ਮਾਛੀਵਾੜਾ ਮੰਡੀ ''ਚ ਝੋਨੇ ਦੇ ਘੱਟ ਝਾੜ ਦੇ ਬਾਵਜੂਦ ਆਮਦ ਵਧੀ

11/13/2019 6:44:59 PM

ਮਾਛੀਵਾੜਾ ਸਾਹਿਬ (ਟੱਕਰ) : ਝੋਨੇ ਦੀ ਬਿਜਾਈ ਦੌਰਾਨ ਮੀਂਹ ਤੇ ਹੜ੍ਹ ਵਰਗੇ ਹਾਲਾਤ ਹੋਣ ਕਾਰਨ ਮਾਛੀਵਾੜਾ ਇਲਾਕੇ 'ਚ ਇਸ ਦੇ ਝਾੜ 'ਤੇ ਸਿੱਧਾ ਅਸਰ ਪਿਆ ਅਤੇ ਮੰਡੀਆਂ ਵਿਚ ਜੋ ਫਸਲ ਵਿਕਣ ਲਈ ਵੀ ਆਈ ਉਸ ਵਿਚ ਫਸਲ ਦਾ ਝਾੜ 28 ਤੋਂ 30 ਕੁਇੰਟਲ ਪ੍ਰਤੀ ਏਕੜ ਨਿਕਲਣ ਦੀ ਬਜਾਏ ਔਸਤਨ 22 ਤੋਂ 24 ਕੁਇੰਟਲ ਹੀ ਰਿਹਾ ਪਰ ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਝਾੜ ਘਟਣ ਦੇ ਬਾਵਜੂਦ ਫਸਲ ਦੀ ਆਮਦ ਨੇ ਪਿਛਲੇ ਸਾਲ ਦੇ ਰਿਕਾਰਡ ਤੋੜ ਦਿੱਤੇ ਅਤੇ 12 ਲੱਖ 56 ਹਜ਼ਾਰ ਦਾ ਟੀਚਾ ਪਾਰ ਕਰ ਲਿਆ। ਮਾਰਕਿਟ ਕਮੇਟੀ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਮਾਛੀਵਾੜਾ ਅਨਾਜ ਮੰਡੀ ਤੋਂ ਇਲਾਵਾ ਉਪ ਖਰੀਦ ਕੇਂਦਰ ਹੇਡੋਂ ਬੇਟ, ਸ਼ੇਰਪੁਰ ਬੇਟ ਤੇ ਬੁਰਜ ਪਵਾਤ ਵਿਖੇ 12 ਲੱਖ 56 ਹਜ਼ਾਰ 810 ਕੁਇੰਟਲ ਝੋਨੇ ਦੀ ਖਰੀਦ ਹੋਈ ਸੀ ਪਰ ਇਸ ਸਾਲ ਹੁਣ ਤੱਕ ਇਨ੍ਹਾਂ ਖਰੀਦ ਕੇਂਦਰਾਂ 'ਚੋਂ ਸਰਕਾਰੀ ਖਰੀਦ ਏਜੰਸੀਆਂ ਨੇ 13 ਲੱਖ 4 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ 10 ਤੋਂ 15 ਹਜ਼ਾਰ ਕੁਇੰਟਲ ਝੋਨਾ ਹੋਰ ਆਉਣ ਦੀ ਸੰਭਾਵਨਾ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਨਾਲੋਂ ਹੁਣ ਮਾਛੀਵਾੜਾ ਮੰਡੀਆਂ 'ਚ ਕਿਸਾਨਾਂ ਦੀ ਫਸਲ ਦੇ ਘੱਟ ਝਾੜ ਦੇ ਬਾਵਜੂਦ 50 ਹਜ਼ਾਰ ਕੁਇੰਟਲ ਤੋਂ ਵੱਧ ਫਸਲ ਖਰੀਦੀ ਜਾ ਚੁੱਕੀ ਹੈ।

ਘੱਟ ਝਾੜ ਦੇ ਬਾਵਜੂਦ ਵੱਧ ਫਸਲ ਆਉਣ ਦੇ ਕੀ ਹਨ ਕਾਰਨ?

ਮਾਛੀਵਾੜਾ ਮੰਡੀ 'ਚ ਕਿਸਾਨਾਂ ਦੀ ਫਸਲ ਦਾ ਝਾੜ ਘਟਣ ਕਾਰਨ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਵਾਰ 50 ਹਜ਼ਾਰ ਤੋਂ 1 ਲੱਖ ਕੁਇੰਟਲ ਝੋਨੇ ਦੀ ਆਮਦ ਘਟੇਗੀ ਪਰ ਅੰਕੜਾ 50 ਹਜ਼ਾਰ ਕੁਇੰਟਲ ਵਧ ਗਿਆ ਜਿਸਦਾ ਆੜ੍ਹਤੀਆਂ ਵਲੋਂ ਕਾਰਨ ਦੱਸਿਆ ਜਾ ਰਿਹਾ ਹੈ ਕਿ ਨਾਲ ਲੱਗਦੀ ਕੂੰਮਕਲਾਂ ਮੰਡੀ ਵਿਚ ਇਸ ਵਾਰ ਸ਼ੈਲਰ ਮਾਲਕਾਂ ਵਲੋਂ ਬੜੀ ਸਖ਼ਤੀ ਨਾਲ 17 ਫੀਸਦੀ ਨਮੀ ਵਾਲਾ ਝੋਨਾ ਮਿਲਿੰਗ ਲਈ ਲਗਾਇਆ ਗਿਆ ਅਤੇ ਜੇਕਰ ਵੱਧ ਨਮੀ ਵਾਲਾ ਝੋਨਾ ਮੰਡੀ 'ਚੋਂ ਚੁੱਕਿਆ ਜਾਂਦਾ ਸੀ ਤਾਂ ਉਸ ਲਈ ਆੜ੍ਹਤੀਆਂ ਨੂੰ ਝੋਨੇ ਦੀਆਂ ਵਾਧੂ ਬੋਰੀਆਂ ਦੇਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਜਿਸ ਕਾਰਨ ਘਾਟਾ ਪੈਂਦਾ ਦੇਖ ਆੜ੍ਹਤੀਆਂ ਨੇ ਮੰਡੀ ਵਿਚ ਕਿਸਾਨਾਂ ਦਾ ਝੋਨਾ ਵਿਕਣ ਲਈ ਲਿਆਉਣਾ ਸ਼ੁਰੂ ਕਰ ਦਿੱਤਾ। ਮਾਛੀਵਾੜਾ ਮੰਡੀ ਨਾਲ ਜੁੜੇ ਸ਼ੈਲਰ ਮਾਲਕਾਂ ਨੇ ਕਿਸਾਨਾਂ ਲਈ ਕੁੱਝ ਨਰਮਾਈ ਵਰਤੀ ਤੇ ਇੱਥੋਂ ਦੇ ਸ਼ੈਲਰ ਮਾਲਕ 19 ਫੀਸਦੀ ਨਮੀ ਵਾਲਾ ਝੋਨਾ ਮਿਲਿੰਗ ਲਈ ਚੁੱਕਣ ਲੱਗ ਪਏ ਅਤੇ ਇਸ ਕਾਰਨ ਮਾਛੀਵਾੜਾ ਮੰਡੀ 'ਚ ਝੋਨੇ ਦੀ ਆਮਦ ਵਧੀ। ਦੂਸਰਾ ਕਾਰਨ ਨਵਾਂਸ਼ਹਿਰ ਅਤੇ ਨਾਲ ਲੱਗਦੇ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਈ ਪਿੰਡਾਂ ਤੋਂ ਝੋਨਾ ਮਾਛੀਵਾੜਾ ਮੰਡੀ 'ਚ ਵਿਕਣ ਲਈ ਆਇਆ ਜਿਸ ਕਾਰਨ ਖਰੀਦ ਦੀ ਟੀਚਾ ਪਿਛਲੇ ਸਾਲ ਨਾਲੋਂ ਵਧ ਗਿਆ ਦੱਸਿਆ ਜਾ ਰਿਹਾ ਹੈ।

ਬਾਹਰਲੇ ਸੂਬਿਆਂ ਤੋਂ ਵੀ ਮਾਛੀਵਾੜਾ ਮੰਡੀ 'ਚ ਝੋਨਾ ਆਉਣ ਦਾ ਚਰਚਾ

ਚਰਚਾ ਹੈ ਕਿ ਨਿਯਮਾਂ ਤੋਂ ਉਲਟ ਜਾ ਕੇ ਬਾਹਰਲੇ ਸੂਬਿਆਂ ਤੋਂ 1-2 ਆੜ੍ਹਤੀਆਂ ਵਲੋਂ ਸਸਤਾ ਝੋਨਾ ਲਿਆ ਕੇ ਮਾਛੀਵਾੜਾ ਮੰਡੀ 'ਚ ਸਮਰਥਨ ਮੁੱਲ 'ਤੇ ਵੇਚ ਦਿੱਤਾ ਗਿਆ ਜਿਸ ਨਾਲ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਰਗੜਾ ਲਗਾਇਆ ਗਿਆ। ਕੁੱਝ ਦਿਨ ਪਹਿਲਾਂ ਮਾਰਕਿਟ ਕਮੇਟੀ ਅਧਿਕਾਰੀਆਂ ਨੂੰ ਇਹ ਭਿਨਕ ਵੀ ਲੱਗੀ ਸੀ ਕਿ ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰੇ ਟਰਾਲੇ ਮੰਡੀ ਦੇ ਬਾਹਰ ਬਣੇ ਆਰਜ਼ੀ ਫੜ੍ਹਾਂ ਵਿਚ ਉਤਰ ਰਹੇ ਹਨ ਜਿਸ 'ਤੇ ਉਚ ਅਧਿਕਾਰੀਆਂ ਨੇ ਸਾਰੀ ਮੰਡੀ ਦੀ ਛਾਣਬੀਣ ਕੀਤੀ ਪਰ ਉਨ੍ਹਾਂ ਦੇ ਪੱਲੇ ਕੁੱਝ ਨਾ ਪਿਆ। ਜਾਣਕਾਰੀ ਅਨੁਸਾਰ ਜਿਨ੍ਹਾਂ ਸੂਬਿਆਂ 'ਚ ਝੋਨੇ ਦਾ ਸਮਰਥਨ ਮੁੱਲ ਨਹੀਂ ਹੈ ਉਥੇ 1400 ਰੁਪਏ ਪ੍ਰਤੀ ਕੁਇੰਟਲ ਝੋਨਾ ਖਰੀਦ ਕੇ ਕੁੱਝ ਵਪਾਰੀ ਪੰਜਾਬ ਦੀਆਂ ਮੰਡੀਆਂ 'ਚ ਲਿਆ ਕੇ ਸਮਰਥਨ ਮੁੱਲ 1835 ਰੁਪਏ ਪ੍ਰਤੀ ਕੁਇੰਟਲ ਵੇਚ ਕੇ ਚੋਖਾ ਮੁਨਾਫ਼ਾ ਕਮਾ ਰਹੇ ਹਨ ਅਤੇ ਮਾਛੀਵਾੜਾ ਮੰਡੀ ਵਿਚ ਵੀ ਬਾਹਰਲੇ ਸੂਬਿਆਂ ਤੋਂ ਆਏ ਝੋਨੇ ਕਾਰਨ ਆਮਦ ਵਿਚ ਵਾਧਾ ਚਰਚਾ ਵਿਚ ਹੈ। 


Gurminder Singh

Content Editor

Related News