ਪਿੰਡ ਗਹਿਲ ਵਿਖੇ ਭਾਰਤਮਾਲਾ ਰੋਡ ਦਾ ਕੰਮ ਰੁਕਿਆ, ਰੱਖੀਆਂ ਗਈਆਂ ਇਹ ਮੰਗਾਂ

Thursday, Nov 20, 2025 - 06:15 PM (IST)

ਪਿੰਡ ਗਹਿਲ ਵਿਖੇ ਭਾਰਤਮਾਲਾ ਰੋਡ ਦਾ ਕੰਮ ਰੁਕਿਆ, ਰੱਖੀਆਂ ਗਈਆਂ ਇਹ ਮੰਗਾਂ

ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਭਾਰਤਮਾਲਾ ਪ੍ਰੋਜੈਕਟ ਤਹਿਤ ਬਣ ਰਹੇ ਰੋਡ ਦਾ ਕੰਮ ਕਿਸਾਨਾਂ ਦੀਆਂ ਅਹਿਮ ਮੰਗਾਂ ਅਜੇ ਤਕ ਪੂਰੀਆਂ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਕੰਮ ਨੂੰ ਰੋਕਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜੱਜ ਸਿੰਘ ਗਹਿਲ, ਇਕਾਈ ਪ੍ਰਧਾਨ ਜੋਗਿੰਦਰ ਸਿੰਘ ਗਹਿਲ, ਮੀਤ ਪ੍ਰਧਾਨ ਮਨਜੀਤ ਸਿੰਘ, ਕਮੇਟੀ ਮੈਂਬਰ ਬਲਦੇਵ ਸਿੰਘ, ਗੁਰਮੇਲ ਸਿੰਘ ਤੇ ਰਾਮ ਸਿੰਘ ਨੇ ਸਾਰੀ ਜਾਣਕਾਰੀ ਪ੍ਰੈਸ ਸਾਹਮਣੇ ਰੱਖਦਿਆਂ ਕਿਹਾ ਕਿ ਜਿੰਨਾ ਕਿਸਾਨਾਂ ਦੀਆਂ ਜ਼ਮੀਨਾਂ ਦੇ ਨਾਲ ਲੱਗਦੀਆਂ ਮੋਟਰਾਂ ਰੋਡ ਦੀ ਲਾਈਨ ਵਿਚ ਆ ਰਹੀਆਂ ਹਨ। ਉਨ੍ਹਾਂ ਮੋਟਰਾਂ ਦੀ ਸੁਰੱਖਿਅਤ ਸਿਫ਼ਟਿੰਗ ਕੀਤਿਆਂ ਬਿਨਾਂ ਰੋਡ ਦਾ ਕੰਮ ਸ਼ੁਰੂ ਨਹੀਂ ਹੋਣ ਦੇਵਾਂਗੇ। 

ਕਿਸਾਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਵਰਕਾਮ ਦੇ ਐੱਸ.ਡੀ.ਓ. ਨੂੰ ਸਪਸ਼ਟ ਕਹਿਆ ਗਿਆ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਨੂੰ ਨਵੀਂ ਥਾਂ ’ਤੇ ਸਿਫ਼ਟ ਕਰਨ ਲਈ ਸਾਰਾ ਖਰਚਾ ਸਰਕਾਰ ਅਤੇ ਰੋਡ ਕੰਪਨੀ ਆਪਣੇ ਪੱਧਰ ’ਤੇ ਚੁੱਕਣ, ਕਿਉਂਕਿ ਕਿਸਾਨਾਂ ਦੀ ਰੋਡ ਲਈ ਆਪਣੀਆਂ ਮੋਟਰਾਂ ਹਿਲਾਉਣ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੇ ਇਸ ਪ੍ਰੋਜੈਕਟ ਦੀ ਜ਼ਰੂਰਤ ਸਰਕਾਰ ਨੂੰ ਹੈ, ਇਸ ਲਈ ਸਾਰੀ ਤਬਦੀਲੀ ਦਾ ਆਰਥਿਕ ਬੋਝ ਕਿਸਾਨਾਂ ਉੱਤੇ ਨਹੀਂ ਪੈਣਾ ਚਾਹੀਦਾ। ਆਗੂਆਂ ਨੇ ਇਹ ਵੀ ਜ਼ੋਰ ਦੇ ਨਾਲ ਕਿਹਾ ਕਿ ਰੋਡ ਦੀ ਬਣਤ ਕਾਰਨ ਦੋਵੇਂ ਪਾਸੇ ਕੁਦਰਤੀ ਪਾਣੀ ਦੇ ਰਸਤੇ ਬੰਦ ਹੋ ਰਹੇ ਹਨ, ਜਿਸ ਨਾਲ 23 ਕਿਸਾਨਾਂ ਦੇ ਖੇਤਾਂ ਨੂੰ ਪਾਣੀ ਲੰਘਾਉਣ ਦਾ ਪੂਰਾ ਪ੍ਰਬੰਧ ਕਰਨਾ ਲਾਜ਼ਮੀ ਹੈ। ਇਸ ਲਈ ਰੋਡ ਦੇ ਦੋਵੇਂ ਪਾਸਿਆਂ ਮਜ਼ਬੂਤ ਪੁਲੀਆਂ ਪਹਿਲ ਦੇ ਅਧਾਰ ’ਤੇ ਦੱਬੀਆਂ ਜਾਣ, ਤਾਂ ਜੋ ਕਿਸੇ ਵੀ ਕਿਸਾਨ ਦੀ ਸਿੰਚਾਈ ਪ੍ਰਭਾਵਿਤ ਨਾ ਹੋਵੇ। 

ਉਨ੍ਹਾਂ ਕਿਹਾ ਕਿ ਜੇ ਰੋਡ ਬਣਾਉਣ ਤੋਂ ਬਾਅਦ ਪਾਣੀ ਦਾ ਨਿਕਾਸ ਬੰਦ ਹੋਇਆ ਤਾਂ ਇਹ ਕਿਸਾਨਾਂ ਲਈ ਵਿਨਾਸ਼ਕਾਰੀ ਸਾਬਤ ਹੋਵੇਗਾ।ਆਗੂਆਂ ਨੇ ਕਿਹਾ ਕਿ ਮੋਟਰਾਂ ਅਤੇ ਪਾਣੀ ਲੰਘਣ ਵਾਲੀਆਂ ਪੁਲੀਆਂ ਦੀਆਂ ਲਿਸਟਾਂ ਬਿਲਕੁਲ ਸਹੀ ਤਰ੍ਹਾਂ ਤਿਆਰ ਕਰਕੇ ਅਥਾਰਟੀ ਨੂੰ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਫਿਰ ਸਪਸ਼ਟ ਕੀਤਾ ਕਿ ਸੋਨੂ ਨਾਂ ਦੇ ਕਿਸੇ ਵੀ ਵਿਅਕਤੀ ਦਾ ਨਾਂ ਲਿਸਟ ਵਿੱਚ ਨਹੀਂ ਹੈ, ਇਹ ਮਹਿਜ਼ ਗਲਤਫ਼ਹਿਮੀ ਹੈ। ਇਸ ਮੌਕੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਤੇ ਇਕਾਈ ਪ੍ਰਧਾਨ ਜੋਗਿੰਦਰ ਸਿੰਘ ਗਹਿਲ ਨੇ ਕਿਹਾ ਕਿ ਜੇਕਰ ਅਧਿਕਾਰੀ ਮੌਕੇ ’ਤੇ ਆ ਕੇ ਲਿਖਤੀ ਭਰੋਸਾ ਨਹੀਂ ਦਿੰਦੇ, ਤਾਂ ਕਿਸਾਨਾਂ ਵੱਲੋਂ ਰੋਡ ਦਾ ਕੰਮ ਕਦੇ ਵੀ ਅੱਗੇ ਨਹੀਂ ਵੱਧਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਿੰਚਾਈ ਤੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਸਭ ਤੋਂ ਪਹਿਲਾਂ, ਰੋਡ ਬਾਅਦ ਵਿੱਚ। ਖਬਰ ਲਿਖੇ ਜਾਣ ਤੱਕ ਜਥੇਬੰਦੀ ਦੇ ਆਗੂਆਂ ਤੇ ਅਧਿਕਾਰੀਆਂ ਵਿਚਕਾਰ ਮਸਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲ ਰਹੀ ਸੀ। 
 


author

Anmol Tagra

Content Editor

Related News