ਚੰਡੀਗੜ੍ਹ ''ਚ ਢਹਿੰਦਾ ''ਆਪ'' ਦਾ ਕਿਲ੍ਹਾ, 28 ਦਿਨਾਂ ''ਚ ਦੂਜਾ ਵੱਡਾ ਝਟਕਾ, ਕਾਂਗਰਸ ਹੋਈ ਮਜ਼ਬੂਤ

Monday, Mar 23, 2026 - 01:47 PM (IST)

ਚੰਡੀਗੜ੍ਹ ''ਚ ਢਹਿੰਦਾ ''ਆਪ'' ਦਾ ਕਿਲ੍ਹਾ, 28 ਦਿਨਾਂ ''ਚ ਦੂਜਾ ਵੱਡਾ ਝਟਕਾ, ਕਾਂਗਰਸ ਹੋਈ ਮਜ਼ਬੂਤ

ਚੰਡੀਗੜ੍ਹ (ਮਨਪ੍ਰੀਤ) : ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ’ਚ ਉਸ ਸਮੇਂ ਵੱਡਾ ਸਿਆਸੀ ਝਟਕਾ ਲੱਗਾ, ਜਦ ਵਾਰਡ-17 ਤੋਂ ਕੌਂਸਲਰ ਦਮਨਪ੍ਰੀਤ ਸਿੰਘ ਬਾਦਲ ਐਤਵਾਰ ਨੂੰ ਆਪਣੇ ਸਮਰਥਕਾਂ ਸਮੇਤ ਕਾਂਗਰਸ ’ਚ ਸ਼ਾਮਲ ਹੋ ਗਏ। ਇਸ ਤੋਂ 28 ਦਿਨ ਪਹਿਲਾਂ ਕੌਂਸਲਰ ਪ੍ਰੇਮ ਲਤਾ ਨੇ ਵੀ ਕਾਂਗਰਸ ’ਚ ਵਾਪਸੀ ਕੀਤੀ ਸੀ। 2021 ਦੀਆਂ ਨਗਰ ਨਿਗਮ ਚੋਣਾਂ ’ਚ ‘ਆਪ’ ਦੀ ਟਿਕਟ ’ਤੇ ਜਿੱਤ ਦਰਜ ਕਰਨ ਵਾਲੇ ਦਮਨਪ੍ਰੀਤ ਨੇ ਆਪਣੀ ਇਸ ਕਾਰਵਾਈ ਨੂੰ ਘਰ ਵਾਪਸੀ ਕਰਾਰ ਦਿੰਦਿਆਂ ਆਮ ਆਦਮੀ ਪਾਰਟੀ ਦੀ ਕਾਰਜ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕਾਂਗਰਸ ਭਵਨ ਵਿਖੇ ਸ਼ਾਮਲ ਹੋਣ ਮੌਕੇ ਉਨ੍ਹਾਂ ਕਿਹਾ ਕਿ ‘ਆਪ’ ਦਾ ਕੋਈ ਮਾਈ-ਬਾਪ ਨਹੀਂ ਰਿਹਾ ਅਤੇ ਪਾਰਟੀ ’ਚ ਬਾਹਰਲੇ ਸੂਬਿਆਂ ਤੋਂ ਆਏ ਆਗੂਆਂ ਦਾ ਦਬਦਬਾ ਹੈ, ਜਦੋਂ ਕਿ ਸਥਾਨਕ ਪ੍ਰਧਾਨ ਦੀ ਕੋਈ ਨਹੀਂ ਸੁਣਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪੰਜ ਸਾਲ ਮੇਅਰ ਚੋਣਾਂ ’ਚ ਪਾਰਟੀ ਦਾ ਪੂਰਾ ਸਾਥ ਦਿੱਤਾ ਅਤੇ ਉਨ੍ਹਾਂ ’ਤੇ ਲੱਗੇ ਕਰਾਸ ਵੋਟਿੰਗ ਜਾਂ ਧੋਖੇ ਦੇ ਦੋਸ਼ ਬੇਬੁਨਿਆਦ ਹਨ।

ਇਹ ਵੀ ਪੜ੍ਹੋ : 28 ਮਾਰਚ ਤੱਕ ਲੱਗ ਗਈ ਸਖ਼ਤ ਪਾਬੰਦੀ! ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਵੱਡੀ ਚਿਤਾਵਨੀ

ਆਉਣ ਵਾਲੇ ਦਿਨਾਂ ’ਚ ‘ਆਪ’ ਕੌਂਸਲਰਾਂ ਦੀ ਗਿਣਤੀ 8 ਰਹਿ ਜਾਵੇਗੀ

ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਦਮਨਪ੍ਰੀਤ ਨੇ ਮਰਹੂਮ ਆਗੂ ਪ੍ਰਦੀਪ ਛਾਬੜਾ ਨੂੰ ਯਾਦ ਕਰਦਿਆਂ ਦੱਸਿਆ ਕਿ ਛਾਬੜਾ ਹੀ ਉਨ੍ਹਾਂ ਨੂੰ ‘ਆਪ’ ’ਚ ਲੈ ਕੇ ਗਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ’ਚ ਨਿਗਮ ਅੰਦਰ ‘ਆਪ’ ਦੇ ਕੌਂਸਲਰਾਂ ਦੀ ਗਿਣਤੀ ਘੱਟ ਕੇ 8 ਰਹਿ ਜਾਵੇਗੀ। ਉੱਥੇ ਹੀ ਕਾਂਗਰਸ ਤੋਂ ਨਾਰਾਜ਼ ਤੇ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਦੇ ਸਵਾਲ ’ਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਐੱਚ.ਐੱਸ. ਲੱਕੀ ਨੇ ਕਿਹਾ ਕਿ ਜਦ ਪਾਰਟੀ ਨੂੰ ਸਭ ਤੋਂ ਜ਼ਿਆਦਾ ਲੋੜ ਸੀ ਅਤੇ ਪੂਰੇ ਦੇਸ਼ ’ਚ ਰਾਹੁਲ ਗਾਂਧੀ ਸੰਵਿਧਾਨ ਦੀ ਲੜਾਈ ਲੜ ਰਹੇ ਸਨ, ਉਦੋਂ ਪਿੱਠ ’ਤੇ ਛੁਰਾ ਘੋਪਿਆ ਗਿਆ ਸੀ। ਅਜਿਹੇ ਲੋਕਾਂ ਦੀ ਪਾਰਟੀ ਨੂੰ ਕੋਈ ਲੋੜ ਨਹੀਂ, ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ। ਸਾਬਕਾ ਸੰਸਦ ਮੈਂਬਰ ਪਵਨ ਬਾਂਸਲ ਦੇ ਕਾਂਗਰਸ ਭਵਨ ਆਉਣ ਦੇ ਸਵਾਲ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਮੈਂ ਕਦੋਂ ਕਿਹਾ ਕਿ ਉਹ ਕਾਂਗਰਸ ’ਚ ਨਹੀਂ ਹਨ? ਅਸੀਂ ਕਿਹੜਾ ਬਾਹਰ ਬੈਰੀਕੇਡ ਲਾਇਆ ਹੋਇਆ ਹੈ? ਲੱਕੀ ਨੇ ਸਪੱਸ਼ਟ ਕੀਤਾ ਕਿ ਬਾਂਸਲ ਪਾਰਟੀ ਦਾ ਹੀ ਹਿੱਸਾ ਹਨ ਤੇ ਉਨ੍ਹਾਂ ਲਈ ਕੋਈ ਰਾਹ ਬੰਦ ਨਹੀਂ ਕੀਤੇ ਗਏ। ਇਸ ਦੌਰਾਨ ਵਕੀਲਾਂ ’ਚ ਸਰਗਰਮ ਉੱਜਵਲ ਭਸੀਨ ਨੇ ਵੀ ਕਾਂਗਰਸ ਦੀ ਮਜ਼ਬੂਤ ਪਕੜ ਦਾ ਹਵਾਲਾ ਦਿੰਦਿਆਂ ‘ਆਪ’ ਛੱਡ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ

ਦਮਨਪ੍ਰੀਤ ਦੀ ਕਾਂਗਰਸ ’ਚ ਐਂਟਰੀ ਨਾਲ ਨਿਗਮ ਦੇ ਸਮੀਕਰਨ ਹਿੱਲੇ

ਦਮਨਪ੍ਰੀਤ ਦੀ ਕਾਂਗਰਸ ’ਚ ਐਂਟਰੀ ਨਾਲ ਦਸੰਬਰ ’ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਵਾਰਡ ਨੰਬਰ 17 ਤੋਂ ਟਿਕਟ ਦੀ ਵੰਡ ਨੂੰ ਲੈ ਕੇ ਨਵੀਂ ਦੁਵਿਧਾ ਪੈਦਾ ਹੋਣ ਦੇ ਆਸਾਰ ਬਣ ਗਏ ਹਨ, ਕਿਉਂਕਿ ਇਸ ਸੀਟ ’ਤੇ ਪਹਿਲਾਂ ਹੀ ਇਕ ਪਰਿਵਾਰ ਵਿਚਾਲੇ ਕਾਨੂੰਨੀ ਵਿਵਾਦ ਚੱਲ ਰਿਹਾ ਹੈ। ਇਸ ਸਿਆਸੀ ਫੇਰਬਦਲ ਨਾਲ 35 ਮੈਂਬਰੀ ਨਗਰ ਨਿਗਮ ਸਦਨ ’ਚ ਗਿਣਤੀ ਦੇ ਸਮੀਕਰਨ ਵੀ ਬਦਲ ਗਏ ਹਨ।

‘ਆਪ’ 14 ਤੋਂ 10 ’ਤੇ ਆਈ, ਕਾਂਗਰਸੀ ਕੌਂਸਲਰਾਂ ਦੀ ਗਿਣਤੀ ਮੁੜ 8 ’ਤੇ ਪਹੁੰਚੀ

ਸਾਲ 2021 ਦੀਆਂ ਚੋਣਾਂ ’ਚ ਸਭ ਤੋਂ ਵੱਧ 14 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੀ ਗਿਣਤੀ ਹੁਣ ਘੱਟ ਕੇ 10 ਰਹਿ ਗਈ ਹੈ। ਪਿਛਲੇ ਸਮੇਂ ਦੌਰਾਨ ‘ਆਪ’ ਦੇ ਕਈ ਕੌਂਸਲਰ ਭਾਜਪਾ ਤੇ ਕਾਂਗਰਸ ’ਚ ਜਾ ਚੁੱਕੇ ਹਨ। ਦੂਜੇ ਪਾਸੇ, ਪਿਛਲੀਆਂ ਚੋਣਾਂ ’ਚ 8 ਸੀਟਾਂ ਜਿੱਤਣ ਵਾਲੀ ਕਾਂਗਰਸ, ਜਿਸ ਨੇ ਆਪਣੇ ਕੁੱਝ ਕੌਂਸਲਰ ਗੁਆ ਲਏ ਸਨ ਹੁਣ ਹਾਲੀਆ ਸ਼ਮੂਲੀਅਤਾਂ ਤੋਂ ਬਾਅਦ ਮੁੜ ਆਪਣੇ ਪੁਰਾਣੇ ਅੰਕੜੇ ਮਤਲਬ ਕਿ 8 ਕੌਂਸਲਰਾਂ ਦੀ ਗਿਣਤੀ ’ਤੇ ਪਹੁੰਚ ਗਈ ਹੈ। ਜੇਕਰ ਦਲ-ਬਦਲੀ ਦਾ ਇਹ ਸਿਲਸਿਲਾ ਨਾ ਰੁਕਿਆ ਤਾਂ ਆਉਣ ਵਾਲੀਆਂ ਚੋਣਾਂ ਤੱਕ ਸਿਆਸੀ ਉਥਲ-ਪੁਥਲ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News