ਰਾਹਤ ਦੇ ਨਹੀਂ ਕੋਈ ਆਸਾਰ! ਰੈੱਡ ਅਲਰਟ ’ਚ ਅਗਲੇ 3-4 ਦਿਨ ਅਜਿਹਾ ਰਹੇਗਾ ਮੌਸਮ ਦਾ ਹਾਲ

05/28/2024 6:09:06 AM

ਜਲੰਧਰ (ਪੁਨੀਤ)– ਪਿਛਲੇ ਦਿਨੀਂ ਪਾਰਾ ਘਟਿਆ ਸੀ ਪਰ ਹੁਣ ਇਹ ਫਿਰ ਤੋਂ 43 ਡਿਗਰੀ ਤਕ ਪਹੁੰਚ ਗਿਆ ਹੈ, ਜਿਸ ਕਾਰਨ ਗਰਮੀ ਕਾਰਨ ਲੋਕ ਹਾਲੋ-ਬੇਹਾਲ ਹਨ। ਦੂਜੇ ਪਾਸੇ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪੰਜਾਬ ’ਚ ਅਗਲੇ 3-4 ਦਿਨਾਂ ਦੌਰਾਨ ਰੈੱਡ ਅਲਰਟ ਜਾਰੀ ਰਹੇਗਾ ਤੇ ਲੂ ਚੱਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਇਸ ਕਾਰਨ ਫਿਲਹਾਲ ਰਾਹਤ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ ਤੇ ਲੋਕਾਂ ਨੂੰ ਇਸ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਗਰਮੀ ਦੀ ਸਥਿਤੀ ਇਹ ਹੈ ਕਿ ਮਈ ਮਹੀਨੇ ’ਚ ਹੀ ਲੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਭਿਆਨਕ ਗਰਮੀ ਜ਼ੋਰ-ਸ਼ੋਰ ਨਾਲ ਆਪਣਾ ਰੰਗ ਦਿਖਾ ਰਹੀ ਹੈ, ਜਿਸ ਨਾਲ ਲੋਕਾਂ ਦੀ ਡੇਲੀ ਰੁਟੀਨ ਪ੍ਰਭਾਵਿਤ ਹੋਣੀ ਸ਼ੁਰੂ ਹੋ ਚੁੱਕੀ ਹੈ। ਵੱਧ ਰਹੇ ਗਰਮੀ ਦੇ ਕਹਿਰ ਵਿਚਕਾਰ ਚੱਲ ਰਹੀ ਲੂ ਦੇ ਨਾਲ ਸੋਮਵਾਰ ਨੂੰ ਤਾਪਮਾਨ 43 ਡਿਗਰੀ ਦੇ ਲਗਭਗ ਦਰਜ ਕੀਤਾ ਗਿਆ, ਜਿਸ ਨਾਲ ਲੋਕ ਹਾਲੋ-ਬੇਹਾਲ ਨਜ਼ਰ ਆਏ। ਦੁਪਹਿਰ ਦੇ ਸਮੇਂ ਸੜਕਾਂ ’ਤੇ ਸੰਨਾਟਾ ਫੈਲਿਆ ਹੋਇਆ ਸੀ ਤੇ ਲੋਕ ਛਾਂ ਲੱਭਦੇ ਨਜ਼ਰ ਆ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਹਸਪਤਾਲ ’ਚ ਹੀ ਕੀਤੀ ਜੀਵਨ ਲੀਲਾ ਸਮਾਪਤ

ਇਸ ਸਮੇਂ ਮੌਸਮ ਬੇਹੱਦ ਖੁਸ਼ਕ ਚੱਲ ਰਿਹਾ ਹੈ, ਜਿਸ ਕਾਰਨ ਸਿੱਧਾ ਧੁੱਪ ’ਚ ਜਾਣ ਨਾਲ ਚਮੜੀ ’ਤੇ ਜਲਣ ਮਹਿਸੂਸ ਹੋ ਰਹੀ ਹੈ। ਸਿਹਤ ਵਿਭਾਗ ਦੇ ਮਾਹਿਰਾਂ ਵਲੋਂ ਸਵੇਰੇ 11 ਤੋਂ ਲੈ ਕੇ ਸ਼ਾਮ 4 ਵਜੇ ਤਕ ਦੇ 5 ਘੰਟਿਆਂ ’ਚ ਵਿਸ਼ੇਸ਼ ਅਹਿਤਿਆਤ ਵਰਤਣ ਦੀ ਸਲਾਹ ਦਿੱਤੀ ਗਈ ਹੈ ਤਾਂ ਕਿ ਲੂ ਤੋਂ ਬਚਾਅ ਹੋ ਸਕੇ। ਇਸ ਸਮੇਂ ਦੌਰਾਨ ਬਾਹਰ ਜਾਂਦੇ ਹੋਏ ਲੋੜੀਂਦਾ ਪਾਣੀ ਪੀਣਾ ਚਾਹੀਦਾ ਹੈ ਤੇ ਹਲਕੇ ਰੰਗ ਦੇ ਢਿੱਲੇ ਸੂਤੀ ਕੱਪੜੇ ਪਹਿਨਣ ਨੂੰ ਮਹੱਤਵ ਦੇਣਾ ਚਾਹੀਦਾ ਹੈ। ਕਾਲੀ ਐਨਕ, ਛਤਰੀ ਤੇ ਟੋਪੀ ਪਹਿਨ ਕੇ ਨਿਕਲਣਾ ਚਾਹੀਦਾ ਹੈ। ਖ਼ਾਸ ਤੌਰ ’ਤੇ ਦੁਪਹਿਰ ਦੇ ਸਮੇਂ ਚਾਹ-ਕੌਫੀ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਤੇ ਨਿੰਬੂ ਪਾਣੀ ਜਾਂ ਗਲੂਕੋਜ਼ ਲੈਣਾ ਚਾਹੀਦਾ ਹੈ। ਕੁਝ ਖਾ ਕੇ ਹੀ ਘਰੋਂ ਨਿਕਲੋ ਤੇ ਡਾਈਟ ਦਾ ਧਿਆਨ ਰੱਖੋ।

ਵੱਖ-ਵੱਖ ਇਲਾਕਿਆਂ ’ਚ ਦੇਖਣ ਨੂੰ ਮਿਲ ਰਿਹਾ ਹੈ ਕਿ ਦੋਪਹੀਆ ਵਾਹਨ ਚਾਲਕਾਂ ਨੂੰ ਗਰਮੀ ਕਾਰਨ ਭਾਰੀ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਵੱਧ ਰਹੀ ਗਰਮੀ ਦੇ ਮੱਦੇਨਜ਼ਰ ਸਕੂਲਾਂ ’ਚ ਛੁੱਟੀਆਂ ਕਰਕੇ ਸਰਕਾਰ ਵਲੋਂ ਬੱਚਿਆਂ ਨੂੰ ਰਾਹਤ ਦਿੱਤੀ ਗਈ ਹੈ।

ਤਾਪਮਾਨ ’ਚ 1 ਡਿਗਰੀ ਦਾ ਹੋਇਆ ਵਾਧਾ
ਗਰਮੀ ਤੋਂ ਨਿਜਾਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। 42 ਡਿਗਰੀ ਨੂੰ ਛੂਹ ਚੁੱਕੇ ਵੱਧ ਤੋਂ ਵੱਧ ਤਾਪਮਾਨ ’ਚ ਸੋਮਵਾਰ ਨੂੰ 1 ਡਿਗਰੀ ਤੋਂ ਵੱਧ ਦਾ ਵਾਧਾ ਦਰਜ ਹੋਇਆ ਹੈ। ਉਥੇ ਹੀ ਲੂ ਚੱਲਣ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ’ਚ ਇਜ਼ਾਫ਼ਾ ਹੋ ਰਿਹਾ ਹੈ। ਖ਼ਾਸ ਕਰਕੇ ਦੁਪਹਿਰ ਦੇ ਸਮੇਂ ਲੋਕ ਘਰਾਂ ’ਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਵਪਾਰ ਤੇ ਕੰਮਕਾਜ ਵੀ ਪ੍ਰਭਾਵਿਤ ਹੋਣਾ ਸ਼ੁਰੂ ਹੋ ਚੁੱਕੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News