ਪੰਜਾਬ ਦੇ ਇਸ ਵੱਡੇ ਆਗੂ ਦਾ ਪੁੱਤ ਭਗੌੜਾ ਕਰਾਰ, ਜਾਣੋ ਕੀ ਹੈ ਪੂਰਾ ਮਾਮਲਾ
Friday, Aug 01, 2025 - 03:25 PM (IST)

ਪਟਿਆਲਾ/ਨਾਭਾ (ਬਲਜਿੰਦਰ/ਪੁਰੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਵਿਸ਼ੇਸ਼ ਅਦਾਲਤ ਨੇ 2024 ਦੇ ਮਨੀ ਲਾਂਡਰਿੰਗ (ਪੀਐੱਮਐੱਲਏ) ਮਾਮਲੇ ਵਿਚ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਹਰਪ੍ਰੀਤ ਸਿੰਘ ਦੀਆਂ ਜਾਇਦਾਦਾਂ ਦੇ ਵੇਰਵੇ ਵੀ ਮੰਗੇ ਹਨ ਤਾਂ ਜੋ ਅਪਰਾਧਿਕ ਪ੍ਰਕਿਰਿਆ ਜ਼ਾਬਤਾ (ਸੀਆਰਪੀਸੀ) ਦੀ ਧਾਰਾ 83 ਦੇ ਤਹਿਤ ਕੁਰਕੀ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ। ਅਦਾਲਤ ਦੇ ਹੁਕਮਾਂ ਅਨੁਸਾਰ- ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਿਰੁੱਧ 28 ਮਾਰਚ, 2025 ਨੂੰ ਐਲਾਨ ਕੀਤਾ ਗਿਆ ਸੀ। ਉਹ ਅਜੇ ਤੱਕ ਅਦਾਲਤ ਵਿਚ ਪੇਸ਼ ਨਹੀਂ ਹੋਇਆ ਹੈ। 30 ਦਿਨਾਂ ਦੀ ਕਾਨੂੰਨੀ ਮਿਆਦ ਖ਼ਤਮ ਹੋ ਗਈ ਹੈ, ਇਸ ਲਈ ਦੋਸ਼ੀ ਨੂੰ ਭਗੌੜਾ ਅਪਰਾਧੀ ਘੋਸ਼ਿਤ ਕੀਤਾ ਜਾਂਦਾ ਹੈ। ਲੋੜੀਂਦੀ ਜਾਣਕਾਰੀ ਸਬੰਧਤ ਪੁਲਸ ਸਟੇਸ਼ਨ ਨੂੰ ਭੇਜੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਫੈਲਿਆ ਖ਼ਤਰਨਾਕ ਵਾਇਰਸ, 30 ਸਤੰਬਰ ਤੱਕ ਲੱਗੀਆਂ ਪਾਬੰਦੀਆਂ, ਆਵਾਜਾਈ ਰੋਕੀ ਗਈ
ਘਰਾਂ ਅਤੇ ਜਨਤਕ ਥਾਵਾਂ 'ਤੇ ਲਗਾਏ ਗਏ ਨੋਟਿਸ
ਅਦਾਲਤ ਦੇ ਹੁਕਮ ਦੀ ਇਕ ਕਾਪੀ ਹਰਪ੍ਰੀਤ ਸਿੰਘ ਦੇ ਵਾਰਡ ਨੰਬਰ 6, ਅੰਨਿਆ ਰੋਡ, ਅਮਲੋਹ, ਫਤਹਿਗੜ੍ਹ ਸਾਹਿਬ ਵਿਖੇ ਘਰ 'ਤੇ ਚਿਪਕਾਈ ਗਈ। ਇਕ ਕਾਪੀ ਜਨਤਕ ਸਥਾਨ 'ਤੇ ਲਗਾਈ ਗਈ ਸੀ ਅਤੇ ਤੀਜੀ ਕਾਪੀ ਮੋਹਾਲੀ ਅਦਾਲਤ ਦੇ ਨੋਟਿਸ ਬੋਰਡ 'ਤੇ ਲਗਾਈ ਗਈ ਸੀ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈਡੀ ਨੇ 2024 ਵਿਚ ਪੀਐੱਮਐੱਲਏ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ ਹੈ ਕਿ ਉਸਨੇ ਜੰਗਲਾਤ ਵਿਭਾਗ ਵਿਚ ਭ੍ਰਿਸ਼ਟਾਚਾਰ ਅਤੇ ਗੈਰ-ਕਾਨੂੰਨੀ ਕਮਾਈ ਰਾਹੀਂ ਕਰੋੜਾਂ ਰੁਪਏ ਦੀ ਮਨੀ ਲਾਂਡਰਿੰਗ ਕੀਤੀ। ਇਸ ਵੇਲੇ ਧਰਮਸੋਤ ਇਸ ਮਾਮਲੇ ਵਿਚ ਜ਼ਮਾਨਤ 'ਤੇ ਬਾਹਰ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 19 ਅਗਸਤ ਲਈ ਤੈਅ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਧਰਮਸੋਤ ਨੂੰ ਜਲੰਧਰ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖਬਰ, ਜਾਰੀ ਹੋਏ ਨਵੇਂ ਹੁਕਮ
ਕੈਪਟਨ ਸਰਕਾਰ ਵਿਚ ਮੰਤਰੀ ਰਹੇ ਹਨ ਸਾਧੂ ਸਿੰਘ ਧਰਮਸੋਤ
ਸਾਧੂ ਸਿੰਘ ਧਰਮਸੋਤ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿਚ ਮੰਤਰੀ ਸਨ। ਸਾਲ 2017 ਵਿਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਬਣੀ ਸੀ। ਉਸ ਸਮੇਂ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਮੰਤਰੀ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕੋਲ ਸਮਾਜ ਭਲਾਈ ਵਿਭਾਗ ਵੀ ਸੀ। ਇਸ ਤੋਂ ਬਾਅਦ 'ਆਪ' ਸਰਕਾਰ ਆਉਂਦੇ ਹੀ, ਵਿਜੀਲੈਂਸ ਬਿਊਰੋ ਨੇ ਉਨ੍ਹਾਂ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ। ਨਾਲ ਹੀ, ਜਾਂਚ ਵਿਚ ਜੰਗਲਾਤ ਵਿਭਾਗ ਵਿਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ, 7 ਜੂਨ, 2022 ਨੂੰ, ਉਸਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕਰ ਲਿਆ। ਜਦੋਂ ਕਿ ਈਡੀ ਨੇ ਇਸ ਐਫਆਈਆਰ ਦੇ ਆਧਾਰ 'ਤੇ ਜਾਂਚ ਕੀਤੀ ਸੀ। ਉਸਨੂੰ 16 ਜਨਵਰੀ 2024 ਨੂੰ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਤਿਹਾਸਕ ਫ਼ੈਸਲਾ, ਸੂਬੇ ਦੇ ਸਾਰੇ ਸਕੂਲਾਂ ਵਿਚ ਅੱਜ ਤੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e