ਬੰਬ ਦੀਆਂ ਧਮਕੀਆਂ ਮਗਰੋਂ ਸਕੂਲਾਂ ਲਈ ਨਵੀਂ ਐਡਵਾਈਜ਼ਰੀ ਜਾਰੀ, CCPCR ਨੇ ਦਿੱਤੇ ਸਖ਼ਤ ਹੁਕਮ
Saturday, Jan 31, 2026 - 10:39 AM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਦੇ ਸਕੂਲਾਂ ਨੂੰ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਅਤੇ ਵੱਧਦੇ ਸਾਈਬਰ ਅਪਰਾਧਾਂ ਦੇ ਮੱਦੇਨਜ਼ਰ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਸੀ. ਸੀ. ਪੀ. ਸੀ. ਆਰ.) ਨੇ ਸਕੂਲਾਂ ਦੀ ਸੁਰੱਖਿਆ ਅਤੇ ਸਾਈਬਰ ਜਾਗਰੂਕਤਾ ਨੂੰ ਮਜ਼ਬੂਤ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਕਮਿਸ਼ਨ ਨੇ ਸਕੂਲ ਪ੍ਰਬੰਧਕਾਂ ਨੂੰ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਐਡਵਾਈਜ਼ਰੀ ਅਨੁਸਾਰ ਸਕੂਲਾਂ ’ਚ ਸੁਰੱਖਿਆ ਪ੍ਰਬੰਧ ਬੇਹੱਦ ਮਜ਼ਬੂਤ ਹੋਣੇ ਚਾਹੀਦੇ ਹਨ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਬਿਨਾਂ ਪੁਖ਼ਤਾ ਪਛਾਣ ਅਤੇ ਤਸਦੀਕ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਜ਼ੋਰਦਾਰ ਧਮਾਕਾ! ਘਰਾਂ ਦੇ ਦਰਵਾਜ਼ੇ ਤੇ ਸ਼ੀਸ਼ੇ ਤੱਕ ਹਿੱਲ ਗਏ
ਸਕੂਲ ਕੈਂਪਸ ’ਚ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ’ਤੇ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਸਾਲਾਨਾ ਸਮਾਗਮਾਂ ਅਤੇ ਹੋਰ ਵੱਡੇ ਇਕੱਠਾਂ ਦੌਰਾਨ ਮੈਟਲ ਡਿਟੈਕਟਰ ਅਤੇ ਹੋਰ ਲੋੜੀਂਦੇ ਸੁਰੱਖਿਆ ਉਪਕਰਨਾਂ ਦੀ ਵਰਤੋਂ ਲਾਜ਼ਮੀ ਕਰਨ ਦੀ ਸਲਾਹ ਦਿੱਤੀ ਗਈ ਹੈ। ਕਮਿਸ਼ਨ ਨੇ ਜ਼ੋਰ ਦਿੱਤਾ ਕਿ ਸਕੂਲ ਪ੍ਰਬੰਧਕ ਸਥਾਨਕ ਪੁਲਸ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖਣ ਅਤੇ ਕਿਸੇ ਵੀ ਧਮਕੀ ਭਰੇ ਸੁਨੇਹੇ, ਸ਼ੱਕੀ ਈ-ਮੇਲ, ਫਿਸ਼ਿੰਗ ਲਿੰਕ ਜਾਂ ਵਿਸ਼ਿੰਗ ਕਾਲ ਦੀ ਜਾਣਕਾਰੀ ਬਿਨਾਂ ਕਿਸੇ ਦੇਰੀ ਦੇ ਤੁਰੰਤ ਪੁਲਸ ਨੂੰ ਮੁਹੱਈਆ ਕਰਵਾਉਣ। ਇਸ ਦੌਰਾਨ ਚੰਡੀਗੜ੍ਹ ਪੁਲਸ ਅਤੇ ਸਾਈਬਰ ਕਰਾਈਮ ਸੈੱਲ ਦੇ ਸਹਿਯੋਗ ਨਾਲ ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ, ਪ੍ਰਬੰਧਕੀ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਲਈ ਸਮੇਂ-ਸਮੇਂ ’ਤੇ ਸਿਖਲਾਈ ਪ੍ਰੋਗਰਾਮ ਉਲੀਕਣ ਦੀ ਗੱਲ ਵੀ ਕਹੀ ਗਈ ਹੈ।
ਇਨ੍ਹਾਂ ਪ੍ਰੋਗਰਾਮਾਂ ’ਚ ਆਫ਼ਤ ਪ੍ਰਬੰਧਨ, ਸਾਈਬਰ ਸੁਰੱਖਿਆ ਤੇ ਐਮਰਜੈਂਸੀ ਹਾਲਾਤ ਦੌਰਾਨ ਭੀੜ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਅਤੇ ਸਿਰਫ਼ ਸਰਕਾਰੀ ਅਧਿਕਾਰੀਆਂ ਜਾਂ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ’ਤੇ ਹੀ ਭਰੋਸਾ ਕਰਨ ਵਿਦਿਆਰਥੀਆਂ ਤੇ ਮਾਪਿਆਂ ਲਈ ਵੀ ਸਾਈਬਰ ਸੁਰੱਖਿਆ ਤੇ ਡਿਜੀਟਲ ਪਲੇਟਫਾਰਮਾਂ ਦੀ ਸੁਰੱਖਿਅਤ ਵਰਤੋਂ ਸਬੰਧੀ ਜਾਗਰੂਕਤਾ ਸੈਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬੰਸਲ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਾਰੇ ਵਿਭਾਗ ਬੱਚਿਆਂ ਲਈ ਸੁਰੱਖਿਅਤ ਅਤੇ ਭੈਅ-ਮੁਕਤ ਮਾਹੌਲ ਸਿਰਜਣ ਲਈ ਇਕਜੁੱਟ ਹੋ ਕੇ ਕੰਮ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
