ਕੈਦੀਆਂ ਨੂੰ ਪੈਰੋਲ ਦੇਣ ''ਤੇ ਫਰਜ਼ੀਵਾੜਾ, ਰਿਹਾਇਸ਼ ਕਿਤੇ ਹੋਰ, ਵੈਰੀਫਿਕੇਸ਼ਨ ਚੰਡੀਗੜ੍ਹ ਦੇ ਐਡਰੈੱਸ ''ਤੇ

02/06/2018 7:42:43 AM

ਚੰਡੀਗੜ੍ਹ, (ਸਾਜਨ)- ਸੰਗੀਨ ਅਪਰਾਧਾਂ 'ਚ ਸ਼ਾਮਲ ਕੈਦੀਆਂ ਨੂੰ ਤਮਾਮ ਨਿਯਮ, ਕਾਨੂੰਨ ਤੋੜ ਕੇ ਪੈਰੋਲ ਦਿੱਤੀ ਜਾ ਰਹੀ ਹੈ। ਸਵਾਲ ਚੰਡੀਗੜ੍ਹ ਪੁਲਸ 'ਚ ਖੜ੍ਹੇ ਹੋ ਰਹੇ ਹਨ, ਜੋ ਅਪਰਾਧੀਆਂ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਕੈਦੀਆਂ ਦੀ ਫਰਜ਼ੀ ਰਿਹਾਇਸ਼ ਵੈਰੀਫਿਕੇਸ਼ਨ ਕਰ ਰਹੀ ਹੈ। 
ਪੁਲਸ ਦੇ ਰਵੱਈਏ ਨਾਲ ਕੈਦੀਆਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਪੈਰੋਲ ਹਾਸਲ ਕਰਨ ਲਈ ਤਮਾਮ ਤਰ੍ਹਾਂ ਦੇ ਹਥਕੰਡੇ ਅਖਤਿਆਰ ਕਰ ਰਹੇ ਹਨ। ਜੇਲ ਪ੍ਰਸ਼ਾਸਨ ਦਾ ਪੱਲਾ ਵੀ ਸਾਫ ਨਹੀਂ ਹੈ। ਡਾਇਰੈਕਟਰ ਜਨਰਲ ਪੁਲਸ ਤਜਿੰਦਰ ਸਿੰਘ ਲੂਥਰਾ ਦੇ ਨੋਟਿਸ 'ਚ ਜਿਵੇਂ ਹੀ ਇਹ ਫਰਜ਼ੀਵਾੜਾ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਤੁਰੰਤ ਆਈ. ਜੀ. ਜੇਲ ਨੂੰ ਇਨਕੁਆਰੀ ਮਾਰਕ ਕਰ ਦਿੱਤੀ, ਹਾਲਾਂਕਿ ਫਰਜ਼ੀਵਾੜੇ ਨੂੰ ਅੰਜਾਮ ਦੇਣ ਵਾਲੇ ਪੁਲਸ ਕਰਮਚਾਰੀਆਂ 'ਤੇ ਕੀ ਕਾਰਵਾਈ ਕੀਤੀ ਗਈ, ਇਸ ਨੂੰ ਲੈ ਕੇ ਅਧਿਕਾਰੀ ਚੁੱਪੀ ਸਾਧੇ ਹੋਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੈਰੋਲ ਲੈਣ ਲਈ ਕੈਦੀ ਲਗਾਤਾਰ ਝੂਠੇ ਪਤੇ ਦੇ ਰਹੇ ਹਨ। ਇਹ ਕੈਦੀਆਂ ਦੇ ਦਿਮਾਗ ਦੀ ਉਪਜ ਨਹੀਂ ਹੈ, ਸਗੋਂ ਉਨ੍ਹਾਂ ਨੂੰ ਜੇਲ ਪ੍ਰਸ਼ਾਸਨ ਅਤੇ ਪੁਲਸ ਵਲੋਂ ਇਹ ਪੈਂਤਰੇ ਦੱਸੇ ਗਏ ਹਨ।
ਪੁਲਸ ਕਰਮਚਾਰੀ ਕੈਦੀਆਂ ਦਾ ਝੂਠ 'ਚ ਦੇ ਰਹੇ ਹਨ ਸਾਥ
ਪੁਲਸ ਕਰਮਚਾਰੀ ਜਾਣਦੇ ਹੋਏ ਵੀ ਸਹੀ ਪਤਾ ਵੈਰੀਫਾਈ ਕਰਨ ਦੀ ਥਾਂ ਕੈਦੀਆਂ ਦੇ ਝੂਠ 'ਚ ਉਨ੍ਹਾਂ ਦਾ ਸਾਥ ਦੇ ਰਹੇ ਹਨ। ਬੁੜੈਲ ਜੇਲ 'ਚ ਫਤਿਹਾਬਾਦ ਦੇ ਭੱਟੂ ਕਲਾਂ 'ਚ ਕੁੱਟ-ਮਾਰ ਦੇ ਦੋਸ਼ 'ਚ (ਐੱਫ. ਆਈ. ਆਰ. ਨੰਬਰ 235, ਭੱਟੂ ਕਲਾਂ ਫਤਿਹਾਬਾਦ) ਤਿੰਨ ਸਾਲ ਦੀ ਸਜ਼ਾ ਕੱਟ ਰਹੇ ਸੁਖਦੀਪ ਉਰਫ ਚਿੰਟੂ ਨੇ ਸੈਕਟਰ-44, ਚੰਡੀਗੜ੍ਹ ਦਾ ਫਰਜ਼ੀ ਪਤਾ ਦਿੱਤਾ। ਚੰਡੀਗੜ੍ਹ ਪੁਲਸ ਨੇ ਵੈਰੀਫਿਕੇਸ਼ਨ ਕਰਕੇ ਐਪਲੀਕੇਸ਼ਨ ਜੇਲ ਪ੍ਰਸ਼ਾਸਨ ਨੂੰ ਭੇਜ ਦਿੱਤੀ, ਜਿਸਦੇ ਬਾਅਦ ਇਸ ਨੂੰ ਪੈਰੋਲ ਦੇ ਦਿੱਤੀ ਗਈ। ਪੀੜਤ ਗੌਰਵ ਬਾਂਸਲ ਨੇ ਡੀ. ਜੀ. ਪੀ. ਤੇਜਿੰਦਰ ਸਿੰਘ ਲੂਥਰਾ ਦੇ ਸਾਹਮਣੇ ਇਤਰਾਜ਼ ਪ੍ਰਗਟਾਇਆ ਕਿ ਚੰਡੀਗੜ੍ਹ ਪੁਲਸ ਨੇ ਸਾਰੇ ਨਿਯਮ, ਕਾਨੂੰਨਾਂ ਨੂੰ ਛਿੱਕੇ ਟੰਗਦੇ ਹੋਏ ਸੁਖਦੀਪ ਨੂੰ ਪੈਰੋਲ ਦਿੱਤੀ ਹੈ, ਜਦੋਂਕਿ ਸੁਖਦੀਪ ਚੰਡੀਗੜ੍ਹ ਦਾ ਰਹਿਣ ਵਾਲਾ ਹੀ ਨਹੀਂ ਹੈ। ਉਹ ਮੂਲ ਰੂਪ ਤੋਂ ਫਤਿਹਾਬਾਦ ਜ਼ਿਲੇ ਦੇ ਭੱਟੂ ਕਲਾਂ ਦਾ ਵਾਸੀ ਹੈ, ਉਥੇ ਹੀ ਉਸ 'ਤੇ ਐੱਫ. ਆਈ. ਆਰ. ਦਰਜ ਹੋਈ ਅਤੇ ਉਥੇ ਹੀ ਉਸ 'ਤੇ ਮੁਕੱਦਮਾ ਚੱਲਿਆ। ਪੈਰੋਲ ਲੈਣ ਲਈ ਉਸਨੇ ਚੰਡੀਗੜ੍ਹ 'ਚ ਆਪਣੇ ਕਿਸੇ ਰਿਸ਼ਤੇਦਾਰ ਦਾ ਗਲਤ ਪਤਾ ਦੇ ਦਿੱਤਾ।
ਪੁਲਸ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ
ਗੌਰਵ ਬਾਂਸਲ ਨੇ ਦਰਖਾਸਤ 'ਚ ਸੁਖਦੀਪ ਦੇ ਇਲਾਵਾ ਉਨ੍ਹਾਂ ਪੁਲਸ ਵਾਲਿਆਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ, ਜਿਨ੍ਹਾਂ ਨੇ ਗਲਤ ਪਤਾ ਦੇ ਕੇ ਪੈਰੋਲ ਲੈਣ 'ਚ ਸੁਖਦੀਪ ਦਾ ਸਾਥ ਦਿੱਤਾ। ਇਸੇ ਮਾਮਲੇ 'ਚ ਸੁਖਦੀਪ ਦੇ ਸਾਥੀ ਅੰਗੂਰੀ ਦੇਵੀ ਅਤੇ ਸੁੰਦਰ ਨੇ ਵੀ ਮੋਹਾਲੀ ਦਾ ਪਤਾ ਦੇ ਕੇ ਆਪਣੀ ਪੈਰੋਲ ਲਾਈ, ਹਾਲਾਂਕਿ ਇਸ ਨੂੰ ਰਿਜੈਕਟ ਕਰ ਦਿੱਤਾ ਗਿਆ। ਦੇਸਰਾਜ, ਕ੍ਰਿਸ਼ਨ ਅਤੇ ਅੰਗੂਰੀ ਨੇ ਫਤਿਹਾਬਾਦ ਦਾ ਪਤਾ ਦੇ ਕੇ ਪੈਰੋਲ ਦੀ ਅਰਜ਼ੀ ਦਿੱਤੀ ਸੀ, ਜੋ ਖਾਰਿਜ ਹੋ ਗਈ। ਇਸੇ ਤਰ੍ਹਾਂ ਸੁਰੇਸ਼ ਬਾਂਸਲ ਕਤਲ ਦੇ ਮੁੱਖ ਦੋਸ਼ੀ ਵਿਜੇ ਸਿੰਘ ਨੇ ਰਾਜਸਥਾਨ ਦੇ ਚੁਰੂ ਦਾ ਫਰਜ਼ੀ ਪਤਾ ਲਿਖਵਾ ਕੇ ਪੈਰੋਲ ਲੈਣ ਦਾ ਯਤਨ ਕੀਤਾ, ਜਿਸ ਨੂੰ ਚੁਰੂ ਦੇ ਐੱਸ. ਪੀ. ਨੇ ਖਾਰਿਜ ਕਰ ਦਿੱਤਾ। ਵਿਜੇ ਸਿੰਘ 'ਤੇ ਫਤਿਹਾਬਾਦ 'ਚ ਕਈ ਮੁਕੱਦਮੇ ਚੱਲ ਰਹੇ ਹਨ।
ਇਕ ਕੈਦੀ ਨੂੰ ਸਾਲ 'ਚ ਦੋ ਵਾਰ ਪੈਰੋਲ ਮਿਲ ਸਕਦੀ ਹੈ
ਜ਼ਿਕਰਯੋਗ ਹੈ ਕਿ ਇਕ ਕੈਦੀ ਨੂੰ ਸਾਲ 'ਚ ਦੋ ਵਾਰ ਪੈਰੋਲ ਮਿਲ ਸਕਦੀ ਹੈ। ਵੱਧ ਤੋਂ ਵੱਧ 7 ਹਫਤੇ ਦੀ ਪੈਰੋਲ ਦਿੱਤੀ ਜਾ ਸਕਦੀ ਹੈ। ਹਰਿਆਣਾ ਗੁਡ ਕੰਡਕਟ ਟੈਂਪਰੇਰੀ ਰੀਲੀਜ਼ ਐਕਟ ਤਹਿਤ ਚਾਰ ਸਾਲ ਤੋਂ ਘਟ ਦੀ ਸਜ਼ਾ ਕੱਟ ਰਹੇ ਕੈਦੀ ਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਪਰ ਸੁਖਦੀਪ ਦੇ ਮਾਮਲੇ 'ਚ ਚੰਡੀਗੜ੍ਹ ਜੇਲ ਪ੍ਰਸ਼ਾਸਨ ਅਤੇ ਪੁਲਸ ਦੋਵੇਂ ਮਿਹਰਬਾਨ ਹਨ ਅਤੇ ਉਸਨੂੰ ਤਿੰਨ ਸਾਲ ਦੀ ਸਜ਼ਾ ਵੀ ਪੈਰੋਲ 'ਤੇ ਦਿੱਤੀ ਗਈ। ਬੀਤੇ ਦਿਨੀਂ ਅਜਿਹੇ ਵੀ ਕਾਫੀ ਮਾਮਲੇ ਸਾਹਮਣੇ ਆਏ, ਜਿਨਾਂ 'ਚ ਕੈਦੀ ਪੈਰੋਲ 'ਤੇ ਗਏ ਅਤੇ ਵਾਪਸ ਹੀ ਨਹੀਂ ਆਏ।
ਖੜ੍ਹੇ ਹੋ ਰਹੇ ਸਵਾਲ : ਪੁਲਸ ਫਰਜ਼ੀਵਾੜੇ 'ਚ ਕਿਉਂ ਦੇ ਰਹੀ ਕੈਦੀਆਂ ਦਾ ਸਾਥ
ਹੁਣ ਸਵਾਲ ਇਹ ਖੜ੍ਹੇ ਹੋ ਰਹੇ ਹਨ ਕਿ ਪੁਲਸ ਇਸ ਫਰਜ਼ੀਵਾੜੇ 'ਚ ਕੈਦੀਆਂ ਦਾ ਸਾਥ ਕਿਉਂ ਦੇ ਰਹੀ ਹੈ? ਕੀ ਜੇਲ ਪ੍ਰਸ਼ਾਸਨ ਦੇ ਕਹਿਣ 'ਤੇ ਪੁਲਸ ਕੈਦੀਆਂ ਦੇ ਗਲਤ ਐਡਰੈੱਸ ਸਹੀ ਵੈਰੀਫਾਈ ਕਰ ਰਹੀ ਹੈ? ਪੁਲਸ ਦੇ ਨਾਲ ਜੇਲ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ 'ਚ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੈਦੀ ਸੁਖਦੀਪ ਦੇ ਸਾਥੀ ਪਹਿਲਾਂ ਵੀ ਹਾਈਕੋਰਟ ਤੋਂ ਜ਼ਮਾਨਤ ਲੈ ਕੇ ਸੰਗੀਨ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਜ਼ਮਾਨਤ 'ਤੇ ਨਿਕਲ ਕੇ ਇਨ੍ਹਾਂ ਨੇ ਸੁਰੇਸ਼ ਕੁਮਾਰ ਬਾਂਸਲ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ, ਇਨ੍ਹਾਂ ਕੇਸਾਂ 'ਚ ਕੁਝ ਕੈਦੀ ਤਾਂ ਭਗੌੜੇ ਵੀ ਰਹੇ ਹਨ ਪਰ ਚੰਡੀਗੜ੍ਹ ਪੁਲਸ ਅਤੇ ਬੁੜੈਲ ਜੇਲ ਪ੍ਰਸ਼ਾਸਨ ਤਮਾਮ ਪਹਿਲੂਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਸੁਰੇਸ਼ ਬਾਂਸਲ (ਫਤਿਹਾਬਾਦ ਦੇ ਭੱਟੂ ਕਲਾਂ 'ਚ ਜਿਨ੍ਹਾਂ ਦਾ ਕਤਲ ਹੋਇਆ) ਦੇ ਪੁੱਤਰ ਗੌਰਵ ਬਾਂਸਲ ਨੇ ਡੀ. ਜੀ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਇਹ ਕੈਦੀ ਮੂਲ ਰੂਪ ਤੋਂ ਫਤਿਹਾਬਾਦ ਦੇ ਭੱਟੂ ਕਲਾਂ ਤੋਂ ਹਨ, ਕਿਉਂਕਿ ਹੁਣ ਕੇਸ ਦਾ ਟ੍ਰਾਇਲ ਪੂਰਾ ਹੋ ਚੁੱਕਾ ਹੈ। ਲਿਹਾਜ਼ਾ ਇਨ੍ਹਾਂ ਸਾਰੇ ਕੈਦੀਆਂ ਨੂੰ ਹਰਿਆਣਾ ਦੀ ਕਿਸੇ ਜੇਲ 'ਚ ਟ੍ਰਾਂਸਫਰ ਕਰ ਦਿੱਤਾ ਜਾਏ ਪਰ ਹੁਣ ਤਕ ਉਨ੍ਹਾਂ ਦੀ ਇਸ ਅਪੀਲ 'ਤੇ ਗੌਰ ਨਹੀਂ ਕੀਤਾ ਗਿਆ।


Related News