ਗੁਰੂਘਰ ਦੇ ਬਾਹਰ ਭੱਖ ਗਿਆ ਮਾਹੌਲ! ਨਿਹੰਗ ਸਿੰਘਾਂ ਦਾ ਪੁਲਸ ਨਾਲ ਪੈ ਗਿਆ ਪੰਗਾ, ਦੇਖੋ ਵੀਡੀਓ
Tuesday, Dec 16, 2025 - 01:47 PM (IST)
ਫ਼ਤਹਿਗੜ੍ਹ ਸਾਹਿਬ (ਜਗਦੇਵ): ਦੇਰ ਰਾਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਨੇੜੇ ਕੁੱਝ ਨਿਹੰਗ ਸਿੰਘਾਂ ਤੇ ਹਰਿਆਣਾ ਪੁਲਸ ਦੇ ਐੱਸ.ਪੀ.ਓ. ਦੀ ਗੱਡੀ ਦੀ ਭੰਨ੍ਹਤੋੜ ਅਤੇ ਕੁੱਟਮਾਰ ਕਰਕੇ ਹਮਲਾ ਕਰਨ ਦੇ ਦੋਸ਼ ਲੱਗੇ ਹਨ, ਜਿਸ ਦੀ ਮੌਕੇ ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਉਕਤ ਮੁਲਾਜ਼ਮ ਦੀ ਗੱਡੀ ਨਿਹੰਗ ਸਿੰਘ ਨਾਲ ਟਕਰਾਈ ਸੀ, ਜਿਸ ਮਗਰੋਂ ਇਹ ਵਿਵਾਦ ਹੋਇਆ।
ਹਰਿਆਣਾ ਪੁਲਸ ਦੇ ਐੱਸ.ਪੀ.ਓ. ਵਜੋਂ ਤਾਇਨਾਤ ਮੋਹਨ ਲਾਲ ਨਾਮਕ ਜਵਾਨ ਨੇ ਕਿਹਾ ਕਿ ਉਹ ਆਪਣੇ ਲੜਕੇ ਅਤੇ ਭਰਾ ਨਾਲ ਇੱਥੋਂ ਗੁਜ਼ਰ ਰਿਹਾ ਸੀ ਕਿ ਇਕ ਨਿਹੰਗ ਸਿੰਘ ਸਾਈਡ ’ਤੇ ਡਿਗ ਗਿਆ, ਜਿਸ ਪਿੱਛੋਂ ਉਸ ਦੇ ਸਾਥੀ ਨਿਹੰਗਾਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਜਿੱਥੇ ਉਸ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨ੍ਹਤੋੜ ਕੀਤੀ, ਉੱਥੇ ਹੀ ਗੁੱਝੀਆਂ ਸੱਟਾਂ ਮਾਰੀਆਂ। ਉਸ ਨੇ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਮੌਕੇ 'ਤੇ ਪਹੁੰਚੇ ਥਾਣਾ ਫਤਹਿਗੜ੍ਹ ਸਾਹਿਬ ਦੇ ਐਸਐਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੋਹਨ ਲਾਲ ਦੀ ਇੱਥੇ ਗੱਡੀ ਖੜ੍ਹੀ ਸੀ ਜਿਸ ਨੂੰ ਡੰਡਿਆਂ ਆਦਿ ਨਾਲ ਨੁਕਸਾਨ ਪਹੁੰਚਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਨਿਹੰਗ ਸਿੰਘ ’ਚ ਗੱਡੀ ਲੱਗਣ ਪਿੱਛੋਂ ਇਹ ਘਟਨਾ ਵਾਪਰੀ ਹੈ। ਜਾਂਚ ਜਾਰੀ ਹੈ ਅਤੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।
