ਕੈਬ ਅਤੇ ਆਟੋ ਡਰਾਈਵਰਾਂ ਦੀ ਪ੍ਰਸ਼ਾਸਨ ਨੂੰ ਵੱਡੀ ਚਿਤਾਵਨੀ, ਪੜ੍ਹੋ ਪੂਰੀ ਖ਼ਬਰ
Wednesday, Apr 15, 2026 - 01:02 PM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਦੇ ਹਜ਼ਾਰਾਂ ਕੈਬ ਤੇ ਆਟੋ ਡਰਾਈਵਰਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਟ੍ਰਾਈਸਿਟੀ ਡਰਾਈਵਰ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 25 ਅਪ੍ਰੈਲ ਤੱਕ ਐਗਰੀਗੇਟਰ ਪਾਲਿਸੀ ਰੂਲਜ਼-2025 ਤੇ ਕਿਰਾਏ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਸਖ਼ਤੀ ਨਾਲ ਲਾਗੂ ਨਾ ਕੀਤਾ ਗਿਆ ਤਾਂ ਉਹ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੇ ਸਟੇਟ ਟਰਾਂਸਪੋਰਟ ਅਥਾਰਟੀ ਦਫ਼ਤਰ ਦੇ ਬਾਹਰ ਵਿਸ਼ਾਲ ਅੰਦੋਲਨ ਕਰਨਗੇ। ਯੂਨੀਅਨ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਡਰਾਈਵਰ ਪਿਛਲੇ ਕਈ ਮਹੀਨਿਆਂ ਤੋਂ 7 ਜੁਲਾਈ 2025 ਨੂੰ ਜਾਰੀ ਕੀਤੇ ਗਏ ਕਿਰਾਇਆ ਦਰਾਂ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਅੱਗੇ ਲਗਾਤਾਰ ਬੇਨਤੀਆਂ ਕਰ ਰਹੇ ਹਨ ਪਰ ਓਲਾ, ਉਬੇਰ, ਰੈਪੀਡੋ ਅਤੇ ਇਨਡਰਾਈਵਰ ਵਰਗੀਆਂ ਐਗਰੀਗੇਟਰ ਕੰਪਨੀਆਂ ਬਿਨਾਂ ਨਿਯਮਾਂ ਦੀ ਪਾਲਣਾ ਕੀਤੇ ਆਪਣੀ ਮਨਮਰਜ਼ੀ ਨਾਲ ਕੰਮਕਾਜ ਚਲਾ ਰਹੀਆਂ ਹਨ।
ਪ੍ਰਸ਼ਾਸਨ ਦੀ ਕਥਿਤ ਢਿੱਲ ਕਾਰਨ ਇਨ੍ਹਾਂ ਕੰਪਨੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ, ਇਸ ਕਾਰਨ ਡਰਾਈਵਰਾਂ ’ਚ ਭਾਰੀ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਆਰਥਿਕ ਸ਼ੋਸ਼ਣ ਕਾਰਨ ਉਨ੍ਹਾਂ ਲਈ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ, ਰੋਜ਼ਾਨਾ ਦੇ ਖ਼ਰਚੇ ਕੱਢਣੇ ਤੇ ਬੱਚਿਆਂ ਦੀ ਸਕੂਲ ਫ਼ੀਸ ਭਰਨਾ ਅਸੰਭਵ ਹੋ ਗਿਆ ਹੈ। ਡਰਾਈਵਰਾਂ ਨੇ ਕਿਹਾ ਕਿ ਇਹ ਅੰਦੋਲਨ ਉਨ੍ਹਾਂ ਦਾ ਸ਼ੌਕ ਨਹੀਂ ਬਲਕਿ ਹੋਂਦ ਬਚਾਉਣ ਤੇ ਪਰਿਵਾਰ ਪਾਲਣ ਦੀ ਮਜ਼ਬੂਰੀ ਬਣ ਚੁੱਕਾ ਹੈ।
ਯੂਨੀਅਨ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਡਰਾਈਵਰਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਇਸ ਗੰਭੀਰ ਮਸਲੇ ਦਾ ਹੱਲ ਕੱਢਣ ਤਾਂ ਜੋ ਡਰਾਈਵਰਾਂ ਨੂੰ ਸੜਕਾਂ ’ਤੇ ਨਾ ਉਤਰਨਾ ਪਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮਾਂ ਰਹਿੰਦੇ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਹਜ਼ਾਰਾਂ ਡਰਾਈਵਰ ਸੜਕਾਂ ’ਤੇ ਇਨਸਾਫ਼ ਲਈ ਸੰਘਰਸ਼ ਕਰਨਗੇ ਤੇ ਇਸ ਅੰਦੋਲਨ ਕਾਰਨ ਪੈਦਾ ਹੋਣ ਵਾਲੇ ਹਾਲਾਤਾਂ ਦੀ ਪੂਰੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਸ਼ਾਸਨ ਦੀ ਹੋਵੇਗੀ।
