ਮੋਬਾਇਲ ਟਾਵਰ ਲਗਾਉਣ ਦੇ ਬਹਾਨੇ 60 ਲੱਖ ਦੀ ਠੱਗੀ

Sunday, Aug 03, 2025 - 10:16 AM (IST)

ਮੋਬਾਇਲ ਟਾਵਰ ਲਗਾਉਣ ਦੇ ਬਹਾਨੇ 60 ਲੱਖ ਦੀ ਠੱਗੀ

ਬਠਿੰਡਾ (ਸੁਖਵਿੰਦਰ) : ਅਣਪਛਾਤੇ ਲੋਕਾਂ ਨੇ ਮੋਬਾਇਲ ਟਾਵਰ ਲਗਾ ਕੇ ਲੱਖਾਂ ਦੀ ਆਮਦਨ ਦਾ ਵਾਅਦਾ ਕਰ ਕੇ 2 ਵਿਅਕਤੀਆਂ ਨਾਲ 60 ਲੱਖ ਰੁਪਏ ਦੀ ਠੱਗੀ ਮਾਰੀ। ਪੁਲਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੱਖੋ ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਸਾਈਬਰ ਕ੍ਰਾਈਮ ਸੈੱਲ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਕਿਹਾ ਕਿ ਉਸਦੀ ਪਤਨੀ ਨੂੰ ਮਾਰਚ 2024 ਦੌਰਾਨ 2-3 ਮੋਬਾਈਲ ਨੰਬਰਾਂ ਤੋਂ ਕਾਲ ਆਉਣੀਆਂ ਸ਼ੁਰੂ ਹੋ ਗਈਆਂ।

ਇਸ ਵਿਚ ਕਾਲ ਕਰਨ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਉਹ ਮੋਬਾਇਲ ਕੰਪਨੀ ਤੋਂ ਗੱਲ ਕਰ ਰਹੇ ਹਨ ਅਤੇ ਟਾਵਰ ਲਗਾਉਣ ਲਈ ਜ਼ਮੀਨ ਦੀ ਭਾਲ ਕਰ ਰਹੇ ਹਨ। ਟਾਵਰ ਲਗਾਉਣ ’ਤੇ ਉਹ 20 ਸਾਲਾਂ ਲਈ ਪ੍ਰਤੀ ਮਹੀਨਾ 50000 ਰੁਪਏ ਕਿਰਾਇਆ ਦੇਣਗੇ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਕੰਪਨੀ ਵਿਚ ਨੌਕਰੀ ਵੀ ਦਿੱਤੀ ਜਾਵੇਗੀ। ਉਕਤ ਲੋਕਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਉਸਦੀ ਪਤਨੀ ਨੂੰ ਆਪਣੇ ਜਾਲ ਵਿਚ ਫਸਾ ਲਿਆ।

ਇਸ ਤਰ੍ਹਾਂ ਉਕਤ ਲੋਕਾਂ ਨੇ ਸਮੇਂ-ਸਮੇਂ ’ਤੇ ਉਸ ਤੋਂ ਅਤੇ ਉਸ ਦੀ ਪਤਨੀ ਤੋਂ 60 ਲੱਖ ਰੁਪਏ ਆਪਣੇ ਖ਼ਾਤਿਆਂ 'ਚ ਟਰਾਂਸਫਰ ਕਰਵਾ ਲਏ। ਬਾਅਦ ’ਚ ਮੁਲਜ਼ਮਾਂ ਦੇ ਫੋਨ ਬੰਦ ਹੋ ਗਏ ਅਤੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ। ਅਜਿਹਾ ਕਰ ਕੇ ਉਪਰੋਕਤ ਲੋਕਾਂ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਅਣਪਛਾਤੇ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।


author

Babita

Content Editor

Related News