ਪਹਿਲੀ ਵਾਰ ਮਾਂ ਬਣਨ ਵਾਲੀਆਂ ਔਰਤਾਂ ਨੂੰ ਮਿਲੀ 1.28 ਕਰੋੜ ਦੀ ਮਦਦ

Tuesday, Jul 31, 2018 - 10:38 AM (IST)

ਲੁਧਿਆਣਾ (ਸਹਿਗਲ) : ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਪ੍ਰਧਾਨ ਮੰਤਰੀ ਮਾਤਰ ਵੰਦਨਾ' ਯੋਜਨਾ ਤਹਿਤ ਲੁਧਿਆਣਾ ਦੀਆਂ ਔਰਤਾਂ ਨੂੰ 1.28 ਕਰੋੜ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਚੁੱਕੀ ਹੈ। ਇਸ ਯੋਜਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਤੇ ਜ਼ਿਲਾ ਪ੍ਰੋਗਰਾਮ ਅਫਸਰ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਯੋਜਨਾ ਦਾ ਲਾਭ ਲੈਣ ਲਈ ਗਰਭਵਤੀ ਔਰਤਾਂ ਨੂੰ ਆਪਣੇ ਨੇੜੇ ਦੇ ਆਂਗਨਵਾੜੀ ਕੇਂਦਰ 'ਚ ਆਖਰੀ ਮਾਹਵਾਰੀ ਤਰੀਕ ਤੋਂ 150 ਦਿਨਾਂ ਦੇ ਅੰਦਰ ਰਜਿਸਟ੍ਰੇਸ਼ਨ ਤੇ ਸਿਹਤ ਕੇਂਦਰ ਤੋਂ 'ਜੱਚਾ-ਬੱਚਾ' ਸਿਹਤ ਕਾਰਡ ਜਾਰੀ ਕਰਾਉਣਾ ਜ਼ਰੂਰੀ ਹੁੰਦਾ ਹੈ। 
ਲੁਧਿਆਣਾ 'ਚ ਹੁਣ ਤੱਕ ਇਸ ਯੋਜਨਾ ਤਹਿਤ 6484 ਔਰਤਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ, ਜਿਨ੍ਹਾਂ ਨੂੰ 1,28,74,000 ਰੁਪਏ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਜਾ ਚੁੱਕੀ ਹੈ। ਇਹ ਰਾਸ਼ੀ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ 'ਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਂ ਬਣਨ ਵਾਲੀਆਂ ਰਜਿਸਟਰਡ ਔਰਤਾਂ ਨੂੰ 1,000 ਰੁਪਏ ਦੀ ਪਹਿਲੀ ਕਿਸ਼ਤ ਗਰਭ ਰਜਿਸਟਰਡ ਕਰਵਾਉਣ ਤੇ 2000 ਰੁਪਏ ਦੀ ਦੂਜੀ ਕਿਸ਼ਤ ਗਰਭ ਦੇ 6 ਮਹੀਨਿਆਂ ਤੋਂ ਪਹਿਲਾਂ ਚੈੱਕਅਪ 'ਤੇ ਅਤੇ 2000 ਰੁਪਏ ਦੀ ਤੀਜੀ ਕਿਸ਼ਤ ਬੱਚੇ ਦੇ ਪਹਿਲੇ ਦੌਰ ਦਾ ਟੀਕਾਕਰਨ ਪੂਰਾ ਹੋਣ 'ਤੇ ਮਿਲਣਯੋਗ ਹੁੰਦੀ ਹੈ। 
ਇਹ ਲਾਭ ਸਿਰਫ ਪਹਿਲੇ ਬੱਚੇ ਦੇ ਪ੍ਰਸੂਤੀ 'ਤੇ ਉਸ ਔਰਤ ਨੂੰ ਮਿਲਦੀ ਹੈ, ਜਿਸ ਦਾ ਆਪਣੇ ਨਾਂ 'ਤੇ ਸਿੰਗਲ ਬੈਂਕ ਖਾਤਾ ਹੁੰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਲਾਭ ਸਰਕਾਰ ਦੇ ਕਿਸੇ ਵੀ ਵਿਭਾਗ ਵਲੋਂ ਗਰਭਵਤੀ ਔਰਤਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਤੋਂ ਵੱਖਰਾ ਹੁੰਦਾ ਹੈ, ਜਦੋਂ ਕਿ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਪ੍ਰਸੂਤੀ ਛੁੱਟੀ (ਮੈਟਰਨਿਟੀ ਲੀਵ) ਦਾ ਲਾਭ ਲੈਣ ਵਾਲੀਆਂ ਔਰਤਾਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੀਆਂ।


Related News