ਚੰਡੀਗੜ੍ਹ ਪੁਲਸ ਦੀ ‘ਕਵਿੱਕ ਰਿਸਪਾਂਸ ਟੀਮ’ ਨੂੰ ਮਿਲੀ ਮਜ਼ਬੂਤੀ, 55 ਨਵੇਂ ਵਾਹਨ ਬੇੜੇ ’ਚ ਸ਼ਾਮਲ

Tuesday, Apr 21, 2026 - 01:36 PM (IST)

ਚੰਡੀਗੜ੍ਹ ਪੁਲਸ ਦੀ ‘ਕਵਿੱਕ ਰਿਸਪਾਂਸ ਟੀਮ’ ਨੂੰ ਮਿਲੀ ਮਜ਼ਬੂਤੀ, 55 ਨਵੇਂ ਵਾਹਨ ਬੇੜੇ ’ਚ ਸ਼ਾਮਲ

ਚੰਡੀਗੜ੍ਹ (ਮਨਪ੍ਰੀਤ) : ਸ਼ਹਿਰ ’ਚ ਅਪਰਾਧਾਂ ’ਤੇ ਨਕੇਲ ਕੱਸਣ ਅਤੇ ਲੋਕਾਂ ਨੂੰ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚੰਡੀਗੜ੍ਹ ਪੁਲਸ ਦੇ ਬੇੜੇ ’ਚ ਸੋਮਵਾਰ ਨੂੰ 55 ਨਵੇਂ ਵਾਹਨ ਸ਼ਾਮਲ ਕੀਤੇ ਗਏ ਹਨ। ਯੂ. ਟੀ. ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਨੇ ਪੁਲਸ ਹੈੱਡਕੁਆਰਟਰ ਸੈਕਟਰ-9 ਵਿਖੇ ‘ਗਾਰਡੀਅਨਜ਼ ਆਫ਼ ਦਿ ਰੋਡ’ ਮੁਹਿੰਮ ਤਹਿਤ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਨ੍ਹਾਂ ’ਚੋਂ 25 ਨਵੇਂ ਮੋਟਰਸਾਈਕਲ ਵਿਸ਼ੇਸ਼ ਤੌਰ ’ਤੇ ਪੁਲਸ ਦੀ ‘ਕਵਿੱਕ ਰਿਸਪਾਂਸ ਟੀਮ’ (ਕਿਊ. ਆਰ. ਟੀ.) ਤੇ ਪੀ. ਸੀ. ਆਰ. ਨੂੰ ਸੌਂਪੇ ਗਏ ਤਾਂ ਜੋ ਸੰਕਟ ਕਾਲੀਨ ਸਥਿਤੀਆਂ ਦੌਰਾਨ ਮਦਦ ਪਹੁੰਚਾਉਣ ਦੇ ਸਮੇਂ ਨੂੰ ਹੋਰ ਘਟਾਇਆ ਜਾ ਸਕੇ। ਸਮਾਗਮ ’ਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਤੇ ਆਈ. ਜੀ. ਪੀ. ਪੁਸ਼ਪੇਂਦਰ ਕੁਮਾਰ ਸਮੇਤ ਕਈ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦੇ ਅਖ਼ੀਰ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਪੁਲਸ ਫੋਰਸ ਦਾ ਇਹ ਆਧੁਨਿਕੀਕਰਨ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਡੀ. ਆਈ. ਜੀ. ਰਾਜੀਵ ਰੰਜਨ ਸਿੰਘ, ਐੱਸ. ਐੱਸ. ਪੀ. (ਸੁਰੱਖਿਆ ਤੇ ਟ੍ਰੈਫਿਕ) ਸੁਮੇਰ ਪ੍ਰਤਾਪ ਸਿੰਘ, ਐੱਸ. ਐੱਸ. ਪੀ. ਕੰਵਰਦੀਪ ਕੌਰ, ਮਨਜੀਤ ਸ਼ਿਓਰਾਨ, ਗੀਤਾਂਜਲੀ ਖੰਡੇਵਾਲ, ਕੇ.ਐੱਮ. ਪ੍ਰਿਅੰਕਾ, ਅਨੁਰਾਗ ਦਾਰੂ ਸਮੇਤ ਕਈ ਹੋਰ ਸੀਨੀਅਰ ਪੁਲਸ ਅਧਿਕਾਰੀ ਵੀ ਮੌਜੂਦ ਸਨ।
ਮਹਿਜ਼ 5 ਮਿੰਟਾਂ ’ਚ ਮਿਲੇਗੀ ਪੁਲਸ ਸਹਾਇਤਾ
ਪੁਲਸ ਫਲੀਟ ’ਚ ਸ਼ਾਮਲ ਕੀਤੇ 55 ਨਵੇਂ ਵਾਹਨਾਂ ’ਚ 25 ਟੀ. ਵੀ. ਐੱਸ. ਅਪਾਚੇ, 5 ਰਾਇਲ ਐਨਫੀਲਡ ਬੁਲੇਟ, 20 ਹੌਂਡਾ ਐਕਟਿਵਾ ਸਕੂਟਰ ਤੇ 5 ਵਿਸ਼ੇਸ਼ ਵੈਨਾਂ (ਜੇਲ੍ਹ ਤੇ ਰਿਕਵਰੀ) ਸ਼ਾਮਲ ਹਨ। ਦੱਸਣਯੋਗ ਹੈ ਕਿ 6 ਮਹੀਨੇ ਯੂ. ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਵੀ 50 ਨਵੇਂ ਮੋਟਰਸਾਈਕਲ ਪੁਲਸ ਨੂੰ ਸੌਂਪੇ ਗਏ ਸਨ। ਇਸ ਤੋਂ ਪਹਿਲਾਂ ਪੁਲਸ ਕੋਲ 40 ਬਾਈਕ ਮੌਜੂਦ ਸਨ। ਹੁਣ 25 ਨਵੇਂ ਬਾਈਕ ਮਿਲਣ ਨਾਲ ਕਿਊ. ਆਰ. ਟੀ. ਕੋਲ ਕੁੱਲ 115 ਮੋਟਰਸਾਈਕਲ ਹੋ ਗਏ ਹਨ, ਇਸ ਨਾਲ ਅਪਰਾਧੀਆਂ ਦਾ ਪਿੱਛਾ ਕਰਨਾ ਤੇ ਉਨ੍ਹਾਂ ’ਤੇ ਕਾਬੂ ਪਾਉਣਾ ਹੋਰ ਵੀ ਆਸਾਨ ਹੋਵੇਗਾ। ਇਸ ਪੂਰੇ ਸਿਸਟਮ ਨੂੰ ਬੇਹੱਦ ਤੇਜ਼ ਬਣਾਇਆ ਗਿਆ ਹੈ। ਪੁਲਸ ਕੰਟਰੋਲ ਰੂਮ ’ਚ ਕਾਲ ਆਉਂਦੇ ਹੀ ਸਬੰਧਤ ਖੇਤਰ ’ਚ ਤਾਇਨਾਤ ਟੀਮ ਨੂੰ ਤੁਰੰਤ ਮੈਸੇਜ ਫਲੈਸ਼ ਕੀਤਾ ਜਾਂਦਾ ਹੈ। ਪੁਲਸ ਪ੍ਰਸ਼ਾਸਨ ਦਾ ਟੀਚਾ ਹੈ ਕਿ ਪੀੜਤ ਤੱਕ 5 ਮਿੰਟ ਦੇ ਅੰਦਰ-ਅੰਦਰ ਪੁਲਸ ਮਦਦ ਪਹੁੰਚ ਜਾਵੇ।
ਹੌਟ-ਸਪੌਟ ਖੇਤਰਾਂ ’ਚ ਰਹੇਗੀ ਤਾਇਨਾਤੀ
ਇਨ੍ਹਾਂ ਵਿਸ਼ੇਸ਼ ਟੀਮਾਂ ਦੀ ਤਾਇਨਾਤੀ ਸ਼ਹਿਰ ਦੇ ਉਨ੍ਹਾਂ ‘ਹੌਟ-ਸਪੌਟ’ ਖੇਤਰਾਂ ’ਚ ਕੀਤੀ ਜਾਵੇਗੀ, ਜਿੱਥੇ ਅਪਰਾਧਿਕ ਵਾਰਦਾਤਾਂ ਦਾ ਖ਼ਦਸ਼ਾ ਜ਼ਿਆਦਾ ਰਹਿੰਦਾ ਹੈ। ਇਨ੍ਹਾਂ ਥਾਵਾਂ ’ਚ ਭੀੜ-ਭੜੱਕੇ ਵਾਲੇ ਬਜ਼ਾਰ, ਸੰਘਣੇ ਰਿਹਾਇਸ਼ੀ ਖੇਤਰ, ਸਕੂਲ ਤੇ ਕਾਲਜਾਂ ਦੇ ਆਲੇ-ਦੁਆਲੇ ਦੇ ਖੇਤਰ ਸ਼ਾਮਲ ਹਨ। ਇਹ ਟੀਮਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋੜ ਦੇ ਹਿਸਾਬ ਨਾਲ ਆਪਣੇ-ਆਪਣੇ ਖੇਤਰਾਂ ’ਚ ਤਾਇਨਾਤ ਰਹਿਣਗੀਆਂ। ਲੋੜ ਪੈਣ ’ਤੇ ਦੂਜੀਆਂ ਟੀਮਾਂ ਵੀ ਬੈਕਅੱਪ ਲਈ ਤੁਰੰਤ ਮੌਕੇ ’ਤੇ ਪਹੁੰਚਣਗੀਆਂ।
ਸ਼ਿਫਟਾਂ ਤੇ ਮਹਿਲਾ ਪੁਲਸ ਕਰਮਚਾਰੀਆਂ ਦੀ ਰਹੇਗੀ ਅਹਿਮ ਭੂਮਿਕਾ
ਪੁਲਸ ਵੱਲੋਂ ਇਨ੍ਹਾਂ ਟੀਮਾਂ ਦੀ ਡਿਊਟੀ ਖ਼ਾਸ ਸ਼ਿਫਟਾਂ ’ਚ ਲਗਾਈ ਗਈ ਹੈ। ਨਵੀਂ ਰਣਨੀਤੀ ਤਹਿਤ ਮੋਟਰਸਾਈਕਲਾਂ ’ਤੇ ਪੁਰਸ਼ ਮੁਲਾਜ਼ਮ ਤਾਇਨਾਤ ਰਹਿਣਗੇ, ਜਦੋਂ ਕਿ ਐਕਟਿਵਾ ਸਕੂਟਰਾਂ ਦੀ ਕਮਾਨ ਮਹਿਲਾ ਪੁਲਸ ਮੁਲਾਜ਼ਮਾਂ ਦੇ ਹੱਥ ਹੋਵੇਗੀ। ਮਹਿਲਾ ਕਰਮਚਾਰੀਆਂ ਦੀ ਡਿਊਟੀ ਵਿਸ਼ੇਸ਼ ਤੌਰ ’ਤੇ ਦਿਨ ਦੇ ਸਮੇਂ ਰੱਖੀ ਗਈ ਹੈ। ਚੰਡੀਗੜ੍ਹ ਸਮੇਤ ਪੂਰੇ ਟ੍ਰਾਈਸਿਟੀ ’ਚ ਕੀਤਾ ਗਿਆ ਇਹ ਤਜ਼ਰਬਾ ਕਾਫੀ ਕਾਮਯਾਬ ਸਾਬਤ ਹੋ ਰਿਹਾ ਹੈ।


author

Babita

Content Editor

Related News