ਮਾਰਚ 2026 ’ਚ ਤਿਆਰ ਹੋਵੇਗਾ ਨਵਾਂ ਲੁਧਿਆਣਾ ਰੇਲਵੇ ਸਟੇਸ਼ਨ
Thursday, Oct 24, 2024 - 05:27 AM (IST)
ਲੁਧਿਆਣਾ (ਗੌਤਮ) - ਉੱਤਰ ਰੇਲਵੇ ਦੇ ਜਨਰਲ ਮੈਨੇਜਰ ਅਸ਼ੋਕ ਕੁਮਾਰ ਵਰਮਾ ਨੇ ਬੁੱਧਵਾਰ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਰੇਲਵੇ ਸਟੇਸ਼ਨ ’ਤੇ ਚੱਲ ਰਹੀਆਂ ਰੇਲ ਯੋਜਨਾਵਾਂ, ਵਿਕਾਸ ਕਾਰਜਾਂ, ਯਾਤਰੀ ਸਹੂਲਤਾਂ ਦੇ ਆਧੁਨਿਕੀਕਰਨ, ਆਧੁਨਿਕ ਰੇਲ ਪ੍ਰਣਾਲੀਆਂ ਨੂੰ ਲੈ ਕੇ ਚੈਕਿੰਗ ਕੀਤੀ। ਉਨ੍ਹਾਂ ਨਾਲ ਡੀ. ਆਰ. ਐੱਮ. ਸੰਜੇ ਸਾਹੂ ਤੋਂ ਇਲਾਵਾ ਮੰਡਲ ਦੇ ਆਲ੍ਹਾ ਅਧਿਕਾਰੀ ਤੇ ਸਥਾਨਕ ਅਧਿਕਾਰੀ ਮੌਜੂਦ ਰਹੇ।
ਜਨਰਲ ਮੈਨੇਜਰ ਨੇ ਰੇਲਵੇ ਸਟੇਸ਼ਨ ’ਤੇ ਪੁੱਜਦੇ ਹੀ ਸਵੇਰੇ ਸਾਢੇ 6 ਵਜੇ ਜਾਂਚ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਉਹ ਰੇਲਵੇ ਕਾਲੋਨੀਆਂ ਦੀ ਹਾਲਤ ਦੇਖਣ ਗਏ। ਉਥੇ ਰੇਲਵੇ ਕੁਆਰਟਰਾਂ ਤੋਂ ਇਲਾਵਾ ਪਾਰਕ ਤੇ ਹੋਰ ਉੱਚਿਤ ਥਾਵਾਂ ਦੇਖੀਆਂ।
ਚੈਕਿੰਗ ਦੌਰਾਨ ਪੀਣ ਦੇ ਪਾਣੀ ਦੀ ਵਿਵਸਥਾ ਦੇਖਣ ਲਈ ਜਰਨਲ ਮੈਨੇਜਰ ਖੁਦ ਹੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਏ। ਇਸ ਦੌਰਾਨ ਜਾਂਚ ਕਰ ਕੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ।
ਇਸ ਤੋਂ ਬਾਅਦ ਉਨ੍ਹਾਂ ਨੇ ਪਾਵਰ ਕੈਬਿਨ ਦਾ ਨਿਰੀਖਣ ਕਰ ਕੇ ਸਟਾਫ ਦੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਤੇ ਪਾਵਰ ਕੈਬਿਨ ਇਮਾਰਤ ’ਚ ਬਣੇ ਰਿਲੇਅ ਰੂਮ ’ਚ ਲੱਗੇ ਸਾਇਰਨ ਤੇ ਅੱਗ ਬੁਝਾਊ ਯੰਤਰਾਂ ਦੀ ਜਾਂਚ ਕੀਤੀ। ਸਟੇਸ਼ਨ ਮਾਸਟਰ ਦਫਤਰ ਸਮੇਤ ਕੰਪਲੈਕਸ ’ਚ ਸਥਿਤ ਹੋਰਨਾਂ ਦਫਤਰਾਂ ਦਾ ਨਿਰੀਖਣ ਕੀਤਾ।
ਰੇਲਵੇ ਸਟੇਸ਼ਨ ’ਤੇ ਚੱਲ ਰਹੇ ਪ੍ਰਾਜੈਕਟ ਦੀ ਚੈਕਿੰਗ ਕੀਤੀ
ਜਨਰਲ ਮੈਨੇਜਰ ਨੇ ਇਸ ਦੌਰਾਨ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਪ੍ਰਾਜੈਕਟ ਦੀ ਚੈਕਿੰਗ ਕੀਤੀ ਤੇ ਉਸ ਸਬੰਧੀ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਮਾਰਚ 2026 ਤੱਕ ਪੂਰਾ ਹੋ ਜਾਵੇਗਾ। ਇਸ ਦੌਰਾਨ ਇਮਾਰਤ ਤੋਂ ਇਲਾਵਾ ਰੇਲਵੇ ਸਟੇਸ਼ਨ ’ਤੇ ਪਲੇਟਫਾਰਮਾਂ ਦਾ ਵਿਕਾਸ ਕੀਤਾ ਜਾਵੇਗਾ ਤੇ ਰੇਲਵੇ ਟ੍ਰੈਕ ਦੀ ਗਿਣਤੀ ਵਧਾਈ ਜਾਵੇਗੀ। ਇਸ ਦੇ ਨਾਲ ਰੇਲਵੇ ਸਟੇਸ਼ਨ ’ਤੇ ਸਫਾਈ ਕਾਰਜਾਂ ਸਬੰਧੀ ਪਹਿਲਾਂ ਨਾਲੋਂ ਜ਼ਿਆਦਾ ਡਿਵੈਲਪ ਢੰਗ ਕੀਤਾ ਜਾਵੇਗਾ।
ਸਥਾਨਕ ਕਾਲੋਨੀਆਂ ’ਚ ਰਹਿਣ ਵਾਲੇ 1200 ਦੇ ਕਰੀਬ ਰੇਲ ਮੁਲਾਜ਼ਮਾਂ ਦੀ ਹਰ ਸਹੂਲਤ ਨੂੰ ਧਿਆਨ ’ਚ ਰੱਖ ਕੇ ਵਿਕਾਸ ਕਾਰਜ ਕਰਵਾਏ ਜਾਣਗੇ। ਨਵਾਂ ਰੇਲਵੇ ਸਟੇਸ਼ਨ ਬਣਨ ਤੋਂ ਬਾਅਦ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਮਾਡਲ ਨੂੰ ਇਸ ਢੰਗ ਨਾਲ ਤਿਆਰ ਕੀਤਾ ਜਾ ਰਿਹਾ ਹੈ ਕਿ ਆਉਣ-ਜਾਣ ਵਾਲੇ ਯਾਤਰੀਆਂ ਦੇ ਰਸਤੇ ਵੱਖ-ਵੱਖ ਰਹਿਣ ਤੇ ਭੀੜ ਨਾ ਹੋਵੇ। ਸਫਾਈ ਵਿਵਸਥਾ ਨੂੰ ਲੈ ਕੇ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਸਮੇਂ-ਸਮੇਂ ’ਤੇ ਸਫਾਈ ਵਿਵਸਥਾ ਦੇ ਅਤਿਆਧੁਨਿਕ ਢੰਗ ਅਪਣਾਏ ਜਾ ਰਹੇ ਹਨ।
ਅਧਿਕਾਰੀਆਂ ਦੀ ਵੀ ਲੱਗੀ ਕਲਾਸ
ਆਪਣੀ ਜਾਂਚ ਦੌਰਾਨ ਜਨਰਲ ਮੈਨੇਜਰ ਨੇ ਅਨੋਖੇ ਢੰਗ ਨਾਲ ਚੈਕਿੰਗ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਥਾਨਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਦੂਜੇ ਪਾਸੇ ਲਿਜਾਣ ਦੀ ਸਲਾਹ ਸੀ ਪਰ ਉਨ੍ਹਾਂ ਨੇ ਆਉਂਦੇ ਹੀ ਰੇਲਵੇ ਕਾਲੋਨੀਆਂ ਦੀ ਚੈਕਿੰਗ ਕਰਨ ਲਈ ਕਿਹਾ। ਉਥੇ ਇਕ ਅਧਿਕਾਰੀ ਨੇ ਆਪਣੇ ਸਹਾਇਕ ਨੂੰ ਫਾਈਲਾਂ ਫੜਾ ਦਿੱਤੀਆਂ, ਜਿਸ ’ਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਗੁੱਸਾ ਹੁੰਦੇ ਹੋਏ ਕਿਹਾ ਕਿ ਉਹ ਚਲੇ ਜਾਣ ਤੇ ਸਹਾਇਕ ਹੀ ਚੈਕਿੰਗ ਕਰਵਾ ਦੇਵੇਗਾ।
ਇਸ ਦੇ ਲਈ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਸਖ਼ਤੀ ਦਿਖਾਉਂਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ। ਇਕ ਅਧਿਕਾਰੀ ਨੂੰ ਕੰਮ ਪੂਰਾ ਕਰ ਕੇ ਸ਼ਾਮ ਤੱਕ ਰਿਪੋਰਟ ਦੇਣ ਲਈ ਕਿਹਾ ਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਰਿਪੋਰਟ ਨਾ ਆਈ ਤਾਂ ਉਸ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ।