ਨਾ ਰੈੱਡ ਐਂਟਰੀ ਦਾ ਫਿਕਰ, ਨਾ ਪਰਚੇ ਦੀ ਪ੍ਰਵਾਹ, ਅਸੀਂ ਹਾਂ ਬੇਪ੍ਰਵਾਹ!

Thursday, Nov 14, 2024 - 05:00 AM (IST)

ਨਾ ਰੈੱਡ ਐਂਟਰੀ ਦਾ ਫਿਕਰ, ਨਾ ਪਰਚੇ ਦੀ ਪ੍ਰਵਾਹ, ਅਸੀਂ ਹਾਂ ਬੇਪ੍ਰਵਾਹ!

ਮਾਲੇਰਕੋਟਲਾ (ਸ਼ਹਾਬੂਦੀਨ) - ਸਰਕਾਰੀ ਤੰਤਰ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਜਿਥੇ ਸਖਤੀ ਦਾ ਰੱਜ ਕੇ ਵਿਖਾਵਾ ਕੀਤਾ ਜਾ ਰਿਹਾ ਹੈ, ਉਥੇ ਹੀ ਮਾਲ ਵਿਭਾਗ ਵੱਲੋਂ ਕਿਸਾਨਾਂ ਦੇ ਰਿਕਾਰਡ ’ਚ ਰੈੱਡ ਐਂਟਰੀ ਵੀ ਪਾਈ ਜਾ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਅੱਜ ਪਰਾਲੀ ਨੂੰ ਅੱਗ ਲਗਾਉਣ ਦਾ ਰੁਝਾਨ ਆਪਣੇ ਸਿਖਰ ’ਤੇ ਹੈ। ਅੱਜ ਹਾਲਾਤ ਇਹ ਬਣ ਗਏ ਹਨ ਕਿ ਸੜਕਾਂ ਕੰਢੇ ਲਾਈਆਂ ਅੱਗਾਂ ਕਾਰਨ ਸੜਕਾਂ ਸੰਘਣੇ ਧੂੰਏਂ ਨਾਲ ਭਰੀਆਂ ਪਈਆਂ ਹਨ। ਇਸ ਵਾਰ ਝੋਨੇ ਦਾ ਸੀਜ਼ਨ ਲੰਮਾ ਚੱਲਣ ਦੇ ਆਸਾਰ ਹਨ।

ਧੂੰਏਂ ਦੀ ਚਾਦਰ ਨਾਲ ਲੁਕਿਆ ਰਿਹਾ ਸੂਰਜ
ਮਾਲਵਾ ਖੇਤਰ ’ਚ ਅੱਜ ਧੂੰਏਂ ਦੀ ਮੋਟੀ ਚਾਦਰ ਨੇ ਪੂਰੇ ਆਸਮਾਨ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ। ਸਵੇਰ ਤੋਂ ਹੀ ਧੁੰਦ ਦੇ ਨਾਲ ਮਿਲਿਆ ਹੋਇਆ ਧੂੰਆਂ ਹਵਾਵਾਂ ’ਚ ਛਾਇਆ ਹੋਇਆ ਸੀ, ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਮੁਸ਼ਕਿਲਾਂ ਆ ਰਹੀਆਂ ਹਨ। ਦਿਨ ਚੜ੍ਹਦੇ-ਚੜ੍ਹਦੇ ਧੂੰਏਂ ਨੇ ਇਸ ਕਦਰ ਅਸਮਾਨ ਨੂੰ ਢੱਕ ਲਿਆ ਕਿ ਸਾਰਾ ਦਿਨ ਸੂਰਜ ਦੀ ਰੌਸ਼ਨੀ ਪੂਰੀ ਤਰ੍ਹਾਂ ਨਜ਼ਰ ਹੀ ਨਹੀਂ ਆਈ ਅਤੇ ਹਰ ਪਾਸੇ ਛਾਏ ਹਨੇਰੇ ਕਾਰਨ ਲੋਕਾਂ ਨੂੰ ਜਿਥੇ ਦਿਨ ਦੇ ਸਮੇਂ ’ਚ ਵੀ ਲਾਈਟਾਂ ਚਲਾਉਣ ਲਈ ਮਜਬੂਰ ਕਰ ਦਿੱਤਾ, ਉਥੇ ਵਾਹਨ ਚਾਲਕਾਂ ਨੂੰ ਵੀ ਦੂਰ ਦੀ ਦ੍ਰਿਸ਼ਟੀ ਘੱਟ ਹੋਣ ਕਾਰਨ ਸੁਰੱਖਿਆ ਲਈ ਲਾਈਟਾਂ ਜਗਾ ਕੇ ਵਾਹਨ ਚਲਾਉਣੇ ਪਏ। ਵਾਤਾਵਰਣ ਦੇ ਇਸ ਬਦਲਾਅ ਨੇ ਖੇਤਰ ਦੇ ਵਸਨੀਕਾਂ ਨੂੰ ਜਿਥੇ ਚਿੰਤਾ ’ਚ ਪਾ ਦਿੱਤਾ ਹੈ, ਉਥੇ ਇਸ ਮਾਹੌਲ ’ਚ ਲੋਕਾਂ ਦਾ ਜਿਊਣਾ ਦੁੱਭਰ ਹੋ ਚੁੱਕਾ ਹੈ। ਸਥਿਤੀ ਪੂਰੀ ਤਰ੍ਹਾਂ ਕੰਟਰੋਲ ਤੋਂ ਬਾਹਰ ਹੈ।

ਜ਼ਿਲੇ ’ਚ ਏਅਰ ਕੁਆਲਿਟੀ ਇੰਡੈਕਸ ਹੁਣ ਖਤਰਨਾਕ ਹੱਦ ਤੱਕ ਪਹੁੰਚ ਚੁੱਕਾ ਦੱਸਿਆ ਜਾਂਦਾ ਹੈ। ਇਸ ਪ੍ਰਦੂਸ਼ਣ ਦੇ ਮੂਲ ਕਾਰਨਾਂ ’ਚ ਖੇਤੀਬਾੜੀ ਦੇ ਖੇਤਰਾਂ ’ਚ ਰਹਿੰਦ-ਖੂਹੰਦ ਨੂੰ ਸਾੜਿਆ ਜਾਣਾ ਪ੍ਰਮੁੱਖ ਹੈ। ਪਿਛਲੇ ਕੁਝ ਦਿਨਾਂ ’ਚ ਵਾਤਾਵਰਣ ਵਿਭਾਗ ਵੱਲੋਂ ਵੀ ਸੂਚਨਾ ਜਾਰੀ ਕੀਤੀ ਗਈ ਸੀ ਕਿ ਇਸ ਧੂੰਏਂ ਕਾਰਨ ਲੋਕਾਂ ਨੂੰ ਖਾਸ ਕਰ ਕੇ ਬੱਚਿਆਂ, ਬਜ਼ੁਰਗਾਂ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਖਤਰਾ ਵਧ ਸਕਦਾ ਹੈ। ਇਲਾਕਾ ਵਸਨੀਕਾਂ ਨੇ ਦੱਸਿਆ ਕਿ ਅਸੀਂ ਇਸ ਹਾਲਾਤ ਨੂੰ ਪਹਿਲੀ ਵਾਰ ਨਹੀਂ ਦੇਖ ਰਹੇ ਪਰ ਇਸ ਵਾਰ ਧੂੰਆਂ ਜ਼ਿਆਦਾ ਸਮੇਂ ਲਈ ਟਿੱਕਿਆ ਹੋਇਆ ਹੈ। ਇਹ ਸਾਡੇ ਸਾਹ ਅਤੇ ਸਿਹਤ ਲਈ ਬਹੁਤ ਹੀ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ।

ਲੋਕਾਂ ਦੀ ਸਿਹਤ ਨਾਲ ਰੱਜ ਕੇ ਖਿਲਵਾੜ ਕੀਤਾ ਜਾ ਰਿਹਾ ਹੈ। ਛੋਟੇ ਮਾਸੂਮ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਜ਼ਹਿਰੀਲੇ ਧੂੰਏਂ ਕਾਰਨ ਅੱਖਾਂ ’ਚ ਜਲਣ ਹੋ ਰਹੀ ਹੈ ਪਰ ਬੇਫਿਕਰੇ ਲੋਕ ਆਪਣਾ ਸਵਾਰਥ ਸੋਧਣ ’ਚ ਲੱਗੇ ਹੋਏ ਹਨ। ਅਦਾਲਤਾਂ, ਸਰਕਾਰਾਂ ਅਤੇ ਪ੍ਰਸ਼ਾਸਨ ਦੇ ਸਾਰੇ ਹੁਕਮ ਨਿਯਮ ਛਿੱਕੇ ਟੰਗੇ ਜਾ ਚੁੱਕੇ ਹਨ। ਅਸੀਂ ਇਕ ਅਜਿਹੇ ਮੁਲਕ ਦੇ ਵਾਸੀ ਹਾਂ, ਜਿਥੇ ਦਹਾਕਿਆਂ ਤੋਂ ਸਰਕਾਰਾਂ ਇਸ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੱਢ ਸਕੀਆਂ ਅਤੇ ਹਰ ਵਰ੍ਹੇ ਲੋਕਾਂ ਨੂੰ ਇਹ ਸੰਤਾਪ ਹੰਢਾਉਣਾ ਪੈਂਦਾ ਹੈ।

ਹੁਣ ਹਾਲਾਤ ਇਹ ਬਣਦੇ ਜਾ ਰਹੇ ਹਨ ਕਿ ਦਿਨੇ ਵੀ ਘਰਾਂ ਦੇ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਵਾਤਾਵਰਣ ਵਿਭਾਗ ਦੇ ਮੁਤਾਬਕ ਹਵਾਵਾਂ ਦੀ ਘੱਟ ਗਤੀ ਅਤੇ ਵਾਤਾਵਰਣ ਦੀ ਸਥਿਰਤਾ ਕਾਰਨ ਇਸ ਪ੍ਰਦੂਸ਼ਣ ਦੇ ਹਾਲਾਤ ਹਾਲੇ ਕੁਝ ਦਿਨ ਹੋਰ ਵੀ ਬਿਹਤਰ ਨਹੀਂ ਹੋ ਸਕਦੇ। ਲੋਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਬਿਨਾਂ ਲੋੜ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਜਦੋਂ ਵੀ ਬਾਹਰ ਜਾਣ ਦੀ ਲੋੜ ਪਵੇ ਤਾਂ ਮੁਖੋਟਿਆਂ ਦੀ ਵਰਤੋਂ ਜ਼ਰੂਰ ਕੀਤੀ ਜਾਵੇ। ਕਿਸੇ ਨੂੰ ਕੁਝ ਨਹੀਂ ਪਤਾ ਕਿ ਇਸ ਨਾਮੁਰਾਦ ਅਲਾਮਤ ਤੋਂ ਕਦੋਂ ਨਿਜ਼ਾਤ ਮਿਲੇਗੀ।


author

Inder Prajapati

Content Editor

Related News