ਦੇਖਭਾਲ ਲਈ ਰੱਖੇ ਨੇਪਾਲੀ ਨੌਕਰ ਨੇ ਚਾੜ੍ਹ'ਤਾ ਚੰਨ, ਬਜ਼ੁਰਗ ਨੂੰ ਬੇਹੋਸ਼ ਕਰ ਕੇ ਲੈ ਗਿਆ ਲੱਖਾਂ ਦੇ ਗਹਿਣੇ
Tuesday, Dec 17, 2024 - 07:27 AM (IST)
ਲੁਧਿਆਣਾ (ਗੌਤਮ) : ਦੁੱਗਰੀ ਇਲਾਕੇ ਦੇ ਸ਼ਹੀਦ ਭਗਤ ਸਿੰਘ ਨਗਰ ’ਚ ਬਜ਼ੁਰਗ ਔਰਤ ਦੀ ਦੇਖਭਾਲ ਲਈ ਰੱਖਿਆ ਨੇਪਾਲੀ ਨੌਕਰ ਬਜ਼ੁਰਗ ਨੂੰ ਬੇਹੋਸ਼ ਕਰ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਘਰ ਦੇ ਮਾਲਕ ਨੇ 2 ਦਿਨ ਪਹਿਲਾਂ ਹੀ ਨੇਪਾਲੀ ਨੌਕਰ ਨੂੰ ਕੰਮ ’ਤੇ ਰੱਖਿਆ ਸੀ, ਜਿਸ ਨੇ ਆਪਣੇ 2 ਹੋਰਨਾਂ ਸਾਥੀਆਂ ਸਮੇਤ ਵਾਰਦਾਤ ਨੂੰ ਅੰਜਾਮ ਦਿੱਤਾ।
ਵਾਰਦਾਤ ਦੌਰਾਨ ਬਜ਼ੁਰਗ ਔਰਤ ਇਕੱਲੀ ਹੀ ਘਰ ’ਚ ਮੌਜੂਦ ਸੀ ਅਤੇ ਪਰਿਵਾਰ ਦੇ ਬਾਕੀ ਲੋਕ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਪਤਾ ਲੱਗਣ ’ਤੇ ਬਜ਼ੁਰਗ ਔਰਤ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਦੀ ਪਛਾਣ ਲਖਵਿੰਦਰ ਕੌਰ 76 ਸਾਲ ਵਜੋਂ ਕੀਤੀ ਗਈ ਹੈ। ਥਾਣਾ ਦੁੱਗਰੀ ਦੀ ਪੁਲਸ ਨੇ ਐੱਸ. ਬੀ. ਐੱਸ. ਨਗਰ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਸੰਧੂ ਦੇ ਬਿਆਨ ’ਤੇ ਨੇਪਾਲ ਦੇ ਜ਼ਿਲ੍ਹਾ ਡੋਟੀ ਦੇ ਰਹਿਣ ਵਾਲੇ ਸੂਰਜ ਅਤੇ ਉਸ ਦੇ 2 ਸਾਥੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਛੋਲਿਆਂ ਦੀ ਸਬਜ਼ੀ 'ਚੋਂ ਨਿਕਲਿਆ ਕੰਨ ਖਜੂਰਾ, ਦੁਕਾਨ ਵਾਲਾ ਕਹਿੰਦਾ- 'ਇਹ ਤਾਂ ਪਾਲਕ ਦੀ ਡੰਡੀ ਐ ਜੀ...'
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਸੱਸ ਉਨ੍ਹਾਂ ਦੇ ਘਰ ਕੋਲ ਹੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਦੇਖਭਾਲ ਲਈ 2 ਦਿਨ ਪਹਿਲਾਂ ਹੀ ਸੂਰਜ ਨੂੰ ਰੱਖਿਆ ਸੀ। ਉਹ ਕਿਸੇ ਕੰਮ ਦੇ ਸਿਲਸਿਲੇ ’ਚ ਆਪਣੀ ਪਤਨੀ ਨਾਲ ਸ਼ਹਿਰ ਤੋਂ ਬਾਹਰ ਗਏ ਹੋਏ ਸਨ। ਜਦੋਂ ਵਾਪਸ ਆਏ ਤਾਂ ਦੇਖਿਆ ਕਿ ਉਸ ਦੀ ਸੱਸ ਬੇਹੋਸ਼ੀ ਦੀ ਹਾਲਤ ’ਚ ਸੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਮੌਕੇ ’ਤੇ ਪੁੱਜੀ ਪੁਲਸ ਨੇ ਜਾਂਚ ਦੌਰਾਨ ਆਸ-ਪਾਸ ਦੇ ਇਲਾਕੇ ਤੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੁਲਸ ਮੁਤਾਬਕ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਆਪਣੇ 2 ਹੋਰਨਾਂ ਸਾਥੀਆਂ ਸਮੇਤ ਜਾ ਰਿਹਾ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਿਸੇ ਜਾਣਕਾਰ ਨੇ ਹੀ ਉਕਤ ਮੁਲਜ਼ਮ ਨੂੰ ਕੰਮ ’ਤੇ ਰਖਵਾਇਆ ਸੀ। ਪੁਲਸ ਮਾਮਲੇ ਸਬੰਧੀ ਮੁਲਜ਼ਮ ਦੀ ਭਾਲ ਕਰ ਰਹੀ ਹੈ। ਦੋ ਦਿਨ ਪਹਿਲਾਂ ਹੀ ਰੱਖਣ ਕਾਰਨ ਅਜੇ ਉਸ ਦੀ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8