ਓਵਰਲੋਡ ਟੈਂਪੂ ਮੋਟਰਸਾਈਕਲ ''ਤੇ ਪਲਟਿਆ, 2 ਵਿਅਕਤੀ ਜ਼ਖਮੀ
Tuesday, Nov 14, 2017 - 01:35 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਇਕ ਓਵਰਲੋਡ ਟੈਂਪੂ ਦਾ ਸੰਤੁਲਨ ਵਿਗੜਨ ਕਾਰਨ ਮੋਟਰਸਾਈਕਲ 'ਤੇ ਪਲਟ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਅਤੇ ਟੈਂਪੂ ਚਾਲਕ ਜ਼ਖਮੀ ਹੋ ਗਏ।
ਪੁਲਸ ਚੌਕੀ ਇੰਡਸਟਰੀ ਏਰੀਆ ਦੇ ਇੰਚਾਰਜ ਧਰਮਪਾਲ ਨੇ ਦੱਸਿਆ ਕਿ ਟੈਂਪੂ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਨਾਥੀਆ ਕੋਠੇ ਜ਼ਿਲਾ ਬਠਿੰਡਾ ਆਈ.ਟੀ.ਆਈ. ਚੌਕ ਤੋਂ ਰਾਏਕੋਟ ਵੱਲ ਜਾ ਰਿਹਾ ਸੀ। ਓਵਰਲੋਡ ਹੋਣ ਕਾਰਨ ਟੈਂਪੂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਨਾਲ ਦੀ ਲੰਘ ਰਹੇ ਇਕ ਮੋਟਰਸਾਈਕਲ ਸਵਾਰ 'ਤੇ ਪਲਟ ਗਿਆ, ਜਿਸ ਕਾਰਨ ਉਕਤ ਟੈਂਪੂ ਚਾਲਕ ਅਤੇ ਮੋਟਰਸਾਈਕਲ ਸਵਾਰ ਕਪਤਾਨ ਸਿੰਘ ਪੁੱਤਰ ਸਲੇਟੀ ਸਿੰਘ ਵਾਸੀ ਯੂ.ਪੀ. ਹਾਲ ਆਬਾਦ ਬਰਨਾਲਾ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਟ੍ਰਾਈਡੈਂਟ ਗਰੁੱਪ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਾਰਵਾਇਆ ਗਿਆ, ਜਿਥੇ ਖਬਰ ਲਿਖੇ ਜਾਣ ਤੱਕ ਡਾਕਟਰ ਅਤੇ ਪੁਲਸ ਆਪਣੇ ਕੰਮ ਵਿਚ ਜੁਟੇ ਹੋਏ ਸਨ।