ਭਾਜਪਾ ਸਰਕਾਰ ਬਣਨ ''ਤੇ ਪੰਜਾਬ ''ਚ ਵੀ ਲਾਗੂ ਕੀਤੀਆਂ ਜਾਣਗੀਆਂ ਹਰਿਆਣਾ ਦੀਆਂ ਸਕੀਮਾਂ: CM ਨਾਇਬ ਸੈਣੀ

Wednesday, Sep 16, 2026 - 07:13 PM (IST)

ਭਾਜਪਾ ਸਰਕਾਰ ਬਣਨ ''ਤੇ ਪੰਜਾਬ ''ਚ ਵੀ ਲਾਗੂ ਕੀਤੀਆਂ ਜਾਣਗੀਆਂ ਹਰਿਆਣਾ ਦੀਆਂ ਸਕੀਮਾਂ: CM ਨਾਇਬ ਸੈਣੀ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹਲਕਾ ਗੁਰੂਹਰਸਹਾਏ ਅੰਦਰ ਪੈਂਦੇ ਪਿੰਡ ਬਾਜੇ ਕੇ ਵਿਖੇ ਬਣੇ ਧੰਨ ਧੰਨ ਬਾਬਾ ਰਾਮ ਥੰਮਨ ਜੀ ਮਹਾਰਾਜ ਦੇ ਡੇਰੇ ਵਿਚ ਨਤਮਸਤਕ ਹੋਏ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਨੀ ਜੋ ਕਿ ਹੈਲੀਕਾਪਟਰ ਰਾਹੀਂ ਹਲਕਾ ਗੁਰੂਹਰਸਹਾਏ ਪਹੁੰਚੇ। ਉਨ੍ਹਾਂ ਦਾ ਹੈਲੀਕਾਪਟਰ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਸਥਿਤ ਸਰਕਾਰੀ ਕਾਲਜ ਹੈਲੀਪੈਡ ਤੇ ਲੈਂਡ ਕੀਤਾ ਤੇ ਉਸ ਤੋਂ ਬਾਅਦ ਉਹ ਆਪਣੇ ਕਾਫਲੇ ਨਾਲ ਧੰਨ ਧੰਨ ਬਾਬਾ ਰਾਮ ਥਮਨ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਡੇਰੇ ਪਹੁੰਚੇ। 

ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਹਲਕਾ ਗੁਰੂਹਰਸਹਾਏ ਦੇ ਪਿੰਡ ਬਸਤੀ ਰੁਕਣੇ ਵਾਲੀ ਵਿਚ ਆਪਣੇ ਭਾਜਪਾ ਦੇ ਪੁਰਾਣੇ ਵਰਕਰ ਸਾਥੀ ਰਜਨੀਸ਼ ਕੁਮਾਰ ਨੀਸ਼ੂ ਕੰਬੋਜ ਵੱਲੋਂ ਆਪਣੇ ਗ੍ਰਹਿ ਸਥਾਨ ਵਿਚ ਰੱਖੇ ਗਏ ਪ੍ਰੋਗਰਾਮ ਵਿਚ ਪਹੁੰਚੇ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਕਾਰਨ ਨੌਜਵਾਨ ਪੀੜ੍ਹੀ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅੰਦਰ ਇਸ ਵਕਤ ਬੇਰੁਜ਼ਗਾਰੀ ਵੀ ਬਹੁਤ ਹੈ।  ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ 2027 ਵਿਚ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ। ਨਾਇਬ ਸੈਨੀ ਨੇ ਕਿਹਾ ਕਿ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ 1500 ਰੁਪਏ ਦਿੰਦੀ ਹੈ, ਤੇ ਹਰਿਆਣਾ ਸਰਕਾਰ 2100 ਰੁਪਏ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ ਵੀ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਹ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਤੇ ਸਾਰੀਆਂ ਸੁੱਖ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ। 

ਸੈਣੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਸ ਦੇਸ਼ ਨੂੰ ਬਦਲਣ ਦਾ ਕੰਮ ਕੀਤਾ ਹੈ। ਜਿਹੜੇ ਅੱਤਵਾਦੀ ਜੰਮੂ ਕਸ਼ਮੀਰ ਚ ਆਉਂਦੇ ਸਨ ਉਹ ਅੱਤਵਾਦੀ ਖ਼ਤਮ ਹੋ ਗਏ ਹਨ ਤੇ ਅੱਜ ਲੋਕਾਂ ਵਿਚ ਕੋਈ ਡਰ ਖ਼ੌਫ਼ ਨਹੀਂ ਰਿਹਾ। ਅੱਜ ਪਾਕਿਸਤਾਨ 'ਚੋਂ ਕੋਈ ਵੀ ਅੱਤਵਾਦੀ ਭਾਰਤ ਦੀ ਧਰਤੀ 'ਤੇ ਨਹੀਂ ਆ ਸਕਦਾ, ਜੇਕਰ ਆਉਂਦਾ ਹੈ ਤਾਂ ਉਹ ਆਪਣੇ ਪੈਰਾਂ ਤੇ ਵਾਪਸ ਨਹੀਂ ਜਾਂਦਾ, ਉਨ੍ਹਾਂ ਨੂੰ ਖ਼ਤਮ ਕਰਨ ਲਈ ਸਾਡੇ ਬਹਾਦਰ ਜਵਾਨ ਹਰ ਵੇਲੇ ਤਿਆਰ ਰਹਿੰਦੇ ਹਨ। ਰਜਨੀਸ਼ ਕੁਮਾਰ ਨੀਸ਼ੂ ਕੰਬੋਜ ਵੱਲੋਂ ਮੁੱਖ ਮੰਤਰੀ ਨਾਇਬ ਸੈਨੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਬੋਹਰ ਦੇ ਵਿਧਾਇਕ ਸੰਦੀਪ ਜਾਖੜ , ਸੁਖਵਿੰਦਰ ਕਾਕਾ ਕੰਬੋਜ, ਸੁਰਿੰਦਰ ਪਾਲ ਸਿੰਘ ਤੇ ਹੋਰ ਵਰਕਰ ਵੀ ਹਾਜ਼ਰ ਸਨ।


author

Anmol Tagra

Content Editor

Related News