ICDS ਦੀ 50ਵੀਂ ਵਰ੍ਹੇਗੰਢ ’ਤੇ ਆਂਗਨਵਾੜੀ ਵਰਕਰਾਂ–ਹੈਲਪਰਾਂ ਦਾ ਰੋਸ; CDPO ਦਫ਼ਤਰ ਅੱਗੇ ਧਰਨਾ
Monday, Nov 17, 2025 - 02:16 PM (IST)
ਮਹਿਲ ਕਲਾਂ (ਹਮੀਦੀ): ਆਈ.ਸੀ.ਡੀ.ਐੱਸ. ਦੀ 50ਵੀਂ ਵਰ੍ਹੇਗੰਢ ਮੌਕੇ ਅੰਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਬਲਾਕ ਮਹਿਲ ਕਲਾਂ ਜਥੇਬੰਦੀ ਵੱਲੋਂ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲ ਵੱਢ ਦੀ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਧਿਕਾਰੀ (ਸੀਡੀਪੀਓ) ਦਫ਼ਤਰ ਮਹਿਲ ਕਲਾਂ ਅੱਗੇ ਵੱਡਾ ਰੋਸ ਧਰਨਾ ਕੀਤਾ ਗਿਆ। ਵਰਕਰਾਂ ਅਤੇ ਹੈਲਪਰਾਂ ਨੇ ਜ਼ਬਰਦਸਤ ਨਾਆਰੇਬਾਜ਼ੀ ਕਰਦਿਆਂ ਆਪਣੀਆਂ ਲੰਬਿਤ ਜਾਇਜ਼ ਮੰਗਾਂ ਨੂੰ ਤੁਰੰਤ ਮਨਜ਼ੂਰ ਕਰਨ ਦੀ ਮੰਗ ਉੱਠਾਈ। ਯੂਨੀਅਨ ਦੀ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲਵੱਢ, ਸੁਖਵਿੰਦਰ ਕੌਰ ਰਾਏਸਰ, ਕੁਲਦੀਪ ਕੌਰ ਚੌਹਾਨਕੇ ਅਤੇ ਜਸਬੀਰ ਕੌਰ ਕਲਾਲਾ ਨੇ ਦੱਸਿਆ ਕਿ ਦੇਸ਼-ਪੱਧਰੀ ਸੱਦੇ ਤਹਿਤ ਮਹਿਲ ਕਲਾਂ ਬਲਾਕ ਦੀਆਂ ਸੈਂਕੜਿਆਂ ਭੈਣਾਂ ਨੇ ਇੱਕਜੁੱਟ ਹੋ ਕੇ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨਾ ਬਾਲ ਦਿਵਸ ਮੌਕੇ ਆਪਣੀ ਭਾਵਨਾ ਪ੍ਰਗਟ ਕਰਦਿਆਂ ਕਿਹਾ ਕਿ ਦੇਸ਼ ਦੀਆਂ 26 ਲੱਖ ਤੋਂ ਵੱਧ ਅੰਗਨਵਾੜੀ ਵਰਕਰਾਂ ਅਤੇ ਸਹਾਇਕਾਂ ਨੇ 6 ਸਾਲ ਦੀ ਉਮਰ ਤੱਕ ਦੇ ਲਗਭਗ 8 ਕਰੋੜ ਬੱਚਿਆਂ ਦੀ ਦੇਖਭਾਲ, ਪੋਸ਼ਣ ਅਤੇ ਪਾਲਣਾ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਆਈ.ਸੀ.ਡੀ.ਐਸ. ਯੋਜਨਾ ਦੀ 50ਵੀਂ ਵਰ੍ਹੇਗੰਢ ਮੌਕੇ ਸਰਕਾਰ ਵੱਲੋਂ ਇਸ ਮਹੱਤਵਪੂਰਨ ਯੋਜਨਾ ਅਤੇ ਇਸ ਨੂੰ ਚਲਾਉਣ ਵਾਲੀਆਂ ਵਰਕਰਾਂ ਦੇ ਯੋਗਦਾਨ ਨੂੰ ਅਣਡਿੱਠਾ ਕਰ ਦੇਣਾ ਗੰਭੀਰ ਤੇ ਦੁੱਖਦਾਈ ਹੈ। ਉਨ੍ਹਾਂ ਦੱਸਿਆ ਕਿ 2 ਅਕਤੂਬਰ 1975 ਤੋਂ ਚੱਲ ਰਹੀ ਇਹ ਯੋਜਨਾ ਦੇਸ਼ ਦੇ ਬੱਚਿਆਂ ਅਤੇ ਮਹਿਲਾਵਾਂ ਦੇ ਪੋਸ਼ਣ, ਸਿਹਤ ਅਤੇ ਸਿੱਖਿਆ ਵਿੱਚ ਇਤਿਹਾਸਕ ਭੂਮਿਕਾ ਨਿਭਾ ਰਹੀ ਹੈ, ਪਰ ਅੱਜ ਨਾ ਤਾਂ ਇਸ ਦੀ ਗੋਲਡਨ ਜੁਬਲੀ ਢੰਗ ਨਾਲ ਮਨਾਈ ਜਾ ਰਹੀ ਹੈ ਤੇ ਨਾ ਹੀ ਵਰਕਰਾਂ ਦੀਆਂ ਹੱਕੀ ਮੰਗਾਂ ਸੁਣੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਵਰਕਰਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਹੁਣ ਲਾਭਪਾਤਰੀਆਂ ਲਈ ਵੀ ਚਿਹਰਾ ਪਛਾਣ ਪ੍ਰਣਾਲੀ ਵੱਡੀ ਸਮੱਸਿਆ ਬਣ ਚੁੱਕੀ ਹੈ। ਹਰ ਵਾਰ 200–300 ਗ੍ਰਾਮ ਰਾਸ਼ਨ ਲੈਣ ਲਈ ਚਿਹਰਾ ਸਕੈਨ ਕਰਵਾਉਣ ਦੀ ਸ਼ਰਤ ਕਾਰਨ ਬੱਚਿਆਂ ਅਤੇ ਮਹਿਲਾਵਾਂ ਨੂੰ ਹੱਕੀ ਰਾਸ਼ਨ ਤੋਂ ਵਾਂਝਾ ਕਰਨ ਦੀ ਸਥਿਤੀ ਬਣ ਰਹੀ ਹੈ।
ਉਨ੍ਹਾਂ ਕਿਹਾ ਕਿ ਪੋਸ਼ਣ ਦਾ ਬਜਟ ਵਧਾਉਣ ਦੀ ਬਜਾਏ “ਪੋਸ਼ਣ ਨਿਗਰਾਨ ਪ੍ਰਣਾਲੀ” ਦੇ ਨਾਂ ਹੇਠ ਲਾਭਪਾਤਰੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ, ਜੋ ਕਤਈ ਗਲਤ ਹੈ। ਉਹਨਾਂ ਕਿਹਾ ਕਿ ਹੜ੍ਹਾਂ ਵਾਲੇ ਇਲਾਕਿਆਂ ਵਿੱਚ ਇਹ ਪ੍ਰਣਾਲੀ ਨਾ ਚੱਲਣ ਕਾਰਨ ਕਈ ਵਰਕਰਾਂ ਨੂੰ ਵਿਭਾਗ ਵੱਲੋਂ ਤਾੜਨਾ ਪੱਤਰ ਜਾਰੀ ਕੀਤੇ ਗਏ ਹਨ ਅਤੇ ਜਿਨ੍ਹਾਂ ਦੀ ਪਛਾਣ ਨਹੀਂ ਹੋ ਸਕੀ, ਉਨ੍ਹਾਂ ਨੂੰ ਸੂਚੀ ਤੋਂ ਬਾਹਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਅਨਿਆਏ ਹੈ। ਸੰਘ ਨੇ ਸਪਸ਼ਟ ਕੀਤਾ ਕਿ ਆਈ.ਸੀ.ਡੀ.ਐਸ. ਸਿਰਫ਼ ਇੱਕ ਯੋਜਨਾ ਨਹੀਂ, ਸਗੋਂ ਦੇਸ਼ ਦੇ ਭਵਿੱਖ ਨੰਨੇ ਬੱਚਿਆਂ ਤੇ ਮਹਿਲਾਵਾਂ ਦੀ ਰੱਖਿਆ ਨਾਲ ਜੁੜਿਆ ਮੂਲ ਦ੍ਰਿਸ਼ਟੀਕੋਣ ਹੈ। ਇਸਦੀ ਅਣਡਿੱਠੀ ਦੇਸ਼ ਦੇ ਭਵਿੱਖ ਨੂੰ ਅਣਡਿੱਠਾ ਕਰਨਾ ਹੈ। ਵਰਕਰਾਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਕਰਮਜੀਤ ਕੌਰ ਭੱਦਲ ਵੱਢ ਦੀ ਅਗਵਾਈ ਹੇਠ ਵਰਕਰਾਂ ਅਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਨਾਂ ਉੱਤੇ ਤਿਆਰ ਕੀਤਾ ਮੰਗ ਪੱਤਰ ਸੀਡੀਪੀਓ ਦਫ਼ਤਰ ਮਹਿਲ ਕਲਾਂ ਦੀ ਸੁਪਰਵਾਈਜ਼ਰ ਕੁਸਬਿੰਦਰ ਕੌਰ ਨੂੰ ਸੌਂਪਿਆ। ਸੁਪਰਵਾਈਜ਼ਰ ਨੇ ਯਕੀਨ ਦਵਾਇਆ ਕਿ ਮੰਗ ਪੱਤਰ ਪਹਿਲ ਦੇ ਅਧਾਰ ’ਤੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਹਰਦੀਪ ਕੌਰ ਕਲਾਲਾ, ਪਰਮਜੀਤ ਕੌਰ ਚੌਹਾਨਕੇ, ਬਲਬੀਰ ਕੌਰ ਗਹਿਲ, ਦਲਜੀਤ ਕੌਰ ਗਹਿਲ, ਹਰਬੰਸ ਕੌਰ ਮਹਿਲ ਖੁਰਦ, ਕਰਨਜੀਤ ਕੌਰ, ਚਰਨਜੀਤ ਕੌਰ, ਪਲਵਿੰਦਰ ਕੌਰ, ਸਰਬਜੀਤ ਕੌਰ, ਕਿਰਨਜੀਤ ਕੌਰ, ਮੋਮ, ਹਰਵਿੰਦਰ ਕੌਰ, ਤੇਜਵੰਤ ਕੌਰ, ਰਮਨਜੀਤ ਕੌਰ, ਰਜੇਸ਼ ਕੁਮਾਰੀ, ਮਦਨ ਮੂਰਤੀ, ਗੁਲਾਬ ਕੌਰ, ਰਾਜਵੀਰ ਕੌਰ, ਰਮਨਦੀਪ ਕੌਰ, ਮਨਜੀਤ ਕੌਰ, ਮੰਜੂ ਬਾਲਾ, ਰੂਹੀ ਬਾਸਲ, ਪਰਮਿੰਦਰ ਕੌਰ, ਰਣਜੀਤ ਕੌਰ, ਸੁਖਵਿੰਦਰ ਕੌਰ, ਸੁਖਬੀਰ ਕੌਰ, ਅਮਰਜੀਤ ਕੌਰ ਗਹਿਲ ਸਮੇਤ ਬਲਾਕ ਦੀਆਂ ਬਹੁਤ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
