰਨ ਲੱਗੀ ਹੋ ਸਕਦੀ ਹੈ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ ਤਾਂ ਟੀਮਾਂ ਨੇ ਮੌਕੇ ਉਤੇ ਪਹੁੰਚੀਆਂ। ਅਗਲੇ 15 ਤੋਂ 20 ਮਿੰਟਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ’ਤੇ ਕਾਬੂ ਪਾ ਲਿਆ ਪਰ ਉਦੋਂ ਤੱਕ ਅਤੁਲ ਸੂਦ ਦੀ ਮੌਤ ਹੋ ਚੁੱਕੀ ਸੀ। ਬੇਹੋਸ਼ ਪਈ ਸੂਦ ਦੀ ਪਤਨੀ ਨੂੰ ਉਸ ਦੇ ਮੁਲਾਜ਼ਮ ਨੇ ਬਾਹਰ ਕੱਢਿਆ। ਘਰ ਦੇ ਅੰਦਰ ਮੌਜੂਦ ਸਿਟੀ ਮੈਡੀਕਲ ਸਟੋਰ ਦੇ ਕਰਮਚਾਰੀ ਗੋਪਾਲ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਅਤੁਲ ਨਾਲ ਕੰਮ ਕਰ ਰਿਹਾ ਹੈ। ਗੋਪਾਲ ਦੇ ਨਾਲ ਉਨ੍ਹਾਂ ਦੇ ਸਾਥੀ ਜਗਦੀਸ਼ ਰਾਮ ਲਾਲ ਅਤੇ ਭਗਤ ਵੀ ਮੌਜੂਦ ਸਨ। ਰਾਤ 11 ਵਜੇ ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਸਾਰੇ ਸੌਂ ਗਏ ਸਨ। ਉਹ ਗਰਾਊਂਡ ਫਲੋਰ 'ਤੇ ਸਨ ਅਤੇ ਮਾਲਕ ਅਤੁਲ ਤੀਜੀ ਮੰਜ਼ਿਲ 'ਤੇ ਸਨ।

ਦੱਸ ਦੇਈਏ ਕਿ ਜਦੋਂ ਅੱਗ ਲੱਗੀ ਤਾਂ ਘਰ ਦੇ ਅੰਦਰੋਂ ਧਮਾਕਿਆਂ ਦੀ ਆਵਾਜ਼ ਆਉਣ ਲੱਗੀ। ਧਮਾਕਿਆਂ ਦੀ ਆਵਾਜ਼ ਸੁਣ ਕੇ ਕਰਮਚਾਰੀ ਤੁਰੰਤ ਬਾਹਰ ਆਏ ਅਤੇ ਵੇਖਿਆ ਕਿ ਘਰ ਦੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਭਗਤ ਅਤੇ ਜਗਦੀਸ਼ ਉਥੋਂ ਭੱਜ ਗਏ ਪਰ ਰਾਮਲਾਲ ਉਥੇ ਹੀ ਫਸ ਗਿਆ। ਜਿਸ ਨੂੰ ਕਿਸੇ ਤਰ੍ਹਾਂ ਪੌੜੀਆਂ ਰਾਹੀਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਅੱਗ ਬੁਝਾਉਣ ਤੋਂ ਬਾਅਦ ਜਦੋਂ ਫਾਇਰ ਬ੍ਰਿਗੇਡ ਦੀ ਟੀਮ ਘਰ ਦੇ ਬਾਥਰੂਮ ਵਿੱਚ ਪਹੁੰਚੀ ਤਾਂ ਉੱਥੋਂ ਅਤੁਲ ਦੀ ਲਾਸ਼ ਬਰਾਮਦ ਹੋਈ। ਮੁੱਢਲੀ ਜਾਂਚ ਵਿੱਚ ਅਤੁਲ ਦੀ ਮੌਤ ਦਾ ਕਾਰਨ ਸਾਹ ਘੁੱਟਣਾ ਲੱਗ ਰਿਹਾ ਸੀ। ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ 

ਫਇਰ ਬ੍ਰਿਗੇਡ ਦਾ ਕਰਮਚਾਰੀ ਹੋਇਆ ਜ਼ਖ਼ਮੀ
ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਫਇਰ ਬ੍ਰਿਗੇਡ ਦਾ ਕਰਮਚਾਰੀ ਪ੍ਰਭਜੋਤ ਸ਼ੀਸ਼ੇ ਦਾ ਇਕ ਹਿੱਸਾ ਟੁੱਟ ਕੇ ਕਰਮਚਾਰੀ ਪ੍ਰਭਜੋਤ ਸਿੰਘ ਦੇ ਹੱਥ 'ਤੇ ਲੱਗ ਗਿਆ। ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਅਤੁਲ ਤਿੰਨ ਬੱਚਿਆਂ ਦੇ ਪਿਤਾ ਸਨ। ਉਨ੍ਹਾਂ  ਦੀ ਇਕ ਬੇਟੀ ਆਸਟ੍ਰੇਲੀਆ, ਬੇਟਾ ਕੈਨੇਡਾ ਇਕ ਬੇਟੀ ਦਿੱਲੀ ਵਿਚ ਹੈ। ਕ੍ਰਾਈਮ ਸੀਨ 'ਤੇ ਜਾਂਚ ਲਈ ਦੇਰ ਰਾਤ ਥਾਣਾ ਨੰਬਰ-6 ਦੀ ਪੁਲਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਖੇਡਦੇ-ਖੇਡਦੇ ਬੱਚੀ ਨਾਲ ਵਾਪਰੀ ਅਣਹੋਣੀ, ਹਾਲ ਵੇਖ ਧਾਹਾਂ ਮਾਰ ਰੋਈ ਮਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News