ਹਨ੍ਹੇਰੀ ਨਾਲ ਡਿੱਗਿਆ ਪਾਰਾ: ਜਾਰੀ ਰਹੇਗਾ 'ਯੈਲੋ ਅਲਰਟ', ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

06/02/2024 4:00:18 PM

ਜਲੰਧਰ (ਪੁਨੀਤ)–ਮਹਾਨਗਰ ਜਲੰਧਰ ਦੇ ਪਾਰੇ (ਤਾਪਮਾਨ) ਵਿਚ ਬੀਤੇ ਦਿਨ 2 ਡਿਗਰੀ ਦੇ ਲਗਭਗ ਗਿਰਾਵਟ ਦਰਜ ਹੋਈ, ਜਿਸ ਨਾਲ ਸ਼ਹਿਰ ਵਾਸੀਆਂ ਨੇ ਕੁਝ ਸੁੱਖ ਦਾ ਸਾਹ ਲਿਆ। ਬੀਤੀ ਸ਼ਾਮੀਂ ਚੱਲੀ ਹਨ੍ਹੇਰੀ ਕਾਰਨ ਮੌਸਮ ਵਿਚ ਬਦਲਾਅ ਹੋਇਆ। ਇਸੇ ਸਿਲਸਿਲੇ ਵਿਚ ਅਗਲੇ ਕੁਝ ਦਿਨਾਂ ਤਕ ਯੈਲੋ ਅਲਰਟ ਜਾਰੀ ਰਹੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਆਉਣ ਵਾਲੇ ਦਿਨਾਂ ਤੋਂ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ। ਅੱਜ ਸ਼ਾਮੀਂ ਹਨੇਰੀ ਦਾ ਕਹਿਰ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਸੜਕਾਂ ’ਤੇ ਲੱਗੇ ਬੋਰਡ ਆਦਿ ਫਟ ਗਏ ਅਤੇ ਤਰਪਾਲਾਂ ਆਦਿ ਉੱਡਦੀਆਂ ਦੇਖੀਆਂ ਗਈਆਂ। ਇਸ ਕਾਰਨ ਵੱਖ-ਵੱਖ ਥਾਵਾਂ ’ਤੇ ਦਰੱਖਤ ਆਦਿ ਉਖੜਨ ਨਾਲ ਵੀ ਨੁਕਸਾਨ ਹੋਣ ਸਬੰਧੀ ਦੱਸਿਆ ਗਿਆ ਹੈ। ਦੇਰ ਰਾਤ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ।

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: ਵੋਟਾਂ ਤੋਂ ਅਗਲੇ ਹੀ ਦਿਨ ਸ਼ੀਤਲ ਅੰਗੁਰਾਲ ਦਾ ਯੂ-ਟਰਨ, ਅਸਤੀਫ਼ਾ ਲੈ ਲਿਆ ਵਾਪਸ

ਵੋਟਿੰਗ ਕਾਰਨ ਦਿਨ ਭਰ ਸੜਕਾਂ ’ਤੇ ਸੰਨਾਟਾ ਪਸਰਿਆ ਰਿਹਾ ਸੀ ਅਤੇ ਵਾਹਨਾਂ ਦੀ ਆਵਾਜਾਈ ਦੀ ਬਹੁਤ ਘੱਟ ਵਿਖਾਈ ਦਿੱਤੀ। ਲੋਕ ਘਰਾਂ ਵਿਚ ਵੜੇ ਰਹੇ, ਜਿਸ ਕਾਰਨ ਵੋਟਿੰਗ ਫ਼ੀਸਦੀ ਵਿਚ ਵੀ ਕਮੀ ਵੇਖਣ ਨੂੰ ਮਿਲੀ। ਬੀਤੇ ਦਿਨ ਮਹਾਨਗਰ ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 43.3 ਡਿਗਰੀ ਦਰਜ ਕੀਤਾ ਗਿਆ, ਜਦਕਿ ਬੀਤੀ ਰਾਤ ਇਹ 45.4 ਡਿਗਰੀ ਤਕ ਪਹੁੰਚ ਗਿਆ ਸੀ। ਇਸ ਕਾਰਨ ਤਾਪਮਾਨ ਵਿਚ 2.1 ਡਿਗਰੀ ਦੀ ਗਿਰਾਵਟ ਨੇ ਭਿਆਨਕ ਗਰਮੀ ਤੋਂ ਰਾਹਤ ਦਿਵਾਉਣ ਦਾ ਕੰਮ ਕੀਤਾ ਹੈ। ਬੀਤੇ ਦਿਨੀਂ ਮਹਾਨਗਰ ਦਾ ਘੱਟ ਤੋਂ ਘੱਟ ਤਾਪਮਾਨ 23.8 ਡਿਗਰੀ ਸੀ, ਜਦਕਿ ਸ਼ਨੀਵਾਰ 26.6 ਡਿਗਰੀ ਨਾਲ ਘੱਟ ਤੋਂ ਘੱਟ ਤਾਪਮਾਨ ਵਿਚ 2.8 ਦਾ ਵਾਧਾ ਵੇਖਣ ਨੂੰ ਮਿਲਿਆ। ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਵਾਧਾ ਹੋਣ ਕਾਰਨ ਰਾਤ ਨੂੰ ਜ਼ਿਆਦਾ ਰਾਹਤ ਨਹੀਂ ਮਿਲੇਗੀ। ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿਚ ਵੱਧ ਤੋਂ ਵੱਧ ਤਾਪਮਾਨ 46.7 ਡਿਗਰੀ ਰਿਕਾਰਡ ਹੋਇਆ, ਜੋਕਿ ਜਲੰਧਰ ਦੇ ਤਾਪਮਾਨ ਤੋਂ 3.4 ਡਿਗਰੀ ਜ਼ਿਆਦਾ ਰਿਕਾਰਡ ਹੋਇਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕਬੱਡੀ ਜਗਤ 'ਚ ਛਾਈ ਸੋਗ ਦੀ ਲਹਿਰ, ਇਸ ਮਸ਼ਹੂਰ ਖ਼ਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਗਰਮੀ ਦਾ ਅਸਰ ਸਾਫ਼ ਤੌਰ ’ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ, ਜਿਸ ਕਾਰਨ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਅੱਜ ਵੋਟਿੰਗ ਕਾਰਨ ਸ਼ਹਿਰ ਵਿਚ ਸਿਰਫ਼ 5-10 ਫ਼ੀਸਦੀ ਦੁਕਾਨਾਂ ਖੁੱਲ੍ਹੀਆਂ, ਜਦਕਿ ਸ਼ਨੀਵਾਰ ਹੋਣ ਕਾਰਨ ਬਾਜ਼ਾਰਾਂ ਵਿਚ ਚਹਿਲ-ਪਹਿਲ ਦਿੱਸਣ ਦੀ ਉਮੀਦ ਸੀ। ਮੁਹੱਲਿਆਂ ਵਿਚ ਪੋਲਿੰਗ ਬੂਥਾਂ ਨੇੜੇ ਵੀ ਜ਼ਿਆਦਾ ਭੀੜ ਨਹੀਂ ਵਿਖਾਈ ਦਿੱਤੀ। ਇਸ ਤੋਂ ਸਾਫ਼ ਸਾਬਤ ਹੋ ਰਿਹਾ ਹੈ ਕਿ ਗਰਮੀ ਨੇ ਲੋਕਾਂ ਨੂੰ ਜਕੜ ਲਿਆ ਹੈ।

ਲਗਾਤਾਰ ਵਧਦੇ ਜਾ ਰਹੇ ਗਰਮੀ ਦੇ ਬੁਰੇ ਪ੍ਰਭਾਵ, ਇਕ ਬੇਹੋਸ਼
ਗਰਮੀ ਦੇ ਬੁਰੇ ਪ੍ਰਭਾਵ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਦੁਪਹਿਰ ਸਮੇਂ ਗਰਮੀ ਦੇ ਵਿਚਕਾਰ ਇਕ ਵਿਅਕਤੀ ਦੋਮੋਰੀਆ ਪੁਲ ਨੇੜੇ ਬੇਹੋਸ਼ ਹੋ ਕੇ ਡਿੱਗ ਗਿਆ। ਸਾਈਕਲ ’ਤੇ ਜਾ ਰਹੇ ਉਕਤ ਵਿਅਕਤੀ ਨੂੰ ਇਕ ਕਾਰ ਵਾਲੇ ਨੇ ਰੁਕ ਕੇ ਪਾਣੀ ਪਿਆਇਆ ਅਤੇ ਚਿਹਰੇ ’ਤੇ ਪਾਣੀ ਪਾਇਆ, ਜਿਸ ਤੋਂ ਬਾਅਦ ਉਕਤ ਵਿਅਕਤੀ ਨੂੰ ਹੋਸ਼ ਆਈ। ਪਿਛਲੇ ਕੁਝ ਦਿਨਾਂ ਦੌਰਾਨ ਜਲੰਧਰ ਵਿਚ ਅਜਿਹੇ ਕਈ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਰਸਤੇ ’ਤੇ ਲੋਕ ਬੇਹੋਸ਼ ਹੁੰਦੇ ਦੇਖੇ ਗਏ। ਇਸ ਸਿਲਸਿਲੇ ਵਿਚ ਬੀਤੇ ਦਿਨੀਂ ਸਿਟੀ ਰੇਲਵੇ ਸਟੇਸ਼ਨ ’ਤੇ ਇਕ ਵਿਅਕਤੀ ਬੇਹੋਸ਼ ਹੋਇਆ ਸੀ, ਜਿਸ ਨੇ ਹਸਪਤਾਲ ’ਚ ਦਮ ਤੋੜ ਦਿੱਤਾ ਸੀ। ਇਸ ਸੀਜ਼ਨ ਦੌਰਾਨ ਗਰਮੀ ਦਾ ਪ੍ਰਭਾਵ ਪਿਛਲੇ ਸਾਲਾਂ ਤੋਂ ਜ਼ਿਆਦਾ ਵਿਖਾਈ ਦਿੱਤਾ ਹੈ।

ਇਹ ਵੀ ਪੜ੍ਹੋ- ਨਕੋਦਰ ਤੋਂ ਆਈ ਮਦਭਾਗੀ ਖ਼ਬਰ, ਪੋਲਿੰਗ ਸਟਾਫ਼ 'ਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News