ਫੋਟੋ ਖਿੱਚਣੀ ਪਈ ਮਹਿੰਗੀ, 7 ਸਾਲਾ ਭਤੀਜੀ ਦਾ ਨਿਕਾਹ 30 ਸਾਲਾ ਭਤੀਜੇ ਨਾਲ ਕਰਵਾਇਆ
Saturday, Feb 08, 2020 - 04:47 PM (IST)

ਗੁਰਦਾਸਪੁਰ (ਜ. ਬ.) : ਇਕ ਵਿਅਕਤੀ ਵੱਲੋਂ ਪਿੰਡ ਦੀ ਇਕ ਔਰਤ ਦੀ ਚੋਰੀ ਮੋਬਾਇਲ 'ਚ ਫੋਟੋ ਖਿੱਚਣੀ ਏਨੀ ਮਹਿੰਗੀ ਪਈ ਕਿ ਔਰਤ ਦੀ ਸ਼ਿਕਾਇਤ 'ਤੇ ਪਿੰਡ 'ਚ ਜਿਗਰਾ ਬੁਲਾ ਕੇ ਫੋਟੋ ਖਿੱਚਣ ਵਾਲੇ ਦੋਸ਼ੀ ਦੀ 7 ਸਾਲਾ ਭਤੀਜੀ ਦਾ ਨਿਕਾਹ ਔਰਤ ਦੇ 30 ਸਾਲਾ ਭਤੀਜੇ ਨਾਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਮੌਕੇ 'ਤੇ ਹੀ ਜਿਗਰਾ ਦੀ ਹਾਜ਼ਰੀ 'ਚ ਫੋਟੋ ਖਿੱਚਣ ਵਾਲੇ ਨੂੰ 2 ਲੱਖ ਰੁਪਏ ਜੁਰਮਾਨਾ ਵੀ ਅਦਾ ਕਰਨ ਦਾ ਆਦੇਸ਼ ਸੁਣਾਇਆ ਗਿਆ। ਨਿਕਾਹ ਦੀ ਰਸਮ ਪੂਰੀ ਹੋਣ ਤੋਂ ਬਾਅਦ ਰੂਕਸਤੀ ਦੀ ਰਸਮ ਅਦਾ ਹੋਣ ਹੀ ਵਾਲੀ ਸੀ ਕਿ ਮਨਸ਼ੇਰਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਿਗਰਾ 'ਚ ਸ਼ਾਮਲ 13 ਵਿਚੋਂ 4 ਦੋਸ਼ੀਆਂ ਸਮੇਤ ਨਿਕਾਹ ਕਰਨ ਵਾਲੇ ਮੌਲਵੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਦੁਲਹੇ ਮੀਆਂ ਸਮੇਤ ਹੋਰ ਦੋਸ਼ੀ ਭੱਜਣ 'ਚ ਸਫਲ ਹੋ ਗਏ।
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਜ਼ਿਲਾ ਮਨਸ਼ੇਰਾ ਨੇੜੇ ਬਾਰੀ ਬਾਗ ਪਿੰਡ 'ਚ ਇਕ ਵਿਅਕਤੀ ਮੁਹੰਮਦ ਆਸਿਫ ਨੇ ਕੁਝ ਦਿਨ ਪਹਿਲਾਂ ਪਿੰਡ ਦੀ ਹੀ ਇਕ ਔਰਤ ਦੀ ਚੋਰੀ ਨਾਲ ਮੋਬਾਇਲ 'ਚ ਫੋਟੋ ਖਿੱਚ ਲਈ, ਜਿਸ ਕਾਰਨ ਔਰਤ ਅਤੇ ਮੁਹੰਮਦ ਆਸਿਫ ਦੇ ਪਰਿਵਾਰਾਂ 'ਚ ਦੁਸ਼ਮਣੀ ਪੈਦਾ ਹੋ ਗਈ। ਕਈ ਵਾਰ ਦੋਵਾਂ ਪਰਿਵਾਰਾਂ ਵਿਚ ਝਗੜਾ ਹੋਣ ਦੇ ਬਾਅਦ ਸਵੇਰੇ ਪਿੰਡ 'ਚ ਜਿਗਰਾ (ਇਸਲਾਮੀ ਪੰਚਾਇਤ) ਆਯੋਜਿਤ ਕੀਤਾ ਗਿਆ। ਜਿਗਰਾ ਨੇ ਦੋਵਾਂ ਪੱਖਾਂ ਦੀ ਗੱਲ ਸੁਣਨ ਉਪਰੰਤ ਮੁਹੰਮਦ ਆਸਿਫ ਨੂੰ ਦੋਸ਼ੀ ਠਹਿਰਾਉਂਦਿਆਂ ਉਸਦੀ 7 ਸਾਲਾ ਭਤੀਜੀ ਦਾ ਨਿਕਾਹ ਪੀੜਤ ਔਰਤ ਦੇ 30 ਸਾਲਾ ਭਤੀਜੇ ਮੁਹੰਮਦ ਰਿਜਵਾਨ ਨਾਲ ਮੌਕੇ 'ਤੇ ਹੀ ਕਰਨ ਸਮੇਤ ਮੁਹੰਮਦ ਆਸਿਫ ਨੂੰ ਔਰਤ ਦੇ ਪਰਿਵਾਰ ਨੂੰ 2 ਲੱਖ ਰੁਪਏ ਜੁਰਮਾਨਾ ਇਕ ਮਹੀਨੇ 'ਚ ਦੇਣ ਦਾ ਹੁਕਮ ਸੁਣਾਇਆ। 7 ਸਾਲਾ ਲੜਕੀ ਜਿਸ ਦਾ ਜ਼ਬਰਦਸਤੀ ਨਿਕਾਹ ਕੀਤਾ ਗਿਆ ਉਸਦੇ ਪਿਤਾ ਮੁਹੰਮਦ ਨਜੀਰ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।