ਪੰਜਾਬ 'ਚ ਮਾਘੀ ਮੇਲੇ 'ਤੇ 11 ਸਾਲਾਂ ਬਾਅਦ ਸਜੇਗਾ 'ਆਪ ਦਾ ਮੰਚ', ਭਾਜਪਾ ਪਹਿਲੀ ਵਾਰ ਠੋਕੇਗੀ ਤਾਲ
Wednesday, Jan 07, 2026 - 03:26 PM (IST)
ਸ੍ਰੀ ਮੁਕਤਸਰ ਸਾਹਿਬ/ਚੰਡੀਗੜ੍ਹ : ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣ ਵਾਲੇ ਮਾਘੀ ਮੇਲੇ 'ਤੇ ਸਿਆਸੀ ਤਾਕਤ ਦਿਖਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਜਿੱਥੇ 11 ਸਾਲਾ ਬਾਅਦ ਆਮ ਆਦਮੀ ਪਾਰਟੀ ਆਪਣਾ ਸਿਆਸੀ ਮੰਚ ਸਜਾਵੇਗੀ, ਉੱਥੇ ਹੀ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸਿਆਸੀ ਕਾਨਫਰੰਸ ਕਰੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਨਫਰੰਸ ਲਈ ਥਾਂ ਦੀ ਚੋਣ ਕਰਨ ਸਬੰਧੀ ਆਮ ਆਦਮੀ ਪਾਰਟੀ ਦੀ ਖ਼ਾਸ ਟੀਮ ਦਿੱਲੀ ਤੋਂ ਇੱਥੇ ਪੁੱਜੇਗੀ। ਮਾਘੀ ਮੇਲੇ 'ਤੇ ਬਾਦਲਾਂ ਦੇ ਗੜ੍ਹ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੀਆਂ ਸਿਆਸੀ ਕਾਨਫਰੰਸਾਂ ਦਾ ਵਿਧਾਨ ਸਭਾ ਚੋਣਾਂ-2027 ਨੂੰ ਲੈ ਕੇ ਖ਼ਾਸ ਮਹੱਤਵ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਬਾਰੇ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਬੋਲੇ- ਬੁੱਧਵਾਰ ਨੂੰ...
ਭਾਜਪਾ ਦੀ ਕਾਨਫਰੰਸ 'ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਣੇ 2 ਕੇਂਦਰੀ ਮੰਤਰੀ ਅਤੇ ਹਰਿਆਣਾ-ਰਾਜਸਥਾਨ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ। ਭਾਜਪਾ ਅਜੇ ਤੱਕ ਆਪਣੀ ਗਠਜੋੜ ਪਾਰਟੀ ਅਕਾਲੀ ਦਲ ਨਾਲ ਸਟੇਜ ਸਾਂਝੀ ਕਰਦੀ ਰਹੀ ਹੈ ਪਰ ਇਸ ਵਾਰ ਹਾਲਾਤ ਵੱਖਰੇ ਹਨ। ਉੱਥੇ ਹੀ ਆਮ ਆਦਮੀ ਪਾਰਟੀ ਨੇ 14 ਜਨਵਰੀ, 2016 ਨੂੰ ਮਾਘੀ ਮੇਲੇ 'ਤੇ ਇਤਿਹਾਸਕ ਸਿਆਸੀ ਕਾਨਫਰੰਸ ਕਰਕੇ ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਦਾ ਕੰਮ ਕੀਤਾ ਸੀ। ਹੁਣ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਮੱਦੇਨਜ਼ਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਚੋਣ ਬਿਗੁਲ ਫੂਕਣ ਲਈ ਸਥਾਨਕ ਆਗੂਆਂ ਨੂੰ ਅੰਦਰ ਹੀ ਅੰਦਰ ਤਿਆਰੀਆਂ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਈਆਂ ਰੱਦ! ਪੜ੍ਹੋ ਪੂਰੀ ਖ਼ਬਰ
ਸੁਖਬੀਰ ਬਾਦਲ ਵਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ
ਉੱਥੇ ਹੀ ਅਕਾਲੀ ਦਲ ਵੀ ਹਰ ਸਾਲ ਦੀ ਤਰ੍ਹਾਂ ਆਪਣੀ ਰਵਾਇਤੀ ਥਾਂ ਮਲੋਟ-ਬਠਿੰਡਾ ਬਾਈਪਾਸ 'ਤੇ ਕਾਨਫਰੰਸ ਕਰੇਗਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂਆਂ ਨੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਇਸ ਤੋਂ ਇਲਾਵਾ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਡੇਰਾ ਭਾਈ ਮਸਤਾਨ ਸਿੰਘ 'ਚ ਕਾਨਫਰੰਸ ਕਰਨਗੇ। ਇਸ ਤੋਂ ਇਲਾਵਾ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਿਆਸੀ ਪਾਰਟੀ 'ਵਾਰਿਸ ਪੰਜਾਬ ਦੇ' ਵਲੋਂ ਵੀ ਕਾਨਫਰੰਸ ਦਾ ਐਲਾਨ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
