INTERNET ਚਲਾਉਣ ਵਾਲੇ ਮੁੰਡੇ-ਕੁੜੀਆਂ ਲਈ ਪੰਜਾਬ ਪੁਲਸ ਦੀ ਐਡਵਾਇਜ਼ਰੀ; ਗ੍ਰਿਫ਼ਤਾਰ ਕੀਤਾ ਨੌਜਵਾਨ

Tuesday, Apr 14, 2026 - 01:06 PM (IST)

INTERNET ਚਲਾਉਣ ਵਾਲੇ ਮੁੰਡੇ-ਕੁੜੀਆਂ ਲਈ ਪੰਜਾਬ ਪੁਲਸ ਦੀ ਐਡਵਾਇਜ਼ਰੀ; ਗ੍ਰਿਫ਼ਤਾਰ ਕੀਤਾ ਨੌਜਵਾਨ

ਲੁਧਿਆਣਾ (ਰਾਜ): ਸੋਸ਼ਲ ਮੀਡੀਆ 'ਤੇ ਸ਼ੋਹਰਤ ਹਾਸਲ ਕਰਨ ਦੇ ਚੱਕਰ ਵਿਚ ਥਾਣੇ ਦੇ ਬਾਹਰ ਭੜਕਾਊ ਵੀਡੀਓ ਬਣਾਉਣੀ ਇਕ ਨੌਜਵਾਨ ਨੂੰ ਮਹਿੰਗੀ ਪੈ ਗਈ। ਉਸ ਨੇ ਇਤਰਾਜ਼ਯੋਗ ਭਾਸ਼ਾ ਅਤੇ ਭੜਕਾਊ ਸਮੱਗਰੀ ਵਾਲੀ ਵੀਡੀਓ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਸਾਈਬਰ ਸੈੱਲ ਦੀ ਮਦਦ ਨਾਲ ਮੁਲਜ਼ਮ ਨੌਜਵਾਨ ਦੀ ਪਛਾਣ ਕੀਤੀ ਅਤੇ ਨੌਜਵਾਨ ਨੂੰ ਦਬੋਚ ਲਿਆ ਹੈ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਦੀ ਤਰਫ਼ੋਂ ਇਹ ਕਾਰਵਾਈ ਉਨ੍ਹਾਂ ਲੋਕਾਂ ਨੂੰ ਸਖ਼ਤ ਸੰਦੇਸ਼ ਹੈ ਜੋ ਇੰਟਰਨੈੱਟ ਦਾ ਇਸਤੇਮਾਲ ਮਾਹੌਲ ਖ਼ਰਾਬ ਕਰਨ ਲਈ ਕਰਦੇ ਹਨ। 

ਦਰਅਸਲ, ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਉਕਤ ਨੌਜਵਾਨ ਦੀ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ, ਜਿਸ ਵਿਚ ਉਹ ਸਮਾਜ ਵਿਚ ਨਫ਼ਰਤ ਫੈਲਾਉਣ ਵਾਲੀ ਅਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ ਸੀ। ਉਹ ਥਾਣਾ ਡੇਹਲੋਂ ਦੇ ਬਾਹਰ ਖੜ੍ਹਾ ਹੋ ਕੇ ਇਕ ਰੀਲ ਬਣਾ ਰਿਹਾ ਸੀ, ਜਿਸ ਵਿਚ ਪਿੱਛੇ ਤੋਂ ਆਵਾਜ਼ ਸੀ ਕਿ "ਥਾਣੇ ਦੇ ਬਾਹਰ ਗੱਡੀ ਸਟਾਰਟ ਰੱਖਣਾ, ਦੋ ਲੋਕ ਥਾਣੇ ਦੇ ਅੰਦਰ ਜਾਣਗੇ ਅਤੇ ਫਾਇਰਿੰਗ ਕਰਨਗੇ। ਜਦੋਂ ਤੱਕ ਪੁਲਸ ਨੂੰ ਪਤਾ ਲੱਗੇਗਾ ਉਹ ਬੇਬੇ ਨੂੰ ਭਜਾ ਲੈ ਜਾਣਗੇ"। ਇਸ ਰੀਲ ਵਿਚ ਨੌਜਵਾਨ ਥਾਣਾ ਡੇਹਲੋਂ ਦੇ ਬਾਹਰ ਖੜ੍ਹੇ ਹੋ ਕੇ ਆਪਣੀ ਅਤੇ ਥਾਣੇ ਦੀ ਵੀਡੀਓ ਬਣਾ ਰਿਹਾ ਸੀ। ਫਿਰ ਉਸ ਨੇ ਇਹ ਵੀਡੀਓ ਆਪਣੇ ਸੋਸ਼ਲ ਸਾਈਟਸ ਦੇ ਅਕਾਊਂਟ ਵਿਚ ਅਪਲੋਡ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਈਬਰ ਸੈੱਲ ਅਤੇ ਸਥਾਨਕ ਥਾਣਾ ਟੀਮ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਮੁਲਜ਼ਮ ਦੀ ਪਛਾਣ ਕੀਤੀ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ਵਿਚ ਲੈਣ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ

ਇਸ ਕਾਰਵਾਈ ਤੋਂ ਬਾਅਦ ਪੁਲਸ ਪ੍ਰਸ਼ਾਸਨ ਨੇ ਆਮ ਜਨਤਾ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਇਕ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਸਾਈਬਰ ਕ੍ਰਾਈਮ ਦੇ ਐਸ.ਐਚ.ਓ. ਸਤਬੀਰ ਸਿੰਘ ਨੇ ਅਪੀਲ ਕੀਤੀ ਹੈ ਕਿ ਲੋਕ ਸੋਸ਼ਲ ਮੀਡੀਆ 'ਤੇ ਕੋਈ ਵੀ ਅਜਿਹੀ ਵੀਡੀਓ ਜਾਂ ਪੋਸਟ ਸਾਂਝੀ ਕਰਨ ਤੋਂ ਗੁਰੇਜ਼ ਕਰਨ ਜਿਸ ਨਾਲ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਜਾਂ ਕਾਨੂੰਨ-ਵਿਵਸਥਾ ਵਿਗੜੇ। ਅਜਿਹੀ ਕਿਸੇ ਵੀ ਗ਼ੈਰ-ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਹੋਣ ਵਾਲੇ ਸ਼ਖਸ ਦੇ ਖ਼ਿਲਾਫ਼ ਪੁਲਸ ਬਿਨਾਂ ਕਿਸੇ ਢਿੱਲ ਦੇ ਸਖ਼ਤ ਐਕਸ਼ਨ ਲਵੇਗੀ। ਪੁਲਸ ਦਾ ਕਹਿਣਾ ਹੈ ਕਿ ਤਕਨੀਕ ਦਾ ਇਸਤੇਮਾਲ ਚੰਗੇ ਕੰਮਾਂ ਲਈ ਕਰੋ, ਨਾ ਕਿ ਅਪਰਾਧ ਲਈ। ਸੋਸ਼ਲ ਮੀਡੀਆ ਦਾ ਉਪਯੋਗ ਪੂਰੀ ਜ਼ਿੰਮੇਵਾਰੀ ਦੇ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਇਕ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਅ ਸਕੋ। ਫਿਲਹਾਲ, ਗ੍ਰਿਫ਼ਤਾਰ ਨੌਜਵਾਨ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਸ ਇਹ ਵੀ ਜਾਂਚ ਰਹੀ ਹੈ ਕਿ ਇਸ ਤਰ੍ਹਾਂ ਦੇ ਵੀਡੀਓ ਦੇ ਪਿੱਛੇ ਕਿਸੇ ਹੋਰ ਦੀ ਸ਼ਹਿ ਤਾਂ ਨਹੀਂ ਸੀ।


author

Anmol Tagra

Content Editor

Related News