ਕਾਨੂੰਨ ਵਿਵਸਥਾ ਨੂੰ ਚੁਸਤ-ਦਰੁਸਤ ਬਣਾਉਣ ਲਈ ਪੁਲਸ ਪ੍ਰਸ਼ਾਸਨ ਦੀ ਸਿਆਸੀ ਗ਼ਲਬੇ ਤੋਂ ਮੁਕਤੀ ਜ਼ਰੂਰੀ : ਭਗਵੰਤ ਮਾਨ
Wednesday, Mar 02, 2022 - 05:29 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ 'ਆਪ' ਦੀ ਸਰਕਾਰ ਸੂਬੇ ਦੇ ਪੁਲਸ ਮੁਲਾਜ਼ਮਾਂ ਸਮੇਤ ਸਰਕਾਰੀ ਮੁਲਾਜ਼ਮਾਂ ਦੇ ਮਾਮਲੇ ਪ੍ਰਮੁੱਖਤਾ ਨਾਲ ਵਿਚਾਰ ਕੇ ਹੱਲ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁਲਾਜ਼ਮ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਂਦੇ ਰਹੇ ਹਨ ਪਰ ਰਿਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਨੇ ਹਮੇਸ਼ਾ ਹੀ ਮੁਲਾਜ਼ਮਾਂ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਮਾਨ ਮੁਤਾਬਕ ਜਦੋਂ ਤੱਕ ਪੁਲਸ ਪ੍ਰਸ਼ਾਸਨ 'ਚ ਉਪਰ ਤੋਂ ਲੈ ਕੇ ਹੇਠਾਂ ਤੱਕ ਬੇਲੋੜੀ ਸਿਆਸੀ ਦਖ਼ਲਅੰਦਾਜ਼ੀ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਸੂਬੇ ਦੀ ਕਾਨੂੰਨ ਦੀ ਵਿਵਸਥਾ ਨੂੰ ਚੁਸਤ-ਦੁਰਸਤ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : ਯੂ. ਐੱਨ. ਐੱਸ. ਸੀ. ਵੋਟਿੰਗ ਤੋਂ ਬਾਅਦ ਭਾਰਤੀ ਵਿਦਿਆਰਥੀਆਂ ਨੂੰ ਯੂਕ੍ਰੇਨ ’ਚ ਹੋ ਰਹੀ ਦੋਹਰੀ ਪ੍ਰੇਸ਼ਾਨੀ : ਮਾਨ
ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਪੁਲਸ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵਿਧਾਨ ਸਭਾ ਚੋਣਾਂ ਸਮੇਂ ਆਪਣੀ ਕਾਰਜਕੁਸ਼ਲਤਾ ਦਾ ਸੁਚੱਜਾ ਸਬੂਤ ਦਿੱਤਾ ਹੈ। ਪੁਲਸ ਮੁਲਾਜ਼ਮਾਂ ਨੇ ਬੂਥ ਤੋਂ ਲੈ ਕੇ ਸਟ੍ਰਾਂਗ ਰੂਮ ਤੱਕ ਸੁਰੱਖਿਆ ਮਜ਼ਬੂਤ ਕੀਤੀ ਹੈ ਅਤੇ ਵੋਟਰਾਂ ਸਮੇਤ ਡਿਊਟੀ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ ਤੇ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ 'ਚ ਸਾਰਥਿਕ ਰੋਲ ਅਦਾ ਕੀਤਾ ਹੈ। ਮਾਨ ਨੇ ਸੱਤਾਧਾਰੀ ਕਾਂਗਰਸ ਤੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਪੁਲਸ 'ਤੇ ਹੀ ਵਿਸ਼ਵਾਸ ਨਹੀਂ ਹੈ ਕਿਉਂਕਿ ਬਾਦਲ ਤੇ ਕੈਪਟਨ ਨੇ ਆਪਣੀ, ਆਪਣੇ ਪਰਿਵਾਰਾਂ ਅਤੇ ਹੋਰ ਕਰੀਬੀਆਂ ਦੀ ਸੁਰੱਖਿਆ ਲਈ ਬਣਾਏ 'ਸਪੈਸ਼ਲ ਪ੍ਰੋਟੈਕਸ਼ਨ ਯੂਨਿਟ' ਵਿੱਚ ਹੋਰਨਾਂ ਰਾਜਾਂ ਦੇ 209 ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ, ਜਦੋਂ ਕਿ ਪੰਜਾਬ ਦੇ ਸਿਰਫ 19 ਨੌਜਵਾਨਾਂ ਨੂੰ ਨੌਕਰੀ ਨਸੀਬ ਹੋਈ। ਉਨ੍ਹਾਂ ਦੋਸ਼ ਲਾਇਆ ਕਿ 'ਸਪੈਸ਼ਲ ਪ੍ਰੋਟੈਕਸ਼ਨ ਯੂਨਿਟ' ਵਿੱਚ ਹੋਰਨਾਂ ਰਾਜਾਂ ਤੋਂ ਡੀ. ਐੱਸ. ਪੀ., ਇੰਸਪੈਕਟਰ, ਸਬ-ਇੰਸਪੈਕਟਰ ਅਤੇ ਜਵਾਨ ਭਰਤੀ ਕਰਕੇ ਬਾਦਲਾਂ ਤੇ ਕੈਪਟਨ ਨੇ ਨਾ ਸਿਰਫ਼ ਪੰਜਾਬੀਆਂ ਦੀ ਪਿੱਠ 'ਚ ਛੁਰਾ ਮਾਰਿਆ ਸਗੋਂ ਪੰਜਾਬ ਦੇ ਖ਼ਜ਼ਾਨੇ ਨੂੰ ਵੀ ਲੁੱਟਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਦਿੱਤੀ ਜਨਮਦਿਨ ਦੀ ਵਧਾਈ, ਚੰਨੀ ਬੋਲੇ- ਅੱਜ ਮੇਰਾ ਜਨਮਦਿਨ ਨਹੀਂ
ਮਾਨ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਪੁਲਸ ਦੇ ਮਾਣ-ਸਨਮਾਨ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਪੁਲਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ। ਪੁਲਸ ਫੋਰਸ ਤੋਂ ਸਿਰਫ ਪੁਲਸ ਦੇ ਕੰਮ ਕਰਵਾਏ ਜਾਣਗੇ ਤੇ ਸਿਆਸੀ ਆਗੂਆਂ ਦੇ ਘਰਾਂ 'ਚ ਕੰਮ ਕਰਨ 'ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਸਿਆਸੀ ਆਗੂਆਂ, ਉੱਚ ਅਫ਼ਸਰਾਂ ਸਮੇਤ ਹੋਰਨਾਂ ਕਥਿਤ ਵੀ. ਆਈ. ਪੀਜ਼ ਨੂੰ ਸੁਰੱਖਿਆ ਦੇ ਨਾਂ 'ਤੇ ਪੱਕੇ ਤੌਰ 'ਤੇ ਦਿੱਤੇ ਵਾਧੂ ਪੁਲਸ ਮੁਲਾਜ਼ਮ ਵਾਪਸ ਲੈ ਕੇ ਉਨ੍ਹਾਂ ਦੀ ਥਾਣਿਆਂ ਅਤੇ ਟ੍ਰੈਫਿਕ ਪ੍ਰਬੰਧਾਂ 'ਚ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਸੂਬੇ ਵਿੱਚ ਕਾਨੂੰਨ ਵਿਵਸਥਾ ਠੀਕ ਰਹਿਣ ਦੇ ਨਾਲ-ਨਾਲ ਆਮ ਲੋਕਾਂ ਦੇ ਮਸਲੇ ਵੀ ਨਿਸ਼ਚਿਤ ਸਮੇਂ ਵਿੱਚ ਹੱਲ ਹੋਣ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਨੂੰ ਹਫ਼ਤਾਵਾਰੀ ਛੁੱਟੀ ਦੇਣ ਦੇ ਨਾਲ-ਨਾਲ ਡਿਊਟੀ ਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਵੇਗਾ। ਰੋਜ਼ਾਨਾ ਖਾਣੇ ਦੇ ਪੈਸਿਆਂ 'ਚ ਵਾਧਾ ਕੀਤਾ ਜਾਵੇਗਾ ਅਤੇ ਆਵਾਜਾਈ ਭੱਤੇ ਸੁਧਾਰੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਦੀ ਤਰ੍ਹਾਂ ਆਮ ਸਰਕਾਰੀ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਦ੍ਰਿੜ੍ਹ ਸੰਕਲਪ ਹੈ। 'ਆਪ' ਦੀ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਨਾਲ-ਨਾਲ ਪੇ-ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਵੀ ਲਾਗੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੁਖਜਿੰਦਰ ਰੰਧਾਵਾ ਦਾ PM ਮੋਦੀ 'ਤੇ ਵੱਡਾ ਹਮਲਾ, ਕਿਹਾ-ਕੇਂਦਰ ਸੂਬਿਆਂ ਦੇ ਅਧਿਕਾਰਾਂ ’ਤੇ ਡਾਕਾ ਨਾ ਮਾਰੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ