ਇਹ ਛੋਟੀ ਜਿਹੀ ਗਲਤੀ ਬਣਾ ਸਕਦੀ ਹੈ ਤੁਹਾਨੂੰ ਆਨਲਾਈਨ ਠੱਗੀ ਦਾ ਸ਼ਿਕਾਰ

Thursday, Feb 06, 2020 - 01:26 PM (IST)

ਇਹ ਛੋਟੀ ਜਿਹੀ ਗਲਤੀ ਬਣਾ ਸਕਦੀ ਹੈ ਤੁਹਾਨੂੰ ਆਨਲਾਈਨ ਠੱਗੀ ਦਾ ਸ਼ਿਕਾਰ

ਕਪੂਰਥਲਾ (ਮਹਾਜਨ)— ਨੋਟਬੰਦੀ ਤੋਂ ਬਾਅਦ ਈ-ਵਾਲੇਟ ਅਤੇ ਡਿਜੀਟਲ ਪੇਮੈਂਟ ਦਾ ਪ੍ਰਚਲਨ ਵਧਣ ਕਾਰਨ ਜਿੱਥੇ ਲੋਕਾਂ ਨੂੰ ਕਾਫੀ ਸਹੂਲਤ ਮਿਲ ਗਈ ਹੈ, ਉੱਥੇ ਹੁਣ ਲੋਕਾਂ ਨੂੰ ਆਪਣੀ ਜੇਬ 'ਚ ਭਾਰੀ ਰਕਮ ਰੱਖਣ ਤੋਂ ਵੀ ਨਿਜ਼ਾਤ ਮਿਲੀ ਹੈ। ਮੌਜੂਦਾ ਸਮੇਂ 'ਚ ਅਜਿਹੇ ਕਈ ਐੱਪ ਹਨ, ਜਿਨ੍ਹਾਂ ਨੂੰ ਮੋਬਾਇਲ ਫੋਨ 'ਚ ਡਾਊਨਲੋਡ ਕਰ ਕੇ ਉਸ 'ਚ ਆਪਣਾ ਨੰਬਰ ਅਤੇ ਬੈਂਕ ਖਾਤਾ ਰਜਿਸਟਰ ਕਰਕੇ ਕਿਸੇ ਨੂੰ ਵੀ ਮੋਬਾਇਲ ਰਾਹੀਂ ਡਿਜੀਟਲ ਅਤੇ ਆਨਲਾਈਨ ਪੇਮੈਂਟ ਕਰ ਸਕਦੇ ਹਨ ਪਰ ਜਿਵੇਂ-ਜਿਵੇਂ ਡਿਜੀਟਲ ਪੇਮੈਂਟ ਦਾ ਪ੍ਰਚਲਨ ਵੱਧਣ ਲੱਗਾ ਹੈ, ਉਥੇ ਹੀ 'ਇੰਟਰਨੈੱਟ ਫਰਾਡ' ਦੇ ਮਾਮਲੇ ਵੀ ਵੱਧਦੇ ਜਾ ਰਹੇ ਹਨ। ਅਜਿਹੇ 'ਚ ਗਾਹਕਾਂ ਨੂੰ ਆਨਲਾਈਨ ਟਰਾਂਜੈਕਸ਼ਨ 'ਚ ਕਾਫੀ ਸਾਵਧਾਨੀ ਵਰਤਣ ਦੀ ਲੋੜ ਹੈ।
ਕਈ ਮਾਮਲਿਆਂ 'ਚ ਸੰਭਾਵਨਾ ਇਸ ਗੱਲ ਦੀ ਹੈ ਕਿ ਆਪਣੀ ਤਮਾਮ ਜਾਣਕਾਰੀ ਧੋਖੇਬਾਜ਼ਾਂ ਦੇ ਕੋਲ ਪਹਿਲਾਂ ਤੋਂ ਹੀ ਮੌਜੂਦ ਹੋਵੇ। ਅਜਿਹੇ 'ਚ ਸਾਡੇ ਵੱਲੋਂ ਕੀਤੀ ਗਈ ਇਕ ਛੋਟੀ ਜਿਹੀ ਗਲਤੀ (ਓ. ਟੀ. ਪੀ. ਦੱਸ ਦੇਣਾ) ਵੀ ਤੁਹਾਡੀ ਜੇਬ 'ਤੇ ਭਾਰੀ ਪੈ ਸਕਦੀ ਹੈ।

ਆਨਲਾਈਨ ਫਰਾਡ ਨਾਲ ਜੁੜੇ ਮਾਮਲਿਆਂ ਦੀ ਜੇਕਰ ਕਪੂਰਥਲਾ ਜ਼ਿਲੇ 'ਚ ਗੱਲ ਕੀਤੀ ਜਾਵੇ ਤਾਂ ਜ਼ਿਲਾ ਕਪੂਰਥਲਾ ਦੇ ਸਬੰਧਤ ਖੇਤਰਾਂ 'ਚ ਵੀ ਸੈਂਕੜੇ ਲੋਕ ਇਸ ਫਰਾਡ ਦਾ ਸ਼ਿਕਾਰ ਬਣ ਚੁੱਕੇ ਹਨ, ਜਿਨ੍ਹਾਂ ਦੀ ਸ਼ਿਕਾਇਤ ਸਬੰਧਤ ਥਾਣਾ ਖੇਤਰਾਂ 'ਚ ਕੀਤੀ ਜਾਣ ਦੇ ਬਾਵਜੂਦ ਵੀ ਅਜੇ ਤਕ ਪੁਲਸ ਵੱਲੋਂ ਕਈ ਮਾਮਲਿਆਂ ਨੂੰ ਸੁਲਝਾ ਨਹੀਂ ਪਾਈ ਕਿਉਂਕਿ ਫੋਨ ਰਾਹੀਂ ਫਰਾਡ ਕਰਨ ਵਾਲੇ ਹੈਕਰ ਇੰਨੇ ਚਲਾਕ ਹੁੰਦੇ ਹਨ ਕਿ ਉਹ ਅਨੋਖੇ ਕਿਸਮ ਦੀ ਤਕਨੀਕ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਪੁਲਸ ਵੱਲੋਂ ਟ੍ਰੇਸ ਕੀਤਾ ਜਾਣਾ ਬਹੁਤ ਮੁਸ਼ਕਿਲ ਹੁੰਦਾ ਹੈ। ਫਰਾਡ ਕਰਨ ਵਾਲੇ ਬੇਖੌਫ ਹੋ ਕੇ ਇਕ ਤੋਂ ਬਾਅਦ ਦੂਜੇ ਸ਼ਿਕਾਰ ਦੀ ਤਲਾਸ਼ 'ਚ ਲੱਗੇ ਰਹਿੰਦੇ ਹਨ। ਅਜਿਹੇ 'ਚ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।
ਉੱਧਰ ਸੁਰੱਖਿਆ ਏਜੰਸੀਆਂ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਭਰ 'ਚ ਹਰ ਮਹੀਨੇ ਸਿਰਫ ਈ-ਵਾਲੇਟ ਪਲੇਟਫਾਰਮ ਤੋਂ ਹੀ 8 ਤੋਂ 9 ਹਜ਼ਾਰ ਤੋਂ ਵੱਧ ਫਰਾਡ ਟਰਾਂਜੈਕਸ਼ਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਜਦਕਿ ਨੋਟਬੰਦੀ ਤੋਂ ਪਹਿਲਾਂ ਇਨ੍ਹਾਂ ਦੀ ਗਿਣਤੀ ਸਿਰਫ 4 ਹਜ਼ਾਰ ਸੀ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀ. ਈ. ਆਰ. ਟੀ.) ਦੇ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਸਾਈਬਰ ਅਟੈਕ ਦੀਆਂ 144500 ਘਟਨਾਵਾਂ ਸਾਹਮਣੇ ਆਈਆਂ ਹਨ।

PunjabKesari

ਜਾਣੋ ਕਿਵੇਂ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਹਨ ਹੈਕਰਸ
ਫੇਕ ਯੂ. ਆਰ. ਐੱਲ (ਵੈਬਸਾਈਟਸ) ਤਿਆਰ ਕਰਨਾ
ਠੱਗੀ ਕਰਨ ਵਾਲੇ ਲੋਕ ਕਿਸੇ ਵੀ ਵੈਬਸਾਈਟ ਦੇ ਨਾਂ ਤੋਂ ਮਿਲਦੀ ਜੁਲਦੀ ਇਕ ਦੂਜੀ ਸਾਈਟ ਬਣਾ ਦਿੰਦੇ ਹਨ, ਜੋ ਕਿ ਕਈ ਵਾਰ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ 'ਤੇ ਡਿਸਪਲੇਅ ਹੁੰਦੀ ਰਹਿੰਦੀ ਹੈ। ਇਹ ਦੇਖਣ 'ਚ ਅਸਲੀ ਸਾਈਟ ਵਰਗੀ ਹੁੰਦੀ ਹੈ ਪਰ ਇਸ ਦਾ ਅਸਲੀ ਸਾਈਟ 'ਚ ਕੋਈ ਲੈਣਾ ਦੇਣਾ ਨਹੀਂ ਹੁੰਦਾ। ਹੈਕਰਸ ਵੱਲੋਂ ਅਜਿਹੀ ਨਕਲੀ ਸਾਈਟਸ ਬਣਾਉਣ ਤੋਂ ਬਾਅਦ ਗੂਗਲ ਐਡਵਰਡਸ 'ਤੇ ਪਾ ਕੇ ਇਨ੍ਹਾਂ ਨੂੰ ਟ੍ਰੈਂਡ ਕਰਵਾ ਦਿੱਤਾ ਜਾਂਦਾ ਹੈ। ਅਜਿਹਾ ਕਰਨ 'ਚ ਇਹ ਸਾਈਟਸ ਸਰਚ ਇੰਜਣ 'ਚ ਵੀ ਉੱਪਰ ਦਿਖਾਈ ਦਿੰਦੀ ਹੈ। ਇਨ੍ਹਾਂ ਸਾਈਟਸ 'ਚ ਕਾਫੀ ਘੱਟ ਕੀਮਤ 'ਚ ਸਾਮਾਨ ਦਿਖਾਇਆ ਜਾਂਦਾ ਹੈ। ਜਿਸ ਨਾਲ ਗਾਹਕ ਪ੍ਰਭਾਵਿਤ ਹੁੰਦੇ ਹਨ ਅਤੇ ਸਸਤੇ ਦੇ ਚੱਕਰ 'ਚ ਆਨਲਾਈਨ ਪੇਮੈਂਟ ਕਰ ਦਿੰਦੇ ਹਨ। ਗਾਹਕਾਂ ਤੋਂ ਪੇਮੈਂਟ ਲੈਣ ਤੋਂ ਬਾਅਦ ਇਹ ਲਿੰਕ ਡੀਐਕਟਿਵ ਹੋ ਜਾਂਦੇ ਹਨ ਅਤੇ ਲੋਕ ਠੱਗੀ ਦਾ ਸ਼ਿਕਾਰ ਬਣ ਜਾਂਦੇ ਹਨ। ਅਜਿਹੇ 'ਚ ਗਾਹਕ ਨੂੰ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਵੀ ਸਾਈਟ 'ਤੇ ਸ਼ਾਪਿੰਗ ਕਰਦੇ ਹੋ ਤਾਂ ਪਹਿਲਾਂ ਇਸ ਸਾਈਟ ਦਾ ਪ੍ਰਾਪਰ ਯੂ. ਆਰ. ਐੱਲ. ਬ੍ਰਾਊਜ਼ਰ ਦੇ ਅਡਰੈੱਸ ਬਾਰ 'ਚ ਟਾਈਪ ਕਰਕੇ ਹੀ ਸਾਈਟ 'ਤੇ ਜਾਓ ਅਤੇ ਖਰੀਦਦਾਰੀ ਕਰੋ।

ਫੇਕ ਅਤੇ ਪ੍ਰਮੋਸ਼ਨਲ ਕਾਲਜ
ਅੱਜ ਇਹ ਤਰੀਕਾ ਕਾਫੀ ਪ੍ਰਚਲਿਤ ਹੈ। ਠੱਗ ਲੋਕਾਂ ਨੂੰ ਫੋਨ ਕਰਦੇ ਹਨ ਅਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਲੱਕੀ ਕਸਟਮਰ ਚੁਣਿਆ ਗਿਆ ਹੈ। ਉਹ ਉਨ੍ਹਾਂ ਨੂੰ ਇਹ ਵੀ ਦੱਸਦੇ ਹਨ ਕਿ ਲੱਕੀ ਕਸਟਮਰ ਹੋਣ ਦੇ ਕਾਰਨ ਤੁਹਾਨੂੰ ਕੰਪਨੀ ਵੱਲੋਂ ਕਾਰ ਦਿੱਤੀ ਜਾ ਰਹੀ ਹੈ ਜਾਂ ਫਿਰ ਲੱਖਾਂ ਰੁਪਏ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਅਜਿਹਾ ਲਾਲਚ ਦੇਣ ਤੋਂ ਬਾਅਦ ਉਹ ਆਪਣੇ ਸ਼ਿਕਾਰ ਨੂੰ ਕਿਸੇ ਅਕਾਊਂਟ 'ਚ ਕੁਝ ਪੈਸੇ ਜਮ੍ਹਾ ਕਰਵਾਉਣ ਲਈ ਕਹਿੰਦੇ ਹਨ। ਆਈ. ਐੱਮ. ਪੀ. ਐੱਸ. ਵਰਗੀ ਤਕਨੀਕ ਆ ਜਾਣ ਨਾਲ ਕਿਸੇ ਨੂੰ ਪੇਮੈਂਟ ਕਰਦੇ ਸਮੇਂ ਸਾਹਮਣੇ ਵਾਲੇ ਖਾਤਾਧਾਰਕ ਦੇ ਨਾਂ ਦੀ ਖਾਸ ਜ਼ਰੂਰਤ ਨਹੀਂ ਹੁੰਦੀ ਹੈ। ਮਤਲਬ ਜੇਕਰ ਖਾਤਾਧਾਰਕ ਦਾ ਨਾਂ ਗਲਤ ਹੈ ਤਾਂ ਵੀ ਪੈਸੇ ਉਸਦੇ ਅਕਾਊਂਟ 'ਚ ਚਲੇ ਜਾਣਗੇ। ਅਜਿਹੇ 'ਚ ਠੱਗ ਕੰਪਨੀ ਦਾ ਫਰਜ਼ੀ ਨਾਂ ਦੱਸ ਕੇ ਪੇਮੈਂਟ ਲੈ ਲੈਂਦੇ ਹਨ ਤੇ ਫਿਰ ਗਾਇਬ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕਈ ਠੱਗ ਖੁਦ ਨੂੰ ਬੈਂਕ ਦਾ ਕਰਮਚਾਰੀ ਦੱਸ ਕੇ ਗਾਹਕ ਤੋਂ ਉਸਦਾ ਬੈਂਕ ਅਕਾਊਂਟ ਨੰਬਰ ਤੇ ਏ. ਟੀ. ਐੱਮ. ਕਾਰਡ ਦਾ ਨੰਬਰ ਹਾਸਲ ਕਰ ਲੈਂਦੇ ਹਨ, ਜਿਸ ਦੇ ਬਾਅਦ ਠੱਗ ਇਸ ਅਕਾਊਂਟ 'ਚ ਪਏ ਸਭ ਪੈਸੇ ਨੂੰ ਉਡਾ ਲੈਂਦਾ ਹੈ। ਅਜਿਹੇ 'ਚ ਗਾਹਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਠੱਗਾਂ ਤੋਂ ਸਾਵਧਾਨ ਰਹਿਣ, ਜੋ ਖੁਦ ਨੂੰ ਕਿਸੇ ਕੰਪਨੀ ਦਾ ਕਰਮਚਾਰੀ ਦੱਸ ਕੇ ਉਨ੍ਹਾਂ ਨੂੰ ਲਾਲਚ ਦਿੰਦੇ ਹਨ।

PunjabKesari

ਵੈਬਸਾਈਟ ਦਾ ਐਡਰੈੱਸ ਕਰੋ ਚੈੱਕ
ਆਨਲਾਈਨ ਟ੍ਰਾਂਜੈਕਸ਼ਨ ਕਰਦੇ ਸਮੇਂ ਸਾਈਟ ਦੇ ਸੁਰੱਖਿਅਤ ਹੋਣ ਦਾ ਸੰਕੇਤ ਵੀ ਦੇਖ ਲਵੋ ਜਿਵੇਂ ਬ੍ਰਾਊਜ਼ਰ ਸਟੇਟਸ ਬਾਰ 'ਤੇ ਲੌਕ ਆਈਕਾਨ ਜਾਂ ਐੱਚ. ਟੀ. ਟੀ. ਪੀ, ਯੂ. ਆਰ. ਐੱਲ. ਆਉਂਦਾ ਦਿਖਾਈ ਦੇਵੇ, ਤਦ ਇਸ ਸਾਈਟ 'ਤੇ ਆਪਣੀ ਪੇਮੈਂਟ ਕਰੇ ਕਿਉਂਕਿ ਐੱਚ. ਟੀ. ਟੀ. ਪੀ. ਇਸ ਸਾਈਟ ਦੇ ਸੁਰੱਖਿਅਤ ਹੋਣ ਦੀ ਪਛਾਣ ਹੈ।

ਬੈਂਕ ਨਾਲ ਜੁੜੀ ਆਪਣੀ ਗੁਪਤ ਜਾਣਕਾਰੀ ਕਿਸੇ ਨਾਲ ਨਾ ਕਰੋ ਸਾਂਝੀ : ਅਰੋੜਾ
ਵਿਜੈ ਬੈਂਕ (ਹੁਣ ਬੈਂਕ ਆਫ ਬੜੌਦਾ) ਦੇ ਚੀਫ ਮੈਨੇਜਰ ਅਸ਼ਵਨੀ ਅਰੋੜਾ ਦਾ ਕਹਿਣਾ ਹੈ ਕਿ ਬੈਂਕ ਦੇ ਕੋਲ ਤੁਹਾਡੀ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ ਅਤੇ ਉਹ ਕਦੇ ਈ-ਮੇਲ ਤੋਂ ਜਾਂ ਫੋਨ ਨਾਲ ਤੁਹਾਡੇ ਤੋਂ ਸੀ. ਵੀ. ਵੀ. ਜਾਂ ਓ. ਟੀ. ਪੀ. ਨਹੀਂ ਮੰਗਦਾ। ਇਸ ਤਰ੍ਹਾਂ ਦੀ ਜਾਣਕਾਰੀ ਜੇਕਰ ਕੋਈ ਮੰਗ ਰਿਹਾ ਹੈ ਤਾਂ ਉਹ ਖਤਰੇ ਦਾ ਸੰਕੇਤ ਹੈ। ਕਿਸੇ ਨੂੰ ਵੀ ਇਸ ਤਰ੍ਹਾਂ ਦੀ ਗੁਪਤ ਜਾਣਕਾਰੀ ਸਾਂਝੀ ਨਾ ਕਰੋ। ਪੈਸਿਆਂ ਦੇ ਲੈਣ-ਦੇਣ ਲਈ ਕਠਿਨ ਪਾਸਵਰਡ ਰੱਖਣਾ ਜ਼ਰੂਰੀ ਹੈ। ਉੱਥੇ ਨੈੱਟਬੈਂਕਿੰਗ ਦਾ ਇਸਤੇਮਾਲ ਕਰਨ ਵਾਲਾ ਆਪਣਾ ਪਾਸਵਰਡ ਅੰਕ, ਅੱਖਰ ਤੇ ਸਿੰਬਲ ਦੇ ਮਿਕਸ ਨਾਲ ਘੱਟ ਤੋਂ ਘੱਟ ਅੱਠ ਲੈਟਰ ਦਾ ਰੱਖੋ। ਜਨਮ ਦਿਨ, ਕਾਰ/ਬਾਈਕ ਦੇ ਰਜਿਸਟ੍ਰੇਸ਼ਨ ਨੰਬਰ, ਮਕਾਨ ਨੰਬਰ, ਮੋਬਾਇਲ ਨੰਬਰ ਆਦਿ ਪਾਸਵਰਡ ਨਾ ਬਣਾਓ। ਜੇਕਰ ਸੰਭਵ ਹੋਵੇ ਤਾਂ ਹਰ ਮਹੀਨੇ ਪਾਸਵਰਡ ਜ਼ਰੂਰ ਬਦਲੋ।

ਜੇ ਕੋਈ ਫੇਕ ਕਾਲ ਆਉਂਦੀ ਹੈ ਤਾਂ ਸਬੰਧਤ ਪੁਲਸ ਸਟੇਸ਼ਨ 'ਚ ਦਿਓ ਜਾਣਕਾਰੀ : ਡੀ. ਐੱਸ. ਪੀ.
ਆਨਲਾਈਨ ਫਰਾਡ ਸਬੰਧੀ ਜਦੋਂ ਡੀ. ਐੱਸ. ਪੀ. ਕ੍ਰਾਈਮ ਸੰਦੀਪ ਸਿੰਘ ਮੰਡ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ 'ਇੰਟਰਨੈੱਟ ਫਰਾਡ' ਨਾਲ ਜੁੜੇ ਹਰ ਮਹੀਨੇ ਕਰੀਬ 10 ਮਾਮਲੇ ਉਨ੍ਹਾਂ ਕੋਲ ਆਉਂਦੇ ਹਨ। ਜਿਨ੍ਹਾਂ ਨੂੰ ਪੁਲਸ ਵੱਲੋਂ ਸਖਤ ਯਤਨ ਕਰਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਡੀ. ਐੱਸ. ਪੀ. ਯਮੰਡ ਨੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੰਟਰਨੈੱਟ ਬੈਂਕਿੰਗ ਕਰਦੇ ਜਾਂ ਆਨਲਾਈਨ ਪੇਮੈਂਟ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਉਹ ਖੁਦ ਚੌਕਸ ਰਹਿਣਗੇ ਤਾਂ ਹੀ ਬੱਚ ਸਕਣਗੇ। ਜੇਕਰ ਕੋਈ ਫੇਕ ਕਾਲ ਆਉਂਦੀ ਹੈ ਜਾਂ ਬਿਨਾਂ ਕਿਸੇ ਕਾਰਨ ਬੈਂਕ ਖਾਤੇ ਤੋਂ ਵੱਡੀ ਰਕਮ ਨਿਕਲਦੀ ਹੈ ਤਾਂ ਇਸ ਸਬੰਧੀ ਨਜ਼ਦੀਕੀ ਪੁਲਸ ਸਟੇਸ਼ਨ 'ਚ ਸ਼ਿਕਾਇਤ ਦੇਣ ਤੋਂ ਬਾਅਦ ਸਬੰਧਤ ਬੈਂਕ ਅਧਿਕਾਰੀ ਨਾਲ ਸੰਪਰਕ ਕਰੋ।


author

shivani attri

Content Editor

Related News