'ਬੁਢਾਪਾ ਪੈਨਸ਼ਨ 3200₹, 500₹ 'ਚ ਸਿਲੰਡਰ, ਔਰਤਾਂ ਨੂੰ 2100₹...'; ਪੰਜਾਬ ਦੌਰੇ 'ਤੇ CM ਸੈਣੀ ਦਾ ਵੱਡਾ ਬਿਆਨ
Sunday, Jan 04, 2026 - 04:20 PM (IST)
ਪਟਿਆਲਾ (ਵੈੱਬ ਡੈਸਕ): ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਪੰਜਾਬ ਦੌਰੇ ਦੌਰਾਨ ਪਟਿਆਲਾ ਦੇ ਘਨੌਰ ਵਿਖੇ ਪਹੁੰਚੇ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕਰਵਾਏ ਗਏ 'ਵਰਕਰ ਮਿਲਣੀ ਸਮਾਰੋਹ' ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਵਿਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਦਿਆਂ ਇਹ ਦਾਅਵਾ ਕੀਤਾ ਕਿ ਜੋ ਵਿਕਾਸ ਕਾਰਜ ਅੱਜ ਹਰਿਆਣਾ ਵਿਚ ਹੋ ਰਹੇ ਹਨ, ਉਹ ਸਭ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ 'ਤੇ ਹੀ ਸੰਭਵ ਹੋਣਗੇ।
ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਪ੍ਰਤੀ ਮਹੀਨੇ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਬਣਨ ਸਾਰ ਆਪਣੇ ਪਹਿਲੇ ਬਜਟ ਵਿਚ ਹੀ ਉਨ੍ਹਾਂ ਨੇ ਔਰਤਾਂ ਲਈ 2000 ਕਰੋੜ ਰੁਪਏ ਰਾਖਵੇਂ ਰੱਖ ਕੇ ਉਨ੍ਹਾਂ ਦੇ ਖਾਤਿਆਂ ਵਿਚ 2100 ਰੁਪਏ ਮਹੀਨਾ ਪਹੁੰਚਾਉਣ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ 1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ 500 ਰੁਪਏ ਵਿਚ ਗੈਸ ਸਿਲੰਡਰ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਦੇਸ਼ ਦੀ ਸਭ ਤੋਂ ਵੱਧ 3200 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ ਹੈ।
ਨਾਇਬ ਸਿੰਘ ਸੈਣੀ ਨੇ ਕਿਹਾ ਕਿ 70 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਦਾ ਮੁਫ਼ਤ ਇਲਾਜ ਅਤੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਡਾਇਲਸਿਸ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਿਆਣਾ ਵਿਚ ਕਿਸਾਨਾਂ ਦੀ ਪੂਰੀ ਫ਼ਸਲ MSP 'ਤੇ ਖਰੀਦੀ ਜਾਂਦੀ ਹੈ ਅਤੇ ਫ਼ਸਲ ਦੇ ਖ਼ਰਾਬੇ ਲਈ ਹੁਣ ਤੱਕ 15,000 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਤਹਿਤ 350 ਖ਼ੂਨਦਾਨ ਕੈਂਪ ਲਗਾਏ ਗਏ ਅਤੇ ਸਕੂਲੀ ਮੁਕਾਬਲਿਆਂ ਵਿਚ 7 ਲੱਖ ਬੱਚਿਆਂ ਨੇ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਮੌਕੇ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ ਹੈ।
ਨਾਇਬ ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਵਿਕਸਿਤ ਸੂਬਾ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ ਅਤੇ ਬਲਿਦਾਨੀਆਂ ਦੀ ਧਰਤੀ ਹੈ ਅਤੇ ਭਾਜਪਾ ਇਸ ਦੀ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਸਮੂਹ ਭਾਜਪਾ ਵਰਕਰਾਂ ਨੂੰ ਤਕੜੇ ਹੋ ਕੇ ਲੋਕਾਂ ਵਿਚ ਵਿਚਰਨ ਦੀ ਅਪੀਲ ਕੀਤੀ ਤੇ ਸੂਬੇ ਵਿਚ ਸਰਕਾਰ ਬਣਾਉਣ ਲਈ ਹੁਣ ਤੋਂ ਹੀ ਸਰਗਰਮ ਹੋਣ ਲਈ ਕਿਹਾ। ਇਸ ਸਮਾਰੋਹ ਵਿਚ ਪਰਨੀਤ ਕੌਰ, ਵਿਕਾਸ ਸ਼ਰਮਾ, ਵਿਕਰਮਜੀਤ ਸਿੰਘ ਚੀਮਾ ਅਤੇ ਹੋਰ ਸਥਾਨਕ ਭਾਜਪਾ ਆਗੂ ਵੀ ਮੌਜੂਦ ਸਨ।
