ਪੰਜਾਬ ਪੁਲਸ ਨੇ ਕੇਂਦਰ ਨੂੰ ਪੱਤਰ ਲਿਖ ਕੇ ''Lawrence of Punjab ''ਤੇ ਪਾਬੰਦੀ ਲਗਾਉਣ ਲਈ ਕਿਹਾ
Thursday, Apr 23, 2026 - 04:58 PM (IST)
ਚੰਡੀਗੜ੍ਹ : ਪੰਜਾਬ ਪੁਲਸ ਦੇ ਸਾਈਬਰ ਕਰਾਈਮ ਵਿਭਾਗ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਓ.ਟੀ.ਟੀ. ਪਲੇਟਫਾਰਮ 'ਤੇ ਆਉਣ ਵਾਲੀ ਡਾਕੂਮੈਂਟਰੀ ਸੀਰੀਜ਼ "ਲਾਰੈਂਸ ਆਫ ਪੰਜਾਬ" 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇਹ ਡਾਕੂਮੈਂਟਰੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੀਵਨ ਅਤੇ ਉਸ ਦੇ ਅਪਰਾਧਿਕ ਸਫ਼ਰ 'ਤੇ ਆਧਾਰਿਤ ਹੈ, ਜਿਸ ਨੂੰ 27 ਅਪ੍ਰੈਲ 2026 ਨੂੰ ਰਿਲੀਜ਼ ਕਰਨ ਦੀ ਯੋਜਨਾ ਸੀ। ਇਸ ਵਿਚ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਹੋਰ ਕਈ ਗੰਭੀਰ ਅਪਰਾਧਿਕ ਘਟਨਾਵਾਂ ਦਾ ਹਵਾਲਾ ਦਿੱਤਾ ਗਿਆ ਹੈ।
ਸਾਈਬਰ ਕ੍ਰਾਈਮ ਦੇ ਸਪੈਸ਼ਲ ਡੀਜੀਪੀ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਸ ਵੈੱਬ ਸੀਰੀਜ਼ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਅਪਰਾਧਿਕ ਵਾਰਦਾਤਾਂ ਨੂੰ ਦਿਖਾਇਆ ਜਾਣਾ ਹੈ। ਇਸ ਸੀਰੀਜ਼ ਵਿਚ ਇਹ ਵੀ ਦਿਖਾਇਆ ਜਾਵੇਗਾ ਕਿ ਕਿਵੇਂ ਉਹ (ਲਾਰੈਂਸ) ਇਕ ਵਿਦਿਆਰਥੀ ਆਗੂ ਤੋਂ ਅਪਰਾਧ ਦੀ ਦੁਨੀਆ ਦੇ ਸਿਖਰ ਤੱਕ ਪਹੁੰਚਿਆ। ਪੱਤਰ ’ਚ ਕਿਹਾ ਗਿਆ ਹੈ ਕਿ ਇਸ ਵੈੱਬ ਸੀਰੀਜ਼ ਨੂੰ ਲੈ ਕੇ ਸਮਾਜ ਦੇ ਵੱਖ-ਵੱਖ ਵਰਗਾਂ 'ਚ ਤਿੱਖਾ ਪ੍ਰਤੀਕਰਮ ਹੈ ਅਤੇ ਵੈੱਬ ਸੀਰੀਜ਼ ’ਚ ਅਪਰਾਧ ਨੂੰ ਵਡਿਆਇਆ ਗਿਆ ਹੈ, ਜਿਸ ਦਾ ਨੌਜਵਾਨਾਂ ’ਤੇ ਮਾੜਾ ਅਸਰ ਪਵੇਗਾ। ਪੰਜਾਬ ਦੇ ਲੋਕਾਂ ਦੇ ਇਸ ਸੀਰੀਜ਼ ਖ਼ਿਲਾਫ਼ ਰੋਸ ਵਧਣ ਨਾਲ ਸੂਬੇ ਦੀ ਕਾਨੂੰਨ ਵਿਵਸਥਾ ਪ੍ਰਭਾਵਿਤ ਹੋ ਸਕਦੀ ਹੈ। ਪੁਲਸ ਦਾ ਮੰਨਣਾ ਹੈ ਕਿ ਅਜਿਹੀ ਸਮੱਗਰੀ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਅਤੇ ਜਨਤਕ ਵਿਰੋਧ ਹੋਣ ਦਾ ਖਦਸ਼ਾ ਹੈ। ਪੁਲਸ ਨੇ ਸੂਚਨਾ ਤਕਨਾਲੋਜੀ ਐਕਟ, 2000 ਦੀ ਧਾਰਾ 69A(1) ਦੇ ਤਹਿਤ ਇਸ ਸੀਰੀਜ਼ ਅਤੇ ਇਸ ਦੇ ਟ੍ਰੇਲਰ ਨੂੰ ਗਲੋਬਲ ਪੱਧਰ 'ਤੇ ਬਲਾਕ ਕਰਨ ਦੀ ਬੇਨਤੀ ਕੀਤੀ ਹੈ।
ਪੱਤਰ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਪੁਰਾਣੇ ਹੁਕਮਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਵਿਚ ਅਪਰਾਧ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਅਤੇ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊਆਂ ਨੂੰ ਸੋਸ਼ਲ ਮੀਡੀਆ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪੁਲਸ ਦਾ ਤਰਕ ਹੈ ਕਿ ਇੰਟਰਨੈੱਟ 'ਤੇ ਅਜਿਹੀ ਪ੍ਰਭਾਵਸ਼ਾਲੀ ਵੀਡੀਓ ਸਮੱਗਰੀ ਸਮਾਜ ਦੇ ਵੱਡੇ ਹਿੱਸੇ, ਖਾਸ ਕਰਕੇ ਨੌਜਵਾਨਾਂ ਨੂੰ ਅਪਰਾਧਿਕ ਗਤੀਵਿਧੀਆਂ ਵੱਲ ਖਿੱਚ ਸਕਦੀ ਹੈ।
