ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ
Tuesday, Mar 24, 2026 - 01:09 PM (IST)
ਚੰਡੀਗੜ੍ਹ (ਵੈੱਬ ਡੈਸਕ/ਮਨਪ੍ਰੀਤ): ਪੰਜਾਬ ਦੇ ਰਾਜਪਾਲ ਗੁਲਾਬ ਗੁਲਾਬ ਚੰਦ ਕਟਾਰੀਆ ਨੇ ਆਖਿਆ ਹੈ ਕਿ ਉਹ ਪੰਜਾਬ ਤੇ ਚੰਡੀਗੜ੍ਹ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਸੁਧਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਲੋਕਾਂ ਨੂੰ ਇਸ ਦੇ ਨਤੀਜੇ ਵੀ ਵੇਖਣ ਨੂੰ ਮਿਲਣਗੇ।
ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੋਮਵਾਰ ਹੱਲੋਮਾਜਰਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਸਮਾਧਾਨ ਕੈਂਪ ਲਗਾਇਆ। ਇਸ ਮੌਕੇ ਉਨ੍ਹਾਂ ਸ਼ਹਿਰ ਦੀ ਅਹਿਮ ਸਮੱਸਿਆ ’ਤੇ ਬੋਲਦਿਆਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਲੋਕਾਂ ਨੂੰ ਪਾਰਕਿੰਗ ਲਈ ਢੁਕਵੀਂ ਥਾਂ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਨਜਾਇਜ਼ ਪਾਰਕਿੰਗ ਦਾ ਮਸਲਾ ਖ਼ਤਮ ਨਹੀਂ ਹੋਵੇਗਾ। ਪ੍ਰਸ਼ਾਸਕ ਨੇ ਕੈਂਪ ਦੌਰਾਨ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਦਿਆਂ ਨਾਗਰਿਕ-ਕੇਂਦਰਿਤ ਸ਼ਾਸਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਪ੍ਰਸ਼ਾਸਨ ਵੱਲੋਂ ਲਾਏ ਇਸ ਦੂਜੇ ਸਮਾਧਾਨ ਕੈਂਪ ਦੇ ਮੰਚ ’ਤੇ ਮੇਅਰ ਸੌਰਭ ਜੋਸ਼ੀ, ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਪ੍ਰਸ਼ਾਸਕ ਨੇ ਲੋਕਾਂ ਦੇ ਸਵਾਲਾਂ ਦੇ ਖੁਦ ਜਵਾਬ ਦਿੱਤੇ ਤੇ ਲੋੜ ਪੈਣ ’ਤੇ ਅਧਿਕਾਰੀਆਂ ਤੋਂ ਮੌਕੇ ’ਤੇ ਹੀ ਜਵਾਬ-ਤਲਬੀ ਕੀਤੀ। ਕੈਂਪ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਕੁੱਲ 66 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਹੱਲੋਮਾਜਰਾ ਦੇ ਵਸਨੀਕਾਂ ਨੇ ਸਫ਼ਾਈ, ਪੀਣ ਵਾਲੇ ਪਾਣੀ, ਬਿਜਲੀ, ਸੜਕਾਂ, ਸਟਰੀਟ ਲਾਈਟਾਂ, ਸਿਹਤ ਸੇਵਾਵਾਂ, ਸਿੱਖਿਆ, ਕੂੜਾ ਪ੍ਰਬੰਧਨ ਤੇ ਜ਼ਮੀਨ ਗ੍ਰਹਿਣ ਵਰਗੇ ਮੁੱਦੇ ਉਠਾਏ। ਕਈ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਗਿਆ ਤੇ ਬਾਕੀਆਂ ਨੂੰ ਸਮਾਂਬੱਧ ਤਰੀਕੇ ਨਾਲ ਨਿਪਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਸੌਂਪਿਆ ਗਿਆ। ਕੈਂਪ ਦੌਰਾਨ ਜਦੋਂ ਇਕ ਵਸਨੀਕ ਨੇ ਤਿੱਖੇ ਲਹਿਜ਼ੇ ’ਚ ਦੋਸ਼ ਲਾਇਆ ਕਿ ਸਰਕਾਰੀ ਤੰਤਰ ਸਿਰਫ਼ ਵਾਅਦੇ ਕਰਦਾ ਹੈ ਤੇ ਡਿਸਪੈਂਸਰੀ ਤੇ ਸਕੂਲ ਵਰਗੇ ਮਸਲੇ ਹੱਲ ਨਹੀਂ ਹੋ ਰਹੇ, ਤਾਂ ਪ੍ਰਸ਼ਾਸਕ ਨੇ ਸਪੱਸ਼ਟ ਕੀਤਾ ਕਿ ਉਹ ਇੱਥੇ ਭਾਸ਼ਣ ਦੇਣ ਜਾਂ ਚਾਰਜਸ਼ੀਟ ਸੁਣਨ ਨਹੀਂ, ਸਗੋਂ ਕੰਮ ਕਰਨ ਆਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੁੰਦਾ, ਲੋਕ ਰਾਜ ਭਵਨ ’ਚ ਉਨ੍ਹਾਂ ਦੇ ਮਹਿਮਾਨ ਹਨ।
ਕਿਹਾ, 'ਮਿਲ ਕੇ ਕੰਮ ਕਰਨ ਨਾਲ ਸਮੱਸਿਆਵਾਂ ਦਾ ਹੱਲ ਜਲਦੀ ਹੁੰਦਾ'
ਵਸਨੀਕਾਂ ਵੱਲੋਂ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਆਪਸ ’ਚ ਰਲਣ ਦੀ ਗੰਭੀਰ ਸ਼ਿਕਾਇਤ ਵੀ ਕੀਤੀ ਗਈ। ਇਸ ਕਾਰਨ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਜ਼ਮੀਨ ਗ੍ਰਹਿਣ ਦੇ ਮੁੱਦੇ ’ਤੇ ਪ੍ਰਸ਼ਾਸਕ ਨੇ ਅਧਿਕਾਰੀਆਂ ਨੂੰ ਸਵਾਲ ਕੀਤਾ ਕਿ ਜੇਕਰ ਜ਼ਮੀਨ ਐਕੁਆਇਰ ਨਹੀਂ ਹੋ ਰਹੀ ਤਾਂ ਲੋਕਾਂ ਨੂੰ ਖੇਤੀ ਲਈ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਇਸ ਮਸਲੇ ਦਾ ਠੋਸ ਹੱਲ ਕੱਢਣ ਦੇ ਨਿਰਦੇਸ਼ ਦਿੱਤੇ। ਪ੍ਰਸ਼ਾਸਕ ਨੇ ਕਿਹਾ ਕਿ ਮਿਲ ਕੇ ਕੰਮ ਕਰਨ ਨਾਲ ਸਮੱਸਿਆਵਾਂ ਦਾ ਹੱਲ ਜਲਦੀ ਤੇ ਆਸਾਨੀ ਨਾਲ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਸਮਾਧਾਨ ਕੈਂਪ ਸ਼ਹਿਰ ਦੀਆਂ ਵੱਖ-ਵੱਖ ਬਸਤੀਆਂ ’ਚ ਲਗਾਤਾਰ ਲਗਾਏ ਜਾਣਗੇ ਤਾਂ ਜੋ ਲੋਕਾਂ ਦਾ ਪ੍ਰਸ਼ਾਸਨ ਨਾਲ ਸਿੱਧਾ ਸੰਪਰਕ ਕਾਇਮ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ 27 ਤੇ 28 ਮਾਰਚ ਨੂੰ ਸੁਖਨਾ ਝੀਲ ਵਿਖੇ ਹੋਣ ਵਾਲੇ ਸੂਰਿਆ ਕਿਰਨ ਐਰੋਬੈਟਿਕ ਟੀਮ ਦੇ ਏਅਰ ਸ਼ੋਅ ਲਈ ਚੰਡੀਗੜ੍ਹ ਟੂਰਿਜ਼ਮ ਐਪ ’ਤੇ ਟਿਕਟ ਬੁਕਿੰਗ ਪੋਰਟਲ ਦਾ ਵੀ ਉਦਘਾਟਨ ਕੀਤਾ।
