ਪਾਕਿਸਤਾਨੀ ਧਰਤੀ ’ਤੇ ਸਿੱਖ ਤੀਰਥ ਯਾਤਰੀ ਦਾ ਧਰਮ ਪਰਿਵਰਤਨ, ਸਰਬਜੀਤ ਕੌਰ ਬਣੀ ਨੂਰ ਹੁਸੈਨ
Friday, Nov 14, 2025 - 11:25 PM (IST)
ਅੰਮ੍ਰਿਤਸਰ (ਆਰ. ਗਿੱਲ) - ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਸਫ਼ਰ ’ਤੇ ਗਈ ਪੰਜਾਬ ਦੀ ਸਿੱਖ ਔਰਤ ਸਰਬਜੀਤ ਕੌਰ ਦਾ ਅਚਾਨਕ ਗੁੰਮ ਹੋਣਾ ਹੁਣ ਧਰਮ ਪਰਿਵਰਤਨ ਅਤੇ ਨਿਕਾਹ ਦੇ ਦਾਅਵੇ ਨਾਲ ਜੁੜ ਗਿਆ ਹੈ।
ਕਪੂਰਥਲਾ ਜ਼ਿਲੇ ਦੇ ਅਮਨੀਪੁਰ ਪਿੰਡ (ਡਾਕਖਾਨਾ ਟਿੱਬਾ) ਵਾਸੀ ਸਰਬਜੀਤ 4 ਨਵੰਬਰ ਨੂੰ 1,923 ਸਿੱਖ ਸ਼ਰਧਾਲੂਆਂ ਦੇ ਵਿਸ਼ਾਲ ਜਥੇ ਨਾਲ ਅਟਾਰੀ ਵਾਲਾ ਸਰਹੱਦੀ ਗੋਧਾ ਪਾਰ ਕਰ ਕੇ ਪਾਕਿਸਤਾਨ ਪਹੁੰਚੀ ਸੀ ਪਰ 13 ਨਵੰਬਰ ਨੂੰ ਜਥਾ ਵਾਪਸ ਆਉਣ ਸਮੇਂ ਉਹ ਨਜ਼ਰ ਨਹੀਂ ਆਈ, ਜਿਸ ਨਾਲ ਸਿਰਫ਼ 1,922 ਯਾਤਰੀ ਹੀ ਵਤਨ ਪਰਤੇ। ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਨਿਕਾਹਨਾਮੇ ਅਨੁਸਾਰ ਉਸ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਨਾਮ ਬਦਲ ਕੇ ਨੂਰ ਹੁਸੈਨ ਬਣ ਗਈ ਹੈ, ਜੋ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਵਿਆਹ ਨਾਲ ਜੁੜੀ ਹੋਈ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਨੇ ਨਿਸ਼ਚਿਤ ਕੀਤਾ ਹੈ ਕਿ ਸਰਬਜੀਤ ਜਥੇ ਦੀ ਅਧਿਕਾਰਤ ਮੈਂਬਰ ਸੀ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿਚ ਇਹ ਯਾਤਰਾ ਨਨਕਾਣਾ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਲਈ ਸੀ। ਜਥੇ ਦੇ ਮੈਂਬਰਾਂ ਨੇ ਦੱਸਿਆ ਕਿ 10 ਦਿਨਾਂ ਦੇ ਸਫ਼ਰ ਦੇ ਅੰਤ ਵਿਚ ਲਾਹੌਰ ਤੋਂ ਵਾਪਸੀ ਸਮੇਂ ਉਹ ਅਚਾਨਕ ਅਲੋਪ ਹੋ ਗਈ। ਭਾਰਤੀ ਤੇ ਪਾਕਿਸਤਾਨੀ ਇਮੀਗ੍ਰੇਸ਼ਨ ਰਿਕਾਰਡਾਂ ਵਿਚ ਨਾ ਤਾਂ ਉਸ ਦੀ ਪਾਕਿਸਤਾਨ ਤੋਂ ਰਵਾਨਗੀ ਦਾ ਰਿਕਾਰਡ ਹੈ ਅਤੇ ਨਾ ਹੀ ਭਾਰਤ ਵਾਪਸੀ ਦਾ, ਜਿਸ ਨਾਲ ਸੁਰੱਖਿਆ ਏਜੰਸੀਆਂ ਵਿਚ ਚਿੰਤਾ ਵਧ ਗਈ ਹੈ।
