ਪਿਆਕੜਾਂ ਦੀਆਂ ਲੱਗੀਆਂ ਮੌਜਾਂ, ਹੁਣ ਮਾਲਾਂ ਤੇ ਮਾਰਕਿਟਾਂ 'ਚ ਵੀ ਵਿਕੇਗੀ ਸ਼ਰਾਬ, ਚੰਡੀਗੜ੍ਹ 'ਚ...
Thursday, Mar 26, 2026 - 01:16 PM (IST)
ਚੰਡੀਗੜ੍ਹ : ਸ਼ਹਿਰ 'ਚ ਨਵੀਂ ਅਬਕਾਰੀ ਨੀਤੀ ਦੇ ਤਹਿਤ ਸ਼ਰਾਬ ਦੇ ਕਾਰੋਬਾਰ 'ਚ ਮਨੋਪਲੀ ਖ਼ਤਮ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ ਹਨ। ਚੰਡੀਗੜ੍ਹ 'ਚ ਹੁਣ ਮਾਲਾਂ ਅਤੇ ਬਾਰਾਂ 'ਚ ਵੀ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਰਾਬ ਦੀਆਂ ਦੁਕਾਨਾਂ 'ਤੇ ਹੁਣ ਸਿਰਫ ਨਕਦੀ ਨਹੀਂ, ਸਗੋਂ ਡਿਜੀਟਲ ਭੁਗਤਾਨ ਵੀ ਸਵੀਕਾਰ ਕਰਨੇ ਲਾਜ਼ਮੀ ਹਨ। ਵੱਡੇ ਸਟੋਰ ਲੋੜੀਂਦੇ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਵਿਦੇਸ਼ੀ ਸ਼ਰਾਬ, ਵਾਈਨ ਅਤੇ ਬੀਅਰ ਵੀ ਵੇਚ ਸਕਣਗੇ। ਬਾਰਾਂ, ਹੋਟਲਾਂ ਅਤੇ ਰੈਸਟੋਰੈਂਟਾਂ ਲਈ ਅਲਕੋ ਮੀਟਰ ਲਾਉਣਾ ਲਾਜ਼ਮੀ ਹੋਵੇਗਾ ਤਾਂ ਜੋ ਗਾਹਕ ਆਪਣੇ ਅਲਕੋਹਲ ਦੇ ਪੱਧਰ ਦੀ ਜਾਂਚ ਕਰ ਸਕਣ। ਆਬਕਾਰੀ ਨੀਤੀ ਤਹਿਤ ਇਕ ਨਵੀਂ ਐੱਲ-2ਡੀ ਲਾਇਸੈਂਸ ਸ਼੍ਰੇਣੀ ਪੇਸ਼ ਕੀਤੀ ਗਈ ਹੈ, ਜਿਸ ਦੇ ਤਹਿਤ ਪ੍ਰਵਾਨਿਤ ਵਪਾਰਕ ਬਜ਼ਾਰਾਂ ਅਤੇ ਮਾਲਾਂ ਦੇ ਅੰਦਰ ਸਥਿਤ ਘੱਟੋ-ਘੱਟ 300 ਵਰਗ ਫੁੱਟ ਖੇਤਰ ਵਾਲੀਆਂ ਦੁਕਾਨਾਂ 'ਚ ਆਯਾਤ ਵਾਈਨ ਅਤੇ ਬੀਅਰ ਦੀ ਪ੍ਰਚੂਨ ਵਿਕਰੀ ਦੀ ਇਜਾਜ਼ਤ ਹੋਵੇਗੀ।
ਇਹ ਵੀ ਪੜ੍ਹੋ : 27-28 ਤਾਰੀਖ਼ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ, ਚੰਡੀਗੜ੍ਹ 'ਚ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ
11 ਠੇਕਿਆਂ ਦੀ ਨੀਲਾਮੀ ਤੋਂ 62.38 ਕਰੋੜ ਰੁਪਏ ਦਾ ਮਾਲੀਆ
ਸ਼ਰਾਬ ਠੇਕਿਆਂ ਦੀ ਦੂਜੇ ਪੜਾਅ ਦੀ ਈ-ਨੀਲਾਮੀ ਪ੍ਰਕਿਰਿਆ ਬੁੱਧਵਾਰ ਨੂੰ ਮੁਕੰਮਲ ਹੋਈ। ਦੂਜੇ ਗੇੜ ’ਚ 11 ਠੇਕਿਆਂ ਦੀ ਨੀਲਾਮੀ ਰਾਹੀਂ ਪ੍ਰਸ਼ਾਸਨ ਨੇ 62.38 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਗਿਆ। ਆਬਕਾਰੀ ਵਿਭਾਗ ਨੇ ਦੋਵਾਂ ਪੜਾਵਾਂ ’ਚ ਕੁੱਲ 93 ਠੇਕਿਆਂ ਤੋਂ ਹੁਣ ਤੱਕ 550 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਪਹਿਲਾ ਪੜਾਅ ’ਚ 19 ਮਾਰਚ ਨੂੰ 82 ਠੇਕਿਆਂ ਲਈ 195 ਬੋਲੀਆਂ ਆਈਆਂ ਸਨ। 376.24 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 29 ਫ਼ੀਸਦੀ ਵਾਧੇ ਨਾਲ 487.68 ਕਰੋੜ ਰੁਪਏ ਦੀ ਕਮਾਈ ਹੋਈ ਅਤੇ 3.90 ਕਰੋੜ ਰੁਪਏ ਭਾਗੀਦਾਰੀ ਫ਼ੀਸ ਮਿਲੀ ਸੀ। ਦੂਜਾ ਪੜਾਅ ਬੁੱਧਵਾਰ ਨੂੰ 11 ਠੇਕਿਆਂ ਲਈ 19 ਬੋਲੀਆਂ ਪ੍ਰਾਪਤ ਹੋਈਆਂ। 53.94 ਕਰੋੜ ਰੁਪਏ ਦੇ ਰਾਖਵੇਂ ਮੁੱਲ ਦੇ ਮੁਕਾਬਲੇ 15.64 ਫ਼ੀਸਦੀ ਵਾਧੇ ਨਾਲ 62.38 ਕਰੋੜ ਰੁਪਏ ਦਾ ਮਾਲੀਆ ਮਿਲਿਆ। ਇਸ ਦੇ ਨਾਲ ਹੀ 38 ਲੱਖ ਰੁਪਏ ਭਾਗੀਦਾਰੀ ਫ਼ੀਸ ਵਜੋਂ ਆਏ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਜਾਰੀ ਹੋਈ ਐਡਵਾਈਜ਼ਰੀ, ਬਿਜਲੀ ਦੇ ਬਿੱਲ ਹੁਣ ਚੰਡੀਗੜ੍ਹ 'ਚ...
93 ਠੇਕਿਆਂ ਤੋਂ ਕੁੱਲ 550.06 ਕਰੋੜ ਰੁਪਏ ਦਾ ਮਾਲੀਆ ਇਕੱਠਾ
ਹੁਣ ਤੱਕ 93 ਠੇਕਿਆਂ ਤੋਂ ਕੁੱਲ 550.06 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਹੈ, ਜੋ 430.18 ਕਰੋੜ ਰੁਪਏ ਦੇ ਕੁੱਲ ਰਾਖਵੇਂ ਮੁੱਲ ਤੋਂ 28 ਫ਼ੀਸਦੀ ਵੱਧ ਹੈ। ਦੋਵਾਂ ਪੜਾਵਾਂ ਤੋਂ ਕੁੱਲ ਭਾਗੀਦਾਰੀ ਫ਼ੀਸ 4.28 ਕਰੋੜ ਰੁਪਏ ਪ੍ਰਾਪਤ ਹੋਈ। ਵਿਭਾਗ ਵੱਲੋਂ ਬਚੀਆਂ 4 ਲਾਈਸੈਂਸਿੰਗ ਯੂਨਿਟਾਂ ਲਈ ਵੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬਾਰਾਂ ਰਾਹੀਂ ਸ਼ਰਾਬ ਦੀ ਖ਼ਰੀਦ, ਠੇਕਿਆਂ ਵਿਚਕਾਰ ਸ਼ਰਾਬ ਟਰਾਂਸਫਰ ਕਰਨ ਦੀ ਸਹੂਲਤ ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਜੀ. ਪੀ. ਐੱਸ. ਟ੍ਰੈਕਿੰਗ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕੀਤਾ ਗਿਆ ਹੈ।
4 ਠੇਕਿਆਂ ਦੀ ਅਲਾਟਮੈਂਟ ਵੀ ਜਲਦ ਹੋਣ ਦੀ ਆਸ
ਆਬਕਾਰੀ ਵਿਭਾਗ ਮੁਤਾਬਕ ਬੋਲੀਕਾਰਾਂ ਵੱਲੋਂ ਮਿਲ ਰਹੇ ਭਾਰੀ ਹੁੰਗਾਰੇ ਨੂੰ ਦੇਖਦਿਆਂ ਬਾਕੀ ਰਹਿੰਦੇ 4 ਠੇਕਿਆਂ ਦੀ ਅਲਾਟਮੈਂਟ ਵੀ ਜਲਦ ਹੋਣ ਦੀ ਆਸ ਹੈ। ਵਿਭਾਗ ਨੂੰ ਯਕੀਨ ਹੈ ਕਿ ਇਸ ਵਾਰ ਮਿੱਥੇ ਮਾਲੀਆ ਟੀਚਿਆਂ ਨੂੰ ਵੱਡੇ ਪੱਧਰ ’ਤੇ ਪਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
