ਬੁਰਕੇ ’ਚੋਂ ਬਾਹਰ ਆਉਣ ਲੱਗੀਆਂ ਪਾਕਿਸਤਾਨੀ ਔਰਤਾਂ

06/15/2023 11:45:06 AM

ਜਲੰਧਰ (ਨਰਿੰਦਰ ਮੋਹਨ)–ਪਾਕਿਸਤਾਨ ’ਚ ਵੀ ਹੁਣ ਔਰਤਾਂ ਬੁਰਕੇ ’ਚੋਂ ਬਾਹਰ ਆਉਣ ਲੱਗੀਆਂ ਹਨ। ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ, ਅੰਮ੍ਰਿਤਸਰ ਵਿਚ ਵਾਹਗਾ-ਅਟਾਰੀ, ਫਿਰੋਜ਼ਪੁਰ ਵਿਚ ਹੁਸੈਨੀਵਾਲਾ ਅਤੇ ਫਾਜ਼ਿਲਕਾ ਦੇ ਸਾਦਕੀ ਬਾਰਡਰ ’ਤੇ ਹੋਣ ਵਾਲੀ ਰਿਟ੍ਰੀਟ ਸੈਰਾਮਨੀ ਵਿਚ ਪਾਕਿਸਤਾਨੀ ਗੈਲਰੀ ’ਚ ਆਉਣ ਵਾਲੀਆਂ ਜ਼ਿਆਦਾਤਰ ਔਰਤਾਂ ਹੁਣ ਬਿਨਾਂ ਬੁਰਕੇ ਦੇ ਨਜ਼ਰ ਆਉਂਦੀਆਂ ਹਨ। ਹਾਲਾਂਕਿ ਪਾਕਿਸਤਾਨ ਵਿਚ ਆਰਥਿਕ ਅਤੇ ਸਿਆਸੀ ਸੰਕਟ ਤੋਂ ਬਾਅਦ ਪਾਕਿਸਤਾਨੀ ਗੈਲਰੀ ਵਿਚ ਆਉਣ ਵਾਲੇ ਪਾਕਿਸਤਾਨੀ ਲੋਕਾਂ ਦੀ ਗਿਣਤੀ ਘੱਟ ਹੋਈ ਹੈ ਪਰ ਪਾਕਿਸਤਾਨੀ ਰੇਂਜਰਾਂ ਦਾ ਹੌਂਸਲਾ ਵਧਾਉਣ ਲਈ ਹੁਣ ਪਾਕਿਸਤਾਨੀ ਸਕੂਲਾਂ ਦੇ ਬੱਚਿਆਂ ਨੂੰ ਪਰੇਡ ਵਿਚ ਲਿਆਂਦਾ ਜਾ ਰਿਹਾ ਹੈ, ਜਦਕਿ ਭਾਰਤ ਦੀ ਗੈਲਰੀ ’ਚ ਫਲੈਗ ਹੋਸਟਿੰਗ ਰਸਮ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਜੋਸ਼ ਭਾਰਤ ਦੇ ਵਧਦੇ ਕਦਮਾਂ ਦੀ ਕਹਾਣੀ ਬਿਆਨ ਕਰਦਾ ਹੈ।

ਇਸ ਰਸਮ ਨੂੰ ਵੇਖਣ ਲਈ ਦੋਵਾਂ ਦੇਸ਼ਾਂ ਨੇ ਸਰਹੱਦ ਨਾਲ ਲੱਗਦੇ ਇਨ੍ਹਾਂ ਤਿੰਨੋਂ ਇਲਾਕਿਆਂ ਵਿਚ ਸ਼ਾਨਦਾਰ ਪੈਵੇਲੀਅਨ ਦਾ ਵੀ ਨਿਰਮਾਣ ਕੀਤਾ ਹੈ। ਹਰ ਦਿਨ ਦੋਵਾਂ ਦੇਸ਼ਾਂ ਦੇ ਹਜ਼ਾਰਾਂ ਲੋਕ ਇਸ ਫਲੈਗ ਹੋਸਟਿੰਗ ਸੈਰਾਮਨੀ ਨੂੰ ਵੇਖਣ ਲਈ ਆਉਂਦੇ ਹਨ। ਅੰਮ੍ਰਿਤਸਰ ਵਿਚ ਵਾਹਗਾ-ਅਟਾਰੀ ਸਰਹੱਦ ’ਤੇ ਭਾਰਤ ਵਾਲੇ ਪਾਸੇ ਬਣੇ ਸਟੇਡੀਅਮ ਵਿਚ 25,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ, ਜਦਕਿ ਪਾਕਿਸਤਾਨ ਦੇ ਪਾਸੇ ਵਾਲੀ ਗੈਲਰੀ ਵਿਚ 10,000 ਦਰਸ਼ਕ ਬੈਠ ਸਕਦੇ ਹਨ। ਭਾਰਤ ਵਾਲੀ ਗੈਲਰੀ ਵਿਚ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਤੋਂ ਵੀ ਲੋਕ ਆਉਂਦੇ ਹਨ ਅਤੇ ਇਹ ਸਟੇਡੀਅਮਨੁਮਾ ਗੈਲਰੀ ਭਰੀ ਹੁੰਦੀ ਹੈ ਪਰ ਪਾਕਿਸਤਾਨ ਵਾਲੀ ਛੋਟੀ ਗੈਲਰੀ ਵਿਚ ਕੰਮ ਵਾਲੇ ਦਿਨਾਂ ’ਚ ਤਾਂ ਦਰਸ਼ਕ ਘੱਟ ਹੀ ਹੁੰਦੇ ਹਨ ਪਰ ਜੁੰਮੇ (ਸ਼ੁੱਕਰਵਾਰ) ਦੇ ਦਿਨ ਆਮ ਦਿਨਾਂ ਨਾਲੋਂ ਜ਼ਿਆਦਾ ਭੀੜ ਹੁੰਦੀ ਹੈ।

ਇਹ ਵੀ ਪੜ੍ਹੋ-  ਬਹਾਨੇ ਨਾਲ 82 ਸਾਲਾ ਦਾਦੀ ਨੂੰ ਕਾਰ 'ਚ ਬਿਠਾ ਲੈ ਗਿਆ ਬਾਹਰ, ਫਿਰ ਪੋਤੇ ਨੇ ਕੀਤਾ ਲੂ ਕੰਡੇ ਖੜ੍ਹੇ ਕਰਨ ਵਾਲਾ ਕਾਰਾ

ਫਿਰੋਜ਼ਪੁਰ ’ਚ ਹੁਸੈਨੀਵਾਲਾ-ਗੰਡਾ ਸਿੰਘ ਵਾਲਾ ਸਰਹੱਦ ’ਤੇ ਵੀ ਲਗਭਗ ਅਜਿਹੀ ਹੀ ਸਥਿਤੀ ਹੁੰਦੀ ਹੈ। ਮੁਹੰਮਦ ਅਲੀ ਜਿਨਾਹ ਦੀ ਫੋਟੋ ਵਾਲੀ ਪਾਕਿਸਤਾਨ ਦੀ ਛੋਟੀ ਬਣੀ ਗੈਲਰੀ ਵਿਚ ਹੁਣ ਅਕਸਰ ਜ਼ਿਆਦਾਤਰ ਸਕੂਲੀ ਬੱਚੇ ਹੀ ਨਜ਼ਰ ਆਉਂਦੇ ਹਨ। ਪਰੇਡ ਸ਼ੁਰੂ ਹੁੰਦੇ ਹੀ ਪਾਕਿਸਤਾਨੀ ਰੇਂਜਰਸ ਉਨ੍ਹਾਂ ਬੱਚਿਆਂ ਨੂੰ ਪਾਕਿਸਤਾਨੀ ਝੰਡੇ ਫੜਾ ਕੇ ਪਾਕਿਸਤਾਨ ਦੇ ਪੱਖ ’ਚ ਨਾਅਰੇਬਾਜ਼ੀ ਲਈ ਉਕਸਾਉਂਦੇ ਨਜ਼ਰ ਆਉਂਦੇ ਹਨ ਤਾਂ ਜੋ ਭਾਰਤ ਦੀ ਗੈਲਰੀ ਵਿਚ ਲੋਕਾਂ ਦੇ ਜੋਸ਼ ਦਾ ਮੁਕਾਬਲਾ ਕੀਤਾ ਜਾ ਸਕੇ ਪਰ ਭਾਰਤੀ ਲੋਕਾਂ ਦੇ ਜੋਸ਼ ਹੇਠ ਪਾਕਿਸਤਾਨੀ ਅਵਾਮ ਅਤੇ ਰੇਂਜਰਸ ਦੀ ਪਰੇਡ ਦੀ ਅਵਾਜ਼ ਦੱਬ ਕੇ ਰਹਿ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਇਹ ਦ੍ਰਿਸ਼ ਵੀ ਆਉਣ ਲੱਗਾ ਹੈ ਕਿ ਪਾਕਿਸਤਾਨੀ ਔਰਤਾਂ ਬੁਰਕੇ ’ਚੋਂ ਬਾਹਰ ਆਉਣ ਲੱਗੀਆਂ ਹਨ। ਪਾਕਿਸਤਾਨੀ ਗੈਲਰੀ ਵਿਚ ਜਿੰਨੀਆਂ ਔਰਤਾਂ ਬੁਰਕਨਾਸ਼ੀਨ ਹੁੰਦੀਆਂ ਹਨ, ਉਸ ਨਾਲੋਂ ਵੀ ਜ਼ਿਆਦਾ ਪਾਕਿਸਤਾਨੀ ਔਰਤਾਂ ਬੇਪਰਦਾ ਹੁੰਦੀਆਂ ਹਨ ਭਾਵ ਬਿਨਾਂ ਬੁਰਕੇ ਦੇ ਆਉਂਦੀਆਂ ਹਨ, ਜਦੋਂਕਿ ਸਕੂਲੀ ਬੱਚੀਆਂ ਵਿਚ ਕੋਈ ਬੁਰਕਾਧਾਰੀ ਨਹੀਂ ਹੁੰਦੀ, ਬਸ ਸਿਰ ’ਤੇ ਚੁੰਨੀ ਲਈ ਹੁੰਦੀ ਹੈ। ਫਾਜ਼ਿਲਕਾ ਦੀ ਸਾਦਕੀ ਸਰਹੱਦ ’ਤੇ ਭਾਰਤ ਦਾ ਵਿਸ਼ਾਲ ਤਿਰੰਗਾ ਹੀ ਪਾਕਿਸਤਾਨ ਦਾ ਕੱਦ ਛੋਟਾ ਕਰਦਾ ਹੈ। ਪਾਕਿਸਤਾਨ ਤੋਂ ਇਸ ਸਰਹੱਦ ’ਤੇ ਕਦੇ-ਕਦੇ ਹੀ ਜ਼ਿਆਦਾ ਭੀੜ ਹੁੰਦੀ ਹੈ ਪਰ ਇਨ੍ਹਾਂ ਵਿਚੋਂ ਵੀ ਕਦੇ-ਕਦੇ ਵਿਛੜੀਆਂ ਅੱਖਾਂ ਇਕ-ਦੂਜੇ ਦੇ ਦੇਸ਼ ਦੀ ਗੈਲਰੀ ਵਿਚ ਕਿਸੇ ਆਪਣੇ ਨੂੰ ਲੱਭਦੀਆਂ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ

ਵਰਣਨਯੋਗ ਹੈ ਕਿ ਵੰਡ ਤਕ ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸਰਹੱਦ ਤੋਂ ਹੁਣ ਦੇ ਭਾਰਤ-ਪਾਕਿਸਤਾਨ ਵਿਚ ਰੇਲ ਗੱਡੀਆਂ ਦਾ ਆਉਣਾ-ਜਾਣਾ ਸੀ। ਫਾਜ਼ਿਲਕਾ ਤੇ ਫਿਰੋਜ਼ਪੁਰ ਵਿਚ ਵੰਡ ਦੇ ਸਮੇਂ ਹਿੰਦੂ, ਸਿੱਖ ਤੇ ਮੁਸਲਮਾਨ ਸਰਹੱਦਾਂ ਦੇ ਆਸ-ਪਾਸ ਹੀ ਮੁੜ ਵਾਪਸ ਆਉਣ ਦੀ ਉਮੀਦ ਵਿਚ ਵਸ ਗਏ ਸਨ। ਸਰਹੱਦ ਤਾਂ ਟੁੱਟੀ ਨਹੀਂ ਪਰ ਇੱਧਰ-ਉੱਧਰ ਵਸੇ ਲੋਕ ਟੁੱਟ ਗਏ। ਫਿਰੋਜ਼ਪੁਰ ਵਿਚ ਹੁਸੈਨੀਵਾਲਾ ਸਰਹੱਦ ’ਤੇ ਨੋਇਡਾ ਤੋਂ ਪਰੇਡ ਵੇਖਣ ਆਏ ਜੋੜੇ ਆਸ਼ੂਤੋਸ਼ ਰਾਣਾ-ਰੁਚੀ ਦਾ ਕਹਿਣਾ ਸੀ ਕਿ ਅਸਲ ਵਿਚ ਭਾਰਤ ਦੀ ਪਰੇਡ ਉਸ ਦੀ ਸ਼ਕਤੀ, ਵਿਕਾਸ ਅਤੇ ਸਰਹੱਦ ’ਤੇ ਤਾਇਨਾਤ ਬੀ. ਐੱਸ. ਐੱਫ਼. ਦੇ ਜਵਾਨਾਂ ਦੇ ਹੌਂਸਲੇ ਨੂੰ ਦਰਸਾਉਂਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਘੱਟੋ-ਘੱਟ ਭਾਰਤ ਦੀ ਗੈਲਰੀ ਨੂੰ ਹੀ ਵੇਖ ਕੇ ਪਾਕਿਸਤਾਨੀ ਔਰਤਾਂ ਨੇ ਪਰਦੇ ’ਚੋਂ ਬਾਹਰ ਆਉਣਾ ਸ਼ੁਰੂ ਕੀਤਾ, ਜੋ ਕਿ ਔਰਤਾਂ ਲਈ ਚੰਗੀ ਗੱਲ ਹੈ। ਪਰੇਡ ਤੋਂ ਬਾਅਦ ਇਸ ਵਿਚ ਸ਼ਾਮਲ ਬੀ. ਐੱਸ. ਐੱਫ਼. ਦੇ ਜਵਾਨਾਂ ਨਾਲ ਫੋਟੋ ਕਰਵਾਉਣਾ ਉਨ੍ਹਾਂ ਨੂੰ ਦੇਸ਼ ਦੇ ਅਸਲੀ ਹੀਰੋ ਹੋਣ ਦਾ ਅਹਿਸਾਸ ਦਿਵਾਉਂਦਾ ਹੈ।

ਇਹ ਵੀ ਪੜ੍ਹੋ-  ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਇਸ ਦਿਨ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News