ਘਰ ਦੇ ਬਾਹਰ ਹੋਈ ਤਾੜ-ਤਾੜ, ਮੋਟਰਸਾਈਕਲ ''ਤੇ ਆਏ ਨੌਜਵਾਨਾਂ ਨੇ ਕੀਤੇ 35 ਫਾਇਰ

Saturday, Nov 08, 2025 - 01:58 PM (IST)

ਘਰ ਦੇ ਬਾਹਰ ਹੋਈ ਤਾੜ-ਤਾੜ, ਮੋਟਰਸਾਈਕਲ ''ਤੇ ਆਏ ਨੌਜਵਾਨਾਂ ਨੇ ਕੀਤੇ 35 ਫਾਇਰ

ਮੋਹਾਲੀ (ਜੱਸੀ) : ਮੋਹਾਲੀ ਦੇ ਫੇਜ਼-7 ਵਿਖੇ ਦੇਰ ਰਾਤ ਸਾਢੇ 12 ਵਜੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ 35 ਦੇ ਕਰੀਬ ਫਾਇਰ ਕੀਤੇ ਗਏ ਤੇ ਗੋਲੀਆਂ ਲੱਗਣ ਕਾਰਨ ਘਰ ਦੇ ਬਾਹਰ ਖੜ੍ਹੀਆਂ ਤਿੰਨ ਕਾਰਾਂ ਨੁਕਸਾਨੀਆਂ ਗਈਆਂ ਹਨ। ਜਿਸ ਘਰ ’ਤੇ ਫਾਇਰਿੰਗ ਕੀਤੀ ਗਈ, ਉਹ ਐੱਨ. ਆਰ. ਆਈ. ਪੁਲਸ ਸਟੇਸ਼ਨ ਦੇ ਪਿਛਲੇ ਪਾਸੇ ਸਥਿਤ ਹੈ। ਸੀ. ਸੀ. ਟੀ. ਵੀ. ਫੁਟੇਜ 'ਚ ਨਜ਼ਰ ਆ ਰਿਹਾ ਹੈ ਕਿ ਇਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀ ਘਰ ਦੇ ਬਾਹਰ ਆ ਕੇ ਰੁੱਕਦੇ ਹਨ ਅਤੇ ਆਪਣੇ ਰਿਵਾਲਵਰ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਹਨ।

ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਸਟਾਰਟ ਰਹਿੰਦਾ ਹੈ ਅਤੇ ਉਸ ਦੀ ਲਾਈਟ ਵੀ ਚੱਲਦੀ ਰਹਿੰਦੀ ਹੈ। ਇਹ ਦੋਵੇਂ ਹਮਲਾਵਰ ਆਪਣੇ ਰਿਵਾਰਲਰ ’ਚ ਗੋਲੀਆਂ ਵੀ ਭਰਦੇ ਹਨ ਅਤੇ ਫਿਰ ਲਗਾਤਾਰ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ। ਹਮਲਾਵਰਾਂ ਲਗਭਗ ਇਕ ਡੇਢ ਮਿੰਟ ਤੱਕ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ ਤੇ ਬਾਅਦ ’ਚ ਉਕਤ ਦੋਵੇਂ ਨੌਜਵਾਨ ਫ਼ਰਾਰ ਹੋ ਜਾਂਦੇ ਹਨ। ਇਸ ਸਬੰਧੀ ਮਕਾਨ ਮਾਲਕ ਮਨਿੰਦਰ ਸਿੰਘ ਜੋ ਕਿ ਰਿਟਾਇਰਡ ਕਰਮਚਾਰੀ ਹੈ, ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਪਿਛਲੇ ਸਮੇਂ ਦੌਰਾਨ ਉਨਾਂ ਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਧਮਕੀ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਬਾਹਰ ਨਿਕਲ ਕੇ ਦੇਖਿਆ ਕਿ ਮੁਲਜ਼ਮ ਬਾਹਰ ਖੜੀਆਂ ਕਾਰਾਂ ਦਾ ਕਾਫੀ ਨੁਕਸਾਨ ਕਰ ਗਏ ਹਨ। ਮਕਾਨ ਮਾਲਕ ਵੱਲੋਂ ਇਸ ਵਾਰਦਾਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਜਿਸ ’ਤੇ ਵੱਡੀ ਗਿਣਤੀ ’ਚ ਪੁਲਸ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਥਾਣਾ ਮਟੌਰ ਦੇ ਮੁਖੀ ਅਮਨਦੀਪ ਸਿੰਘ ਕੰਬੋਜ ਨੇ ਕਿਹਾ ਕਿ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ ਤੇ ਹਮਲਾਵਰਾਂ ਦੇ ਆਉਣ ਜਾਣ ਵਾਲੇ ਰਸਤਿਆਂ ਤੋਂ ਉਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਜਲਦ ਫਾਇਰਿੰਗ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Babita

Content Editor

Related News