ਪਾਕਿਸਤਾਨੀ ਹਿੰਦੂ ਯਾਤਰੀਆਂ ਦੇ ਮੁੱਦੇ ''ਤੇ ਕੈਪਟਨ ਤੇ ਭਾਜਪਾ ''ਚ ਸਿਹਰਾ ਲੈਣ ਦੀ ਦੌੜ

02/17/2018 6:40:04 AM

ਚੰਡੀਗੜ੍ਹ/ਜਲੰਧਰ/ਅੰਮ੍ਰਿਤਸਰ (ਭੁੱਲਰ, ਧਵਨ, ਨੀਰਜ, ਕਮਲ)  - ਪਾਕਿਸਤਾਨ ਤੋਂ ਆਏ 140 ਹਿੰਦੂ ਯਾਤਰੀਆਂ ਨੂੰ ਹਰਿਦੁਆਰ ਜਾਣ ਲਈ 15 ਦਿਨ ਦਾ ਵੀਜ਼ਾ ਦਿਵਾਉਣ ਦੇ ਮੁੱਦੇ 'ਤੇ ਪੰਜਾਬ ਕਾਂਗਰਸ ਅਤੇ ਭਾਜਪਾ ਵਿਚਕਾਰ ਸਿਹਰਾ ਲੈਣ ਦੀ ਦੌੜ ਲੱਗੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵੱਲੋਂ ਇਸ ਸਬੰਧ 'ਚ ਟਵੀਟ ਕਰਕੇ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਕਿ ਪਾਕਿਸਤਾਨੀ ਯਾਤਰੀਆਂ ਨੂੰ ਵੀਜ਼ੇ ਉਨ੍ਹਾਂ ਨੇ ਦਿਵਾਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਪਾਕਿਸਤਾਨੀ ਯਾਤਰੂਆਂ ਨੂੰ ਵੀਜ਼ੇ ਦਿੱਤੇ ਜਾਣ ਲਈ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਇਸ ਟਵੀਟ ਵਿਚ ਕੈਪਟਨ ਨੇ ਕਾਂਗਰਸ ਦੇ ਦਾਅਵੇ ਨੂੰ ਹੋਰ ਪੁਖਤਾ ਕਰਨ ਲਈ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦਾ ਵੀ ਧੰਨਵਾਦ ਕੀਤਾ ਹੈ। ਕੈਪਟਨ ਨੇ ਕਿਹਾ ਕਿ ਡਾ. ਵੇਰਕਾ ਨੇ ਮੇਰੇ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਪਾਕਿਸਤਾਨੀ ਯਾਤਰੀਆਂ ਨੂੰ ਵੀਜ਼ਾ ਦਿਵਾਉਣ ਲਈ ਕੇਂਦਰੀ ਵਿਦੇਸ਼ ਮੰਤਰਲਾ ਤੱਕ ਪਹੁੰਚ ਕਰਕੇ ਮਾਮਲਾ ਹੱਲ ਕਰਵਾਇਆ।
ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਨੇ ਆਪਣੇ ਟਵੀਟ 'ਚ ਇਸ ਮਾਮਲੇ ਦਾ ਸਿਹਰਾ ਲੈਣ ਦਾ ਯਤਨ ਕੀਤਾ ਹੈ। ਉਨ੍ਹਾਂ ਇਸ ਲਈ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 15 ਫਰਵਰੀ ਨੂੰ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਯਾਤਰੀਆਂ ਦੇ ਵੀਜ਼ੇ ਦੀ ਮਿਆਦ ਵਧਾਉਣ ਲਈ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ ਸੀ।
ਇਹ ਸੀ ਮਾਮਲਾ
ਜ਼ਿਕਰਯੋਗ ਹੈ ਕਿ 12 ਫਰਵਰੀ ਨੂੰ ਅਟਾਰੀ ਸਰਹੱਦ ਪਾਰ ਕਰਕੇ ਭਾਰਤ ਆਏ ਕਰਾਚੀ (ਪਾਕਿਸਤਾਨ) ਦੇ 140 ਹਿੰਦੂ ਹਰਿਦੁਆਰ ਜਾਣ ਨੂੰ ਤਰਸ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਸਿਰਫ਼ ਕਰਾਚੀ ਤੋਂ ਅੰਮ੍ਰਿਤਸਰ ਤੱਕ ਦਾ ਵੀਜ਼ਾ ਮਿਲਿਆ ਸੀ ਅਤੇ ਇਹ ਹਿੰਦੂ ਪਰਿਵਾਰ ਬੀਤੇ 3 ਦਿਨਾਂ ਤੋਂ ਅੰਮ੍ਰਿਤਸਰ ਦੇ ਪੁਲਸ ਥਾਣਿਆਂ ਦੇ ਚੱਕਰ ਕੱਟ ਰਹੇ ਸਨ। ਪੁਲਸ ਵੱਲੋਂ ਇਨ੍ਹਾਂ ਨੂੰ 16 ਫਰਵਰੀ ਨੂੰ ਪਾਕਿਸਤਾਨ ਪਰਤ ਜਾਣ ਦਾ ਹੁਕਮ ਦਿੱਤਾ ਗਿਆ ਸੀ ਅਤੇ ਜੇਕਰ ਇਹ ਅਜਿਹਾ ਨਹੀਂ ਕਰਦੇ ਤਾਂ ਇਨ੍ਹਾਂ 'ਤੇ ਕਾਨੂੰਨੀ ਕਾਰਵਾਈ ਤੈਅ ਸੀ।


Related News