ਜਾਲੀ ਦਸਤਾਵੇਜ਼ ਤਿਆਰ ਕਰ ਮਾਰੀ 4 ਲੱਖ ਤੋਂ ਵੱਧ ਦੀ ਠੱਗੀ, ਨਿੱਜੀ ਬੈਂਕ ਦੇ 3 ਮੈਨੇਜਰਾਂ ਸਮੇਤ 4 ''ਤੇ ਮਾਮਲਾ ਦਰਜ

06/09/2024 6:36:32 PM

ਤਰਨਤਾਰਨ (ਰਮਨ)-ਨਿੱਜੀ ਬੈਂਕ ਦੇ ਮੈਨੇਜਰ ਅਤੇ ਹੋਰ ਕਰਮਚਾਰੀਆਂ ਦੀ ਮਿਲੀ ਭੁਗਤ ਦੌਰਾਨ ਜਾਅਲੀ ਦਸਤਾਵੇਜ਼, ਪਾਸ ਬੁੱਕ ਤਿਆਰ ਕਰਵਾ ਕੇ 4 ਲੱਖ 31 ਹਜ਼ਾਰ 223 ਰੁਪਏ ਕਿਸਾਨ ਦੇ ਖਾਤੇ ਵਿਚੋਂ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਉਪਰੰਤ ਬੈਂਕ ਮੈਨੇਜਰ, ਆਪ੍ਰੇਸ਼ਨ ਮੈਨੇਜਰ ਅਤੇ ਪਰਸਨਲ ਮੈਨੇਜਰ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪੁਲਸ ਨੇ ਮੁਲਜ਼ਮ ਪਾਸੋਂ 1 ਲੱਖ ਰੁਪਏ ਦੀ ਭਾਰਤੀ ਕਰੰਸੀ, ਇਕ ਜਾਅਲੀ ਪਾਸ ਬੁੱਕ ਅਤੇ ਏ. ਟੀ. ਐੱਮ. ਕਾਰਡ ਬਰਾਮਦ ਕਰ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ-  ਸੁਨਾਮ 'ਚ ਵੱਡਾ ਹਾਦਸਾ, ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਦਰਦਨਾਕ ਮੌਤ

 ਕਿਸਾਨ ਸੁਖਵਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਮਹਿਮੂਦਪੁਰਾ ਨੇ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਐੱਚ. ਡੀ. ਐੱਫ. ਸੀ ਬੈਂਕ ਅਮਰਕੋਟ ਵਿਖੇ ਉਸਦੇ ਨਾਮ ਉਪਰ ਖਾਤਾ ਚੱਲਦਾ ਹੈ, ਜਿਸ ਵਿਚ ਉਸਦਾ ਮੋਬਾਈਲ ਨੰਬਰ ਰਜਿਸਟਰਡ ਹੈ। ਇਸ ਖਾਤੇ ਵਿਚ ਉਸਦੀ ਫਸਲ ਸਬੰਧੀ ਰਕਮ ਆਉਂਦੀ ਹੈ। ਬੀਤੀ ਚਾਰ ਮਈ ਨੂੰ ਜਦੋਂ ਉਹ ਆਪਣੇ ਖਾਤੇ ਵਿਚੋਂ ਘਰੇਲੂ ਕੰਮਕਾਜ ਲਈ ਪੈਸੇ ਕਢਵਾਉਣ ਬੈਂਕ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਉਸਦੇ ਬੈਂਕ ਖਾਤੇ ਵਿਚ ਸਿਰਫ 548 ਰਹਿ ਗਏ ਹਨ ਜਦ ਕਿ ਉਸ ਦੇ ਖਾਤੇ ਵਿਚ ਪਹਿਲਾਂ 4 ਲੱਖ 31 ਹਜ਼ਾਰ 771 ਰੁਪਏ ਦੀ ਰਕਮ ਮੌਜੂਦ ਸੀ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਉਸਦੇ ਪੈਰਾਂ ਹੇਠਾਂ ਤੋਂ ਜ਼ਮੀਨ ਨਿਕਲ ਗਈ ਅਤੇ ਉਸਨੇ ਪਤਾ ਕਰਵਾਇਆ ਕਿ ਉਸਦੇ ਖਾਤੇ ਨਾਲ ਇਕ ਹੋਰ ਕਿਸੇ ਦਾ ਮੋਬਾਈਲ ਨੰਬਰ ਜੋੜ ਦਿੱਤਾ ਗਿਆ ਹੈ। ਜਿਸ ਦੌਰਾਨ ਉਸਦੇ ਖਾਤੇ ਦੀ ਜਾਲੀ ਪਾਸਬੁੱਕ ਅਤੇ ਏ. ਟੀ. ਐੱਮ. ਤਿਆਰ ਕਰਵਾ ਕੇ ਉਸਦੇ ਖਾਤੇ ਵਿਚੋਂ ਰਕਮ ਕਢਵਾ ਲਈ ਗਈ ਸੀ।

ਇਹ ਵੀ ਪੜ੍ਹੋ- ਪਹਿਲਾਂ ਵਿਅਕਤੀ ਨੂੰ ਕੁੜੀ ਨੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬਿਆਨ ਕਰਤਾ ਸੁਖਵਿੰਦਰ ਸਿੰਘ ਦੇ ਉਕਤ ਬੈਂਕ ਖਾਤੇ ਦੀ ਜਾਲੀ ਪਾਸ ਬੁੱਕ ਅਤੇ ਏ. ਟੀ. ਐੱਮ. ਕਾਰਡ ਬੈਂਕ ਮੈਨੇਜਰ ਅਰੁਣ ਸੋਨੀ ਦਸ਼ਮੇਸ਼ ਐਵੀਨਿਊ ਐੱਚ. ਡੀ. ਐੱਫ. ਸੀ. ਬੈਂਕ ਛੇਹਰਟਾ, ਕਮਲਪ੍ਰੀਤ ਸਿੰਘ ਆਪ੍ਰੇਸ਼ਨ ਮੈਨੇਜਰ ਪੁੱਤਰ ਸ਼ਿਵ ਕੁਮਾਰ ਵਾਸੀ ਸਰਦਾਰ ਐਵੀਨਿਊ ਮਜੀਠਾ ਰੋਡ ਅੰਮ੍ਰਿਤਸਰ, ਪੰਕਜ ਕੁਮਾਰ ਪਰਸਨਲ ਮੈਨੇਜਰ ਪੁੱਤਰ ਯੁੱਧਵੀਰ ਸਿੰਘ ਵਾਸੀ ਨਿਊ ਦਸ਼ਮੇਸ਼ ਨਗਰ ਅੰਮ੍ਰਿਤਸਰ ਵੱਲੋਂ ਤਿਆਰ ਕਰਵਾਏ ਗਏ ਸਨ। ਜਿਸ ਤੋਂ ਬਾਅਦ 4 ਲੱਖ 31 ਹਜ਼ਾਰ 223 ਰੁਪਏ ਦੀ ਰਕਮ ਸੁਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮਿਲਾਪ ਐਵੀਨਿਊ ਕਾਲੇ ਘਨੂਪੁਰ ਵੱਲੋਂ ਆਪਣਾ ਹੋਰ ਮੋਬਾਈਲ ਨੰਬਰ ਰਜਿਸਟਰਡ ਕਰਵਾਉਂਦੇ ਹੋਏ ਕਢਵਾ ਲਈ ਗਈ ਸੀ। ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਦੇ ਹੋਏ 1 ਲੱਖ ਰੁਪਏ ਭਾਰਤੀ ਕਰੰਸੀ, ਇਕ ਜਾਲੀ ਪਾਸ ਬੁੱਕ ਅਤੇ ਇਕ ਜਾਲੀ ਏ. ਟੀ. ਐੱਮ. ਕਾਰਡ ਬਰਾਮਦ ਕਰ ਅਗਲੇਰੀ ਕਾਰਵਾਈ ਕਰਦੇ ਹੋਏ ਫਰਾਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਦੀ ਝੀਲ 'ਚੋਂ ਮਿਲੀ ਲਾਸ਼, ਪਿਛਲੇ 3 ਮਹੀਨਿਆਂ ਤੋਂ ਸੀ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News